ਜਗਤਾਰ ਸਿੰਘ ਸਿੱਧੂ;
ਸਾਡੇ ਮੁਲਕ ਵਿੱਚ ਗਰੀਬਾਂ ਨੂੰ ਜਿਉਂਦੇ ਰੱਖਣ ਲਈ ਅਨਾਜ ਮੁਫਤ ਦੇਣ ਦੇ ਨੇਤਾ ਬਹੁਤ ਵੱਡੇ ਦਾਅਵੇ ਕਰਦੇ ਹਨ ਪਰ ਗਰੀਬ ਦੀ ਔਰਤ ਅਤੇ ਉਸ ਦੇ ਬੱਚਿਆਂ ਨੂੰ ਸਮਾਜ ਵਿੱਚ ਸਨਮਾਨ ਵਾਲ਼ੀ ਜਿੰਦਗੀ ਜਿਊਣ ਦੀ ਗਾਰੰਟੀ ਅਜ਼ਾਦੀ ਦੇ 75 ਸਾਲ ਬੀਤ ਜਾਣ ਬਾਅਦ ਵੀ ਕਿਉਂ ਨਹੀਂ ਮਿਲੀ? ਇਸ ਦੀ ਤਾਜ਼ਾ ਮਿਸਾਲ ਲੁਧਿਆਣਾ ਵਿੱਚ ਗਰੀਬ ਪਰਿਵਾਰ ਦੀ ਮਾਂ ਸਮੇਤ ਉਸ ਦੀਆਂ ਤਿੰਨ ਧੀਆਂ ਅਤੇ ਪੁੱਤਰ ਦਾ ਮੂੰਹ ਕਾਲਾ ਕਰਕੇ -ਮੈਂ ਚੋਰ ਹਾਂ- ਦੀਆਂ ਤਖ਼ਤੀਆਂ ਗਲਾਂ ਵਿੱਚ ਲਟਕਾਕੇ ਸ਼ਹਿਰ ਦੀਆਂ ਗਲੀਆਂ ਵਿੱਚ ਘੁਮਾਇਆ ਗਿਆ। ਉਨ੍ਹਾਂ ਦੇ ਪਿੱਛੇ-ਪਿੱਛੇ ਤਮਾਸ਼ਬੀਨ ਖੱਪ ਕਰਦੇ ਜਾ ਰਹੇ ਸਨ। ਅਜਿਹਾ ਉਸ ਮੁਲਕ ਵਿੱਚ ਹੋ ਰਿਹਾ ਹੈ ਜਿਸ ਦੇ ਨੇਤਾ ਔਰਤਾਂ ਦੇ ਸਸ਼ਕਤੀਕਰਣ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ। ਗਰੀਬ ਦੇ ਸਿਰ ਤੇ ਰਹਿਣ ਲਈ ਛੱਤ ਮੁਹਈਆ ਕਰਨ ਦੇ ਦਾਅਵੇ ਮੁਲਕ ਦੇ ਹਾਕਮਾਂ ਵੱਲੋਂ ਇਕ ਦੂਜੇ ਨਾਲੋਂ ਵੱਡੇ ਕੀਤੇ ਜਾਂਦੇ ਹਨ ਪਰ ਗਰੀਬ ਦੀ ਮਾਂ ਨੂੰ ਬੱਚਿਆਂ ਸਮੇਤ ਬੇਆਬਰੂ ਕਰਕੇ ਮਾਰਚ ਕਰਵਾਉਣ ਦਾ ਕਲੰਕ ਕੇਵਲ ਕੁਝ ਗਿਣੇ ਚੁਣੇ ਲੋਕਾਂ ਉੱਤੇ ਥੋਪਕੇ ਨਿਆਂ ਦੇਣ ਦੇ ਸੋਹਲੇ ਗਾਉਣ ਵਾਲੇ ਤਾੜੀਆਂ ਵਜਾਉਣਗੇ। ਜਿਹੜੇ ਮਸੂਮਾਂ ਦੇ ਗਲ ਵਿੱਚ ਚੋਰ ਵਾਲੀ ਤਖ਼ਤੀ ਪਾਕੇ ਕਾਲਾ ਮੂੰਹ ਕਰਕੇ ਘੁਮਾਇਆ ਗਿਆ ਉਹ ਤਾਂ ਦੋਸ਼ੀ ਵੱਲ ਸਿਰ ਉਚਾ ਕਰਕੇ ਦੇਖਣ ਯੋਗੇ ਵੀ ਨਹੀਂ। ਹਾਂ ਨਿਆਂ ਦੇਣ ਵਾਲੇ ਪੂਰੇ ਦਮ ਨਾਲ ਬੋਲ ਰਹੇ ਹਨ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਹਿਮੀ ਮਾਂ ਆਪਣੀਆਂ ਧੀਆਂ ਨੂੰ ਬੁੱਕਲ ਵਿੱਚ ਲੈਕੇ ਡੌਰ ਭੌਰ ਹੋਈ ਭੀੜ ਵੱਲ ਵੇਖ ਰਹੀ ਹੈ। ਉਸ ਨੂੰ ਸਮਝ ਨਹੀਂ ਲੱਗ ਰਹੀ ਕਿ ਕੌਣ ਆਪਣਾ ਅਤੇ ਕੌਣ ਪਰਾਇਆ ਹੈ। ਕੌਣ ਹਨ ਇਹ ਲੋਕ? ਕਦੇ ਗਰੀਬੀ ਦੇ ਨਾਂ ਉੱਤੇ ਘਰ ਵਿਚ ਆਟਾ ਚਾਵਲ ਦੇਣ ਆਉਦੇ ਹਨ। ਕਦੇ ਮੂੰਹ ਕਾਲਾ ਕਰਕੇ ਘੁੰਮਾਉਣ ਵਾਲਿਆਂ ਤੇ ਪਰਦਾ ਪਾਉਂਦੇ ਹਨ। ਕਦੇ ਮੂੰਹ ਦੀ ਕਾਲਖ ਧੋ ਕੇ ਨਿਆਂ ਦੀ ਗੱਲ ਕਰਦੇ ਹਨ। ਉਹ ਗੁਰਬਤ ਦੀ ਮਾਰੀ ਆਪਣੇ ਬੱਚਿਆਂ ਨੂੰ ਪਾਲਣ ਲਈ ਪਤਾ ਨਹੀਂ ਉਸ ਦਾ ਮੂੰਹ ਕਾਲਾ ਕਰਨ ਦੀ ਤਾਕ ਵਿਚ ਕਿੰਨੇ ਦਰਿੰਦਿਆਂ ਤੋਂ ਬਚਦੀ ਰਹੀ! ਪਰ ਹੁਣ ਇਹ ਗ਼ਰੀਬਣੀ ਮਾਂ ਅਤੇ ਧੀਆਂ ਚੌਰਾਹੇ ਵਿਚ ਕਾਲੇ ਮੂੰਹਾਂ ਨਾਲ ਖੜ੍ਹੀਆਂ ਭੀੜ ਤੋ ਬਚਦੀਆਂ ਨੀਵੀਂ ਪਾਈ ਖੜ੍ਹੀ ਹੈ? ਇਸ ਚੁੱਪੀ ਦਾ ਜਵਾਬ ਕੌਣ ਦੇਵੇਗਾ? ਉਸ ਵਰਗੀਆਂ ਮਾਵਾਂ ਧੀਆਂ ਦਾ ਕਦੋਂ ਤੱਕ ਮੂੰਹ ਕਾਲਾ ਹੁੰਦਾ ਰਹੇਗਾ।
ਕਹਿੰਦੇ ਨੇ ਇਸ ਗਰੀਬ ਮਾਂ ਦਾ ਪੁੱਤ ਕਪੜੇ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਉਪਰ ਕਪੜਾ ਚੋਰੀ ਕਰਨ ਦਾ ਦੋਸ਼ ਸੀ। ਮੁੰਡਾ ਚੋਰੀ ਮੰਨ ਵੀ ਗਿਆ ਪਰ ਮਾਲਕ ਸਜ਼ਾ ਤਾਂ ਆਪ ਤੈਅ ਕਰਦਾ ਹੈ। ਗਰੀਬ ਮਾਂ ਕਿਹੜੀ ਨੇਤਾ ਹੈ ਜਿਹੜੀ ਇਹ ਆਖ ਦਿੰਦੀ ਕਿ ਰਾਜਸੀ ਬਦਲਾਖੋਰੀ ਦੀ ਭਾਵਨਾ ਨਾਲ ਉਸ ਦਾ ਮੂੰਹ ਕਾਲਾ ਹੋਇਆ ਹੈ। ਫਿਰ ਨਿਆਂ ਦੀ ਉਮੀਦ ਤਾਂ ਉਸ ਨੂੰ ਵੀ ਰਹੇਗੀ ਕਿਉਂ ਜੋ ਨਿਆਂ ਦੇਣ ਵਾਲੇ ਤਾਂ ਔਰਤਾਂ ਦੇ ਮੱਥੇ ਉਤੇ ਚੋਰਨੀਆਂ ਲਿਖ ਕੇ ਮਿਟਾ ਦਿੰਦੇ ਹਨ।
ਸੰਪਰਕ: 9814002186