ਲੁਧਿਆਣਾ: ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਮੁਤਾਬਕ ਚੌਕੀਮਾਨ ਦੇ ਤਬਲੀਗੀ ਜਮਾਤ ਦੇ 55 ਸਾਲਾ ਜਮਾਤੀ ਦਾ 15 ਸਾਲਾ ਭਤੀਜਾ ਪਾਜ਼ਿਟਿਵ ਪਾਇਆ ਗਿਆ ਹੈ। ਇਹ ਲੜਕਾ ਆਪਣੇ ਚਾਚੇ ਦੇ ਘਰ ਤੋਂ ਛੇ ਕਿਲੋਮੀਟਰ ਦੂਰ ਗੂੜੇ ਰੋਡ ‘ਤੇ ਰਹਿੰਦਾ ਹੈ।
ਸਿਹਤ ਵਿਭਾਗ ਦੀ ਟੀਮ 6 ਅਪ੍ਰੈਲ ਨੂੰ ਉਸ ਨੂੰ ਸ਼ੱਕ ਦੇ ਆਧਾਰ ‘ਤੇ ਲੈ ਕੇ ਗਈ ਸੀ ਤੇ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉੱਥੇ ਦੂਜੇ ਪਾਸੇ ਗਣੇਸ਼ ਨਗਰ ਦੇ 24 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਸੀਐੱਮਓ ਡਾ. ਰਾਜੇਸ਼ ਨੇ ਦੋਵਾਂ ਮਰੀਜ਼ਾਂ ਬਾਰੇ ਪੁਸ਼ਟੀ ਕਰਦਿਆਂ ਕਿਹਾ ਕਿ ਤਬਲੀਗੀ ਜਮਾਤੀ ਦੇ ਵਾਪਸ ਪਰਤਣ ਮਗਰੋਂ ਇਹ ਨੌਜਵਾਨ ਕੋਰੋਨਾ ਦੀ ਲਪੇਟ ‘ਚ ਆਇਆ ਹੈ।
ਉੱਥੇ ਹੀ ਤਾਜ਼ਾ ਮਿਲੀ ਜਾਣਕਾਰੀ ਮੁਤਾਬਕ 3 ਕੋਰੋਨਾ ਦੀ ਸ਼ੱਕੀ ਮਹਿਲਾਵਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ‘ਚ ਦੋ ਮਹਿਲਾਵਾਂ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਭਰਤੀ ਸਨ ਜਦਕਿ ਇੱਕ ਦੀ ਮੌਤ ਨਿੱਜੀ ਹਸਪਤਾਲ ‘ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ‘ਚ ਕੋਰੋਨਾ ਦੇ ਲੱਛਣ ਪਏ ਗਏ ਸਨ। ਫਿਲਹਾਲ ਤਿੰਨੇ ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ।
ਦੱਸਣਯੋਗ ਹੈ ਕਿ ਹੁਣ ਤਕ ਲੁਧਿਆਣਾ ‘ਚ ਕੁੱਲ 8 ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ ਤੇ ਇਨ੍ਹਾਂ ਵਿਚੋਂ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ।