ਜਗਤਾਰ ਸਿੰਘ ਸਿੱਧੂ;
ਲੁਧਿਆਣਾ ਵਿਧਾਨ ਸਭਾ ਹਲਕੇ ਦੀ ਉੱਪ ਚੋਣ ਲਈ ਵੀਰਵਾਰ ਭਲਕੇ ਵੋਟਾਂ ਪੈਣਗੀਆਂ । ਕਿਹਾ ਜਾ ਸਕਦਾ ਹੈ ਕਿ ਐਨੇ ਦਿਨ ਜੋ ਰਾਜਸੀ ਘਮਸਾਨ ਪਿਆ ਅਤੇ ਨੇਤਾਵਾਂ ਵਲੋਂ ਵੋਟਰਾਂ ਲਈ ਜੋ ਕੁਝ ਪਰੋਸਿਆ ਗਿਆ, ਵੋਟਰਾਂ ਦਾ ਜਵਾਬ ਦੇਣ ਦਾ ਸਮਾਂ ਆ ਗਿਆ ਹੈ । ਇਸ ਤਰ੍ਹਾਂ ਉਹ ਵੋਟਰਾਂ ਲਈ ਫੈਸਲਾ ਲੈਣ ਦੀ ਘੜੀ ਆ ਗਈ ਹੈ । ਇਹ ਜਰੂਰ ਹੈ ਕਿ ਵੋਟਰ ਦਾ ਫੈਸਲਾ ਮਸ਼ੀਨਾਂ ਵਿੱਚ ਬੰਦ ਹੋ ਜਾਵੇਗਾ ਅਤੇ ਤੇਈ ਜੂਨ ਨੂੰ ਵੋਟਾਂ ਦੀ ਗਿਣਤੀ ਕਰਕੇ ਫੈਸਲਾ ਸੁਣਾਇਆ ਜਾਏਗਾ । ਪੰਜਾਬ ਦੀ ਆਰਥਿਕ ਰਾਜਧਾਨੀ ਵਜੋਂ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦੇ ਵੋਟਰਾਂ ਦਾ ਫਤਵਾ ਸੀਟ ਦੇ ਲੋਕਾਂ ਲਈ ਜਿੱਤ ਹਾਰ ਦੇ ਰੂਪ ਵਿੱਚ ਤਾਂ ਅਹਿਮ ਹੈ ਹੀ ਸਗੋਂ ਪੰਜਾਬ ਲਈ ਵੀ ਰਾਜਸੀ ਤੌਰ ਉੱਤੇ ਇਸ ਦੀ ਬਹੁਤ ਅਹਿਮੀਅਤ ਰਹੇਗੀ। ਇਹ ਵੱਡਾ ਕਾਰਨ ਹੈ ਜਿਸ ਕਰਕੇ ਸਾਰੀਆਂ ਸਿਆਸੀ ਧਿਰਾਂ ਨੇ ਸੀਟ ਜਿੱਤਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ ।
ਪੰਜਾਬ ਦੀਆਂ ਮੁਕਾਬਲੇ ਵਿਚ ਉਤਰੀਆਂ ਰਾਜਸੀ ਧਿਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਚਹੁ ਕੌਣੀ ਮੁਕਾਬਲੇ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਸਲ ਵਿੱਚ ਮੁੱਖ ਟੱਕਰ ਆਪ ਅਤੇ ਕਾਂਗਰਸ ਵਿਚਾਲੇ ਬਣਦੀ ਨਜ਼ਰ ਆ ਰਹੀ ਹੈ । ਇਹ ਜਰੂਰ ਹੈ ਕਿ ਭਾਜਪਾ ਆਗੂ ਅਤੇ ਕੇਂਦਰੀ ਕੈਬਨਿਟ ਮੰਤਰੀ ਰਵਨੀਤ ਬਿੱਟੂ ਨੇ ਭਾਜਪਾ ਨੂੰ ਮੁਕਾਬਲੇ ਵਿੱਚ ਖੜਾ ਕਰਨ ਦੀ ਕੋਈ ਕਸਰ ਨਹੀਂ ਛੱਡੀ । ਇਸੇ ਤਰ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਪਾਰਟੀ ਦੇ ਕਲੇਸ਼ ਬਾਅਦ ਇਹ ਪਹਿਲਾ ਇਮਤਿਹਾਨ ਹੈ ।ਅਕਾਲੀ ਦਲ ਅਤੇ ਭਾਜਪਾ ਵਿਚੋਂ ਜਿੱਤ ਜਾਂ ਹਾਰ ਦੀ ਸਥਿਤੀ ਵਿੱਚ ਕੌਣ ਵੋਟਾਂ ਵਧੇਰੇ ਲੈਕੇ ਜਾਂਦਾ ਹੈ? ਇਹ ਅੰਕੜਾ ਪੰਜਾਬ ਦੀ ਰਾਜਨੀਤੀ ਦੇ ਨਾਲ ਨਾਲ ਦੋਹਾਂ ਧਿਰਾਂ ਦੇ ਭਵਿੱਖ ਵਿੱਚ ਸਾਂਝ ਦੇ ਮੁੱਦੇ ਲਈ ਵੀ ਅਹਿਮ ਰਹੇਗਾ। ਜਦੋਂ ਅਕਾਲੀ ਦਲ ਦਾ ਜ਼ਿਕਰ ਹੋਵੇ ਤਾਂ ਇੱਕ ਹੋਰ ਧਿਰ ਅਕਾਲੀ ਦਲ ਦੀ ਭਰਤੀ ਕਰ ਰਹੀ ਧਿਰ ਲਈ ਵੀ ਅਹਿਮ ਹੈ । ਅੱਜ ਵੀ ਭਰਤੀ ਲਈ ਬਣੀ ਕਮੇਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਮੁੜ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਿਸੇ ਸੂਰਤ ਵਿੱਚ ਪ੍ਰਵਾਨ ਨਹੀਂ ਹੋਵੇਗੀ।
ਹਾਕਮ ਧਿਰ ਲਈ ਅਸਲ ਵਿੱਚ ਇਹ ਸਭ ਤੋਂ ਵੱਡਾ ਇਮਤਿਹਾਨ ਹੈ। ਪਹਿਲਾ ਅਹਿਮ ਕਾਰਨ ਤਾਂ ਇਹ ਹੈ ਕਿ ਸੀਟ ਹੀ ਆਪ ਦੇ ਵਿਧਾਇਕ ਦੀ ਮੌਤ ਹੋਣ ਕਾਰਨ ਖਾਲੀ ਹੋਈ ਹੈ। ਦੂਜਾ ਵੱਡਾ ਕਾਰਨ ਆਪ ਦੀ ਸਰਕਾਰ ਹੈ । ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪੂਰੀ ਪਾਰਟੀ ਅਤੇ ਸਰਕਾਰ ਇਕਜੁੱਟ ਹੋਕੇ ਚੋਣ ਲੜ ਰਹੀ ਸੀ, ਉਸ ਮੁਹਿੰਮ ਦਾ ਕੋਈ ਮੁਕਾਬਲਾ ਨਹੀਂ ਸੀ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜੋੜੀ ਦੀ ਅਗਵਾਈ ਹੇਠ ਲੜੇ ਜਾ ਰਹੇ ਨਸ਼ਿਆਂ ਵਿਰੁੱਧ ਯੁੱਧ ਦਾ ਨਤੀਜਾ ਆਉਣ ਵਿੱਚ ਤਾਂ ਅਜੇ ਦੇਰੀ ਹੋ ਸਕਦੀ ਹੈ ਪਰ ਜੋੜੀ ਦੀ ਅਗਵਾਈ ਹੇਠ ਲੜੇ ਚੋਣ ਯੁੱਧ ਦਾ ਨਤੀਜਾ ਤਾਂ ਕੁਝ ਦਿਨ ਬਾਅਦ ਹੀ ਜਾਣੀ ਕਿ 23 ਜੂਨ ਨੂੰ ਆ ਰਿਹਾ ਹੈ।
ਸੰਪਰਕ 9814002186