ਕਿਸਾਨਾਂ ਲਈ ਮੁੱਲਵਾਨ ਜਾਣਕਾਰੀ – ਕਿੰਨੂ ਦੀ ਸੁਚੱਜੇ ਤਰੀਕੇ ਨਾਲ ਤੁੜਾਈ ਅਤੇ ਸਾਂਭ-ਸੰਭਾਲ ਕਿਵੇਂ ਕਰੀਏ

TeamGlobalPunjab
6 Min Read

-ਕ੍ਰਿਸ਼ਨ ਕੁਮਾਰ, ਸੁਭਾਸ਼ ਚੰਦਰ ਅਤੇ ਪੀ.ਕੇ. ਅਰੋੜਾ

ਕਿੰਨੂ ਨੂੰ ਪੰਜਾਬ ਵਿੱਚ ਫ਼ਲਾਂ ਦੇ ਰਾਜੇ ਦਾ ਦਰਜਾ ਹਾਸਲ ਹੈ। ਇਸ ਸਮੇਂ ਪੰਜਾਬ ਵਿੱਚ ਬਾਗਬਾਨੀ ਹੇਠ ਕੁੱਲ 90, 466 ਹੈਕਟੇਅਰ ਰਕਬਾ ਹੈ ਅਤੇ ਇਸ ਰਕਬੇ ਵਿੱਚੋਂ ਸਿਰਫ ਕਿੰਨੂ ਹੇਠ 54,243 ਹੈਕਟੇਅਰ ਰਕਬਾ ਹੈ ਜੋ ਕਿ ਕੁੱਝ ਫ਼ਲਾਂ ਹੇਠ ਰਕਬੇ ਦਾ 60 ਪ੍ਰਤੀਸ਼ਤ ਬਣਦਾ ਹੈ। ਇਸ ਫ਼ਲ ਦੇ ਬਣ ਤੋਂ ਲੈ ਕੇ ਤੁੜਾਈ ਤੱਕ ਤਕਰੀਬਨ 10 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਕਿੰਨੂ ਦੀ ਤੁੜਾਈ, ਫ਼ਲ ਦਾ ਪੂਰਾ ਅਕਾਰ ਬਣ ਜਾਣ ਤੋਂ ਇਲਾਵਾ ਛਿਲਕੇ ਦਾ ਪੂਰਾ ਰੰਗ ਅਤੇ ਅੰਦਰੂਨੀ ਭਾਗ ਦੀ ਪੂਰੀ ਗੁਣਵੱਤਾ ਉਤਪੰਨ ਹੋਣ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ। ਵਿਗਿਆਨਿਕ ਤੌਰ ਤੇ ਇਸ ਦੀ ਤੁੜਾਈ ਕਰਨ ਸਮੇਂ ਬੂਟਿਆਂ ਦੇ ਘੇਰੇ ਤੇ ਲੱਗੇ ਫ਼ਲਾਂ ਵਿੱਚ ਮਿਠਾਸ ਅਤੇ ਖਟਾਸ ਦਾ ਮਾਦਾ 14:1 ਅਤੇ ਬੂਟਿਆਂ ਦੇ ਅੰਦਰ ਲੱਗੇ ਫ਼ਲਾਂ ਵਿੱਚ 12:1 ਹੋਣਾ ਚਾਹੀਦਾ ਹੈ। ਪਰ ਇਹ ਸਥਿਤੀ ਸਿਰਫ਼ ਅੱਧ ਜਨਵਰੀ ਤੋਂ ਅੱਧ ਫਰਵਰੀ ਦੇ ਸਮੇਂ ਦੌਰਾਨ ਹੀ ਆਉਂਦੀ ਹੈ । ਇਸ ਲਈ ਇਹ ਸਮਾਂ ਕਿੰਨੂ ਦੀ ਸਭ ਤੋਂ ਉਤਮ ਗੁਣਵਤਾ ਦੇ ਫ਼ਲ ਲੈਣ ਲਈ ਸਭ ਤੋਂ ਢੁਕਵਾਂ ਹੈ ।
ਕਿੰਨੂ ਦੀ ਸੁਚੱਜੇ ਤਰੀਕੇ ਨਾਲ ਤੁੜਾਈ ਲਈ ਨੁਕਤੇ:

• ਕਿੰਨੂ ਦੇ ਫ਼ਲਾਂ ਨੂੰ ਪੱਕਣ ਤੋਂ ਬਾਅਦ ਹੀ ਤੋੜਿਆ ਜਾਂਦਾ ਹੈ, ਕਿਉਕਿ ਤੁੜਾਈ ਉਪਰੰਤ ਫਲਾਂ ਦੀ ਗੁਣਵੱਤਾ ਵਿੱਚ ਕੋਈ ਸੁਧਾਰ ਨਹੀ ਹੁੰਦਾ।
• ਤੁੜਾਈ ਅਤੇ ਤੁੜਾਈ ਉਪਰੰਤ ਫਲਾਂ ਦੀ ਪੂਰੀ ਸਾਂਭ-ਸੰਭਾਲ ਰਖੱਣੀ ਚਾਹੀਦੀ ਹੈ।
• ਤੁੜਾਈ ਸਵੇਰ ਵੇਲੇ ਹੀ ਕਰਨੀ ਚਾਹੀਦੀ ਹੈ ਪਰ ਧਿਆਨ ਰੱਖੋ ਕਿ ਫ਼ਲਾਂ ਉਤੇ ਤਰੇਲ ਆਦਿ ਨਾ ਪਈ ਹੋਵੇ।
• ਫ਼ਲਾਂ ਨੂੰ ਕਦੇ ਵੀ ਹੱਥ ਨਾਲ ਖਿੱਚ ਕੇ ਨਹੀਂ ਤੋੜਨਾ ਚਾਹੀਦਾ। ਅਜਿਹਾ ਕਰਨ ਨਾਲ ਫ਼ਲ ਦਾ ਡੰਡੀ ਵਾਲੇ ਸਿਰੇ ਤੋਂ ਛਿਲਕਾ ਫਟ ਜਾਂਦਾ ਹੈ ਅਤੇ ਫਲਾਂ ਦੀ ਭੰਡਾਰਣ ਮਿਆਦ ਘੱਟ ਜਾਂਦੀ ਹੈ।
• ਫ਼ਲਾਂ ਨੂੰ ਕਿੰਨੂ ਕੱਟਣ ਵਾਲੀ ਕੈਂਚੀ ਨਾਲ ਹੀ ਕੱਟਣਾ ਚਾਹੀਦਾ ਹੈ। ਫ਼ਲ ਨੂੰ ਸਿਰਫ਼ ਬਟਨ ਸਮੇਤ ਹੀ ਕੱਟਣਾ ਚਾਹੀਦਾ ਹੈ।
• ਕੁਝ ਬਾਗਵਾਨ ਤੁੜਾਈ ਵੇਲੇ ਫਲਾਂ ਦੀ ਡੰਡੀ ਨੂੰ ਤਾਜੇਪਨ ਦੀ ਨਿਸ਼ਾਨੀ ਸਮਝਦੇ ਹੋਏ ਕਿਨੂੰ ਡੰਡੀ ਸਮੇਤ ਤੋੜਦੇ ਹਨ ਕਿਉਂਕਿ ਡੰਡੀਆਂ ਕਾਰਣ ਆਵਾਜਾਈ ਸਮੇਂ ਆਲੇ-ਦੁਆਲੇ ਦੇ ਫ਼ਲਾਂ ਵਿੱਚ ਮੋਰੀਆਂ ਹੋ ਜਾਂਦੀਆਂ ਹਨ ਅਤੇ ਫ਼ਲ ਖ਼ਰਾਬ ਹੋ ਜਾਂਦੇ ਹਨ।
• ਫ਼ਲਾਂ ਨੂੰ ਕੈਂਚੀ ਨਾਲ ਕੱਟਣ ਉਪਰੰਤ ਥੱਲੇ ਨਹੀ ਸੁੱਟਣਾ ਚਾਹੀਦਾ ਸਗੋ ਨਾਲ ਕੱਪੜੇ ਦੀਆਂ ਝੋਲੀਆਂ ਵਿੱਚ ਪਾਉਣਾ ਚਾਹੀਦਾ ਹੈ।
• ਇਸ ਵਿਧੀ ਨਾਲ ਤੌੜੇ ਫਲਾਂ ਨੂੰ ਪਲਾਸਟਿਕ ਦੀਆਂ ਕਰੇਟਾ ਵਿੱਚ ਪੌਦਿਆਂ ਦੀ ਛਾਂਵੇ ਰੱਖ ਕੇ ਹੀ ਅੱਗੇ ਦੇ ਕੰਮ ਕਰਨੇ ਚਾਹੀਦੇ ਹਨ ਕਿਉਂਕਿ ਧੁੱਪੇ ਰੱਖੇ ਫ਼ਲਾਂ ਦਾ ਤਾਪਮਾਨ ਛਾਂਵੇ ਰੱਖੇ ਫ਼ਲਾਂ ਨਾਲੋਂ ਵੱਧ ਸਕਦਾ ਹੈ ਅਤੇ ਫ਼ਲਾਂ ਦੀ ਤਰੋਖ਼ਤਾਜਾ ਰਹਿਣ ਦੀ ਸਮਰੱਥਾ ਵੱਧ ਸਕਦੀ ਹੈ।

ਫ਼ਲਾਂ ਉਪਰ ਮੋਮ ਚੜਾਉਣਾ
ਤੁੜਾਈ ਤੋਂ ਬਾਅਦ ਫ਼ਲਾਂ ਦੀ ਸਾਫ ਸਫਾਈ ਦੌਰਾਨ ਫ਼ਲਾਂ ਉਪਰੋਂ ਕੁਦਰਤੀ ਮੋਮ ਲਹਿ ਜਾਂਦੀ ਹੈ,ਜਿਸ ਨਾਲ ਫ਼ਲਾਂ ਦੀ ਭੰਡਾਰਨ ਮਿਆਦ ਘੱਟ ਜਾਂਦੀ ਹੈ।ਫਲਾਂ ਦੇ ਦੂਰ-ਦਰਾਜ ਮੰਡੀਕਰਨ ਅਤੇ ਭੰਡਾਰਨ ਸਮਰੱਥਾ ਵਧਾਉਣ ਲਈ ਫ਼ਲਾਂ ਉਪਰ ਖਾਣਯੋਗ ਸ਼ੇ੍ਰਣੀ ਦੀ ਮੋਮ ਦੀ ਪਰਤ ਚੜਾਈ ਜਾ ਸਕਦੀ ਹੈ। ਅਜਿਹਾ ਕਰਨ ਲਈ ਤੰਦਰੁਸਤ ਫ਼ਲਾਂ ਨੂੰ ਸਾਫ਼ ਪਾਣੀ ਨਾਲ ਧੋ ਕੇ 0.01 ਪ੍ਰਤੀਸ਼ਤ ਕਲੋਰੀਨ ਯੁਕਤ ਪਾਣੀ (4 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ) ਵਿੱਚ 2.5 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਵਿੱਚ ਡੁਬਾ ਦਿਉ। ਇਸ ਤੋਂ ਬਾਅਦ ਫ਼ਲਾਂ ਨੂੰ ਸੁਕਾ ਕੇ ਸਿਟਰਾਸ਼ਾਈਨ ਵੈਕਸ ਦਾ ਲੇਪ ਲਗਾ ਦਿਉ। ਅੱਜ ਕੱਲ ਕਿੰਨੂ ਦੀ ਕਾਸ਼ਤ ਵਾਲੇ ਖੇਤਰਾਂ ਵਿੱਚ ਦਰਜਾਬੰਦੀ ਅਤੇ ਮੋਮ ਦੀ ਪਰਤ ਚੜਾਉਣ ਵਾਲੀਆਂ ਕਈ ਇਕਾਈਆਂ ਸਥਾਪਿਤ ਹੋ ਚੁੱਕੀਆਂ ਹਨ। ਇਸ ਲਈ ਬਾਗਬਾਨ ਵੀਰ ਇਸ ਤਕਨੀਕ ਨਾਲ ਫ਼ਲਾਂ ਦੀ ਭੰਡਾਰਨ ਮਿਆਦ ਦੇ ਨਾਲ-ਨਾਲ ਕੀਮਤ ਵਾਧਾ ਵੀ ਕਰ ਸਕਦੇ ਹਨ।

- Advertisement -

ਫ਼ਲਾਂ ਦੀ ਦਰਜ਼ਾਬੰਦੀ ਅਤੇ ਡੱਬਾਬੰਦੀ
ਮੰਡੀਕਰਨ ਵੇਲੇ ਵਧੇਰੇ ਫਾਇਦੇ ਲਈ ਫ਼ਲਾਂ ਦੀ ਦਰਜਾਬੰਦੀ ਅਤੇ ਡੱਬਾਬੰਦੀ ਕਰ ਲੈਣੀ ਚਾਹੀਦੀ ਹੈ। ਦਾਗੀ, ਨੁਕਸਾਨੇ ਗਏ ਫ਼ਲਾਂ, ਕੀੜੇ ਜਾਂ ਬਿਮਾਰੀ ਲੱਗੇ ਫ਼ਲਾਂ ਨੂੰ ਛਾਂਟ ਦਿਉ। ਫ਼ਲਾਂ ਦੀ ਦਰਜਾਬੰਦੀ (ਸਾਰਣੀ-1) ਅਕਾਰ ਮੁਤਾਬਿਕ ਕਰਨੀ ਚਾਹੀਦੀ ਹੈ। ਆਧੁਨਿਕ ਮਸ਼ੀਨਾਂ ਮੋਮ ਚੜਾਉਣ ਦੇ ਨਾਲ-ਨਾਲ ਅਕਾਰ ਦਰਜਾਬੰਦੀ ਵੀ ਕਰਦੀਆਂ ਹਨ।
ਸਾਰਣੀ 1. ਕਿੰਨੂ ਦੇ ਅਕਾਰ ਮੁਤਾਬਿਕ ਵੱਖ-ਵੱਖ ਸ਼੍ਰੇਣੀਆਂ (ਏ.ਪੀ.ਈ.ਡੀ.ਏ.)
ਸ਼੍ਰੇਣੀ ਅਕਾਰ (ਮਿ.ਮੀ.) 10 ਕਿਲੋ ਦੇ ਪੈਕ ਲਈ ਫ਼ਲਾਂ ਦੀ ਗਿਣਤੀ
ਏ 60-64 84 ਬੀ 65-69 72 ਸੀ 70-72 60 ਡੀ 72-74 54 ਈ 75-79 51 ਐਫ਼ 80-85 45 ਜੀ 50-60 90 ਐਚ 45-50 120

ਨੋਟ: ਜੀ ਅਤੇ ਐਚ ਕਾਵਲ ਲੋਕਲ ਮੰਡੀਆਂ ਲਈ
ਕਿੰਨੂ ਫ਼ਲ ਦੇ ਸੁਚੱਜੇ ਮੰਡੀਕਰਨ ਲਈ 2 ਕਿੱਲੋ ਦੀ ਸਮਰੱਥਾ ਵਾਲੇ 3 ਪਲਾਈ ਦੇ ਗੱਤੇ ਵਾਲੇ ਡੱਬੇ (335 ਮਿ.ਮੀ.× 215 ਮਿ.ਮੀ. × 95 ਮਿ.ਮੀ.) ਅਤੇ 4 ਕਿੱਲੋ ਦੀ ਸਮਰੱਥਾ ਵਾਲੇ 3 ਪਲਾਈ ਦੇ ਗੱਤੇ ਵਾਲੇ ਡੱਬੇ (335 ਮਿ.ਮੀ. × 215 ਮਿ.ਮੀ. × 185 ਮਿ.ਮੀ.) ਦੀ ਵਰਤੋਂ ਕਰਨੀ ਚਾਹੀਦੀ ਹੈ। ਦੂਰ ਦੀ ਮੰਡੀ ਲਈ 10 ਕਿੱਲੋ ਸਮਰੱਥਾ ਵਾਲੇ 5 ਪਲਾਈ ਦੇ ਵੱਡੇ ਡੱਬੇ (450 ਮਿ.ਮੀ. × 240 ਮਿ.ਮੀ. × 180 ਮਿ.ਮੀ.) ਦੀ ਵਰਤੋਂ ਕਰਨੀ ਚਾਹੀਦੀ ਹੈ । ਫ਼ਲਾਂ ਨੂੰ ਇਸ ਤਰ੍ਹਾਂ ਪੈਕ ਕਰੋ ਕਿ ਕਿਸੇ ਵੀ ਤਰ੍ਹਾਂ ਦਾ ਜਖ਼ਮ ਜਾਂ ਨੁਕਸਾਨ ਨਾ ਹੋਵੇ। ਦੋ ਤਹਿਆਂ ਦੇ ਵਿਚਕਾਰ ਮੋਰੀਆਂ ਵਾਲਾ ਕਾਗਜ ਭਰੋ। ਡੱਬੇ ਵਿੱਚ 5 ਪ੍ਰਤੀਸ਼ਤ ਖੇਤਰ ਵਿੱਚ ਹਵਾ ਦੇ ਆਉਣ ਜਾਣ ਲਈ ਮੋਰੀਆਂ ਹੋਣੀਆਂ ਚਾਹੀਦੀਆਂ ਹਨ।
ਇਸ ਲਈ ਉਪਰੋਕਤ ਤਕਨੀਕੀ ਢੰਗਾਂ ਨਾਲ ਨਾ ਕੇਵਲ ਫ਼ਲਾਂ ਨੂੰ ਤੁੜਾਈ ਉਪਰੰਤ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਸਗੋਂ ਵਧੇਰੇ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ।

Share this Article
Leave a comment