ਐਲ.ਐਂਡ ਟੀ. ਕੰਪਨੀ ਵੱਲੋਂ ਚੜ੍ਹਦੀ ਕਲਾ ਮਿਸ਼ਨ ਲਈ ਪੰਜ ਕਰੋੜ ਰੁਪਏ ਦਾ ਯੋਗਦਾਨ

Global Team
3 Min Read

ਚੰਡੀਗੜ੍ਹ:  ਬਹੁ-ਕੌਮੀ ਕੰਪਨੀ ਲਾਰਸਨ ਐਂਡ ਟਰਬੋ (ਐਲ.ਐਂਡ ਟੀ.) ਦੇ ਸਟਾਫ ਅਤੇ ਪ੍ਰਬੰਧਕਾਂ ਨੇ ਮਨੁੱਖੀ ਪਹੁੰਚ ਅਪਣਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ੁਰੂ ਕੀਤੇ ਚੜ੍ਹਦੀ ਕਲਾ ਮਿਸ਼ਨ ਵਿੱਚ ਪੰਜ ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਬੋਰਡ ਦੇ ਡਾਇਰੈਕਟਰ ਡੀ.ਕੇ. ਸੇਨ, ਨਾਭਾ ਪਾਵਰ ਪਲਾਂਟ ਦੇ ਸੀ.ਈ.ਓ. ਸੁਰੇਸ਼ ਨਾਰੰਗ, ਚੰਡੀਗੜ੍ਹ ਦੇ ਬ੍ਰਾਂਚ ਮੈਨੇਜਰ ਜਸਵੰਤ ਸਿੰਘ ਅਤੇ ਨਾਭਾ ਪਾਵਰ ਪਲਾਂਟ ਦੇ ਪ੍ਰਸ਼ਾਸਕੀ ਮੁਖੀ ਗਗਨਵੀਰ ਚੀਮਾ ਨੇ ਮੁੱਖ ਮੰਤਰੀ ਨੂੰ ਸਹਾਇਤ ਰਾਸ਼ੀ ਦਾ ਚੈੱਕ ਸੌਂਪਣ ਮੌਕੇ ਕਿਹਾ ਕਿ ਸੂਬੇ ਦੇ ਹੜ੍ਹ ਪੀੜਤਾਂ ਦੀ ਮਦਦ ਕਰਨਾ ਕੰਪਨੀ ਆਪਣਾ ਨੈਤਿਕ ਫਰਜ਼ ਸਮਝਦੀ ਹੈ। ਉਨ੍ਹਾਂ ਕਿਹਾ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਕੰਪਨੀ ਅਤੇ ਪ੍ਰਬੰਧਕਾਂ ਨੇ ਸੂਬਾ ਸਰਕਾਰ ਨੂੰ ਪੰਜ ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਕੰਪਨੀ ਸੰਕਟ ਦੀ ਘੜੀ ਵਿੱਚ ਕੁਦਰਤੀ ਆਫਤ ਦੇ ਪੀੜਤਾਂ ਨਾਲ ਇਕਜੁਟ ਹੋ ਕੇ ਖੜ੍ਹੀ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਚੜ੍ਹਦੀ ਕਲਾ ਮਿਸ਼ਨ ਇਕ ਪਹਿਲ ਹੈ ਜਿਸ ਦਾ ਉਦੇਸ਼ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਭਲਾਈ ਲਈ ਮਦਦ ਕਰਨਾ ਹੈ। ਇਸ ਨੇਕ ਉਪਰਾਲੇ ਲਈ ਬਹੁ-ਰਾਸ਼ਟਰੀ ਕੰਪਨੀ ਦਾ ਦਿਲੋਂ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਈ ਸਮਾਜ ਸੇਵੀ ਪਹਿਲਾਂ ਹੀ ਚੜ੍ਹਦੀ ਕਲਾ ਮਿਸ਼ਨ ਨੂੰ ਸਹਿਯੋਗ ਕਰਨ ਲਈ ਅੱਗੇ ਆਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿਸ਼ਨ ਚੜ੍ਹਦੀ ਕਲਾ ਵਿਸ਼ਵ ਪੱਧਰ ਉਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਹੈ ਜੋ ਸਾਲ 2025 ਦੇ ਹੜ੍ਹ ਪੀੜਤਾਂ ਵਾਸਤੇ ਸੂਬਾ ਸਰਕਾਰ ਦੇ ਪੁਨਰਵਾਸ ਉਪਰਾਲਿਆਂ ਲਈ ਫੰਡ ਇਕੱਠਾ ਕਰਨ ਲਈ ਸ਼ੁਰੂ ਕੀਤੀ ਗਈ ਹੈ।

ਇਸ ਪਹਿਲਕਦਮੀ ਦੀ ਭਾਵਨਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਜਿਵੇਂ ਚੜ੍ਹਦੀ ਕਲਾ ਔਖੇ ਤੋਂ ਔਖੇ ਸਮੇਂ ਵਿੱਚ ਵੀ ਹੌਂਸਲੇ ਬੁਲੰਦ ਰੱਖਣ ਅਤੇ ਉਮੀਦਾਂ ਕਾਇਮ ਰੱਖਣ ਦੀ ਭਾਵਨਾ ਨੂੰ ਦਰਸਾਉਂਦਾ ਹੈ, ਉਸੇ ਤਰ੍ਹਾਂ ਮਿਸ਼ਨ ਚੜ੍ਹਦੀ ਕਲਾ ਦੁਨੀਆ ਭਰ ਦੇ ਸਮੂਹ ਪੰਜਾਬੀਆਂ ਨੂੰ ਸੰਕਟ ਦੇ ਸਮੇਂ ਦੌਰਾਨ ਇਕ ਪਰਿਵਾਰ ਵਜੋਂ ਇਕਜੁਟ ਹੋਣ ਦਾ ਸੱਦਾ ਹੈ।” ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਦੁਨੀਆ ਭਰ ਦੇ ਹੋਰ ਪੰਜਾਬੀ ਵੀ ਆਪਣੇ ਸੁਪਨਿਆਂ ਦੇ ਪੰਜਾਬ ਦੇ ਪੁਨਰ ਨਿਰਮਾਣ ਲਈ ਖੁੱਲ੍ਹ ਕੇ ਯੋਗਦਾਨ ਪਾਉਂਦੇ ਰਹਿਣਗੇ। ਪਾਰਦਰਸ਼ਤਾ ਅਤੇ ਜਵਾਬਦੇਹੀ ਦਾ ਭਰੋਸਾ ਦਿੰਦੇ ਹੋਏ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਇਕੱਠਾ ਕੀਤਾ ਇਕ-ਇਕ ਪੈਸਾ ਹੜ੍ਹ ਪੀੜਤਾਂ ਦੀ ਭਲਾਈ ਅਤੇ ਪੁਨਰਵਾਸ ਲਈ ਸੂਝ-ਬੂਝ ਨਾਲ ਖਰਚ ਕੀਤਾ ਜਾਵੇਗਾ।

Share This Article
Leave a Comment