ਪੀ.ਏ.ਯੂ. ਨੇ ਸੇਬ ਪ੍ਰੋਸੈਸਿੰਗ ਤਕਨੀਕ ਨਿੱਜੀ ਕੰਪਨੀ ਨਾਲ ਸਾਂਝੀ ਕੀਤੀ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲੁਧਿਆਣਾ ਦੇ ਭੋਜਨ ਪ੍ਰੋਸੈਸਿੰਗ ਅਤੇ ਤਕਨਾਲੋਜੀ ਵਿਭਾਗ ਵੱਲੋਂ ਪਟਿਆਲਾ ਸਥਿਤ ਕੰਪਨੀ ਮੈਸ. ਪੰਜਾਬ ਆਰਗੈਨਿਕ ਵੈਜੀਟੇਬਲ ਐਂਡ ਫੂਡ ਪ੍ਰੋਡਿਊਸਰ ਕੰਪਨੀ ਲਿਮਿਟਡ ਨਾਲ ਸੇਬ ਪ੍ਰੋਸੈਸਿੰਗ ਦੀ ਤਕਨੀਕ ਨੂੰ ਸਾਂਝਾ ਕੀਤਾ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਸੰਬੰਧਿਤ ਕੰਪਨੀ ਦੇ ਮੁੱਖ ਨਿਰਦੇਸ਼ਕ ਸ੍ਰੀ ਹਰਦੀਪ ਸਿੰਘ ਨਾਲ ਇਸ ਤਕਨਾਲੋਜੀ ਅਤੇ ਉਦਯੋਗਿਕ ਵਿਧੀ ਨੂੰ ਸਾਂਝਾ ਕੀਤਾ ਗਿਆ। ਉਹਨਾਂ ਇਹ ਵੀ ਦੱਸਿਆ ਕਿ ਇਹ ਇੱਕ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ (ਐਫ ਪੀ ਓ) ਹੈ ਜਿਸ ਨੇ ਪੀ.ਏ.ਯੂ. ਦੇ ਭੋਜਨ ਉਦਯੋਗ ਬਿਜ਼ਨਸ ਇਨਕੂਬੇਸ਼ਨ ਕੇਂਦਰ ਵਿਖੇ ਇੱਕ ਕੁਇੰਟਲ ਸੇਬ ਨੂੰ ਜੂਸ ਅਤੇ ਨੈਕਟਰ ਬਨਾਉਣ ਲਈ ਪ੍ਰੋਸੈਸ ਕੀਤਾ।

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਯੂਨੀਵਰਸਿਟੀ ਉਤਪਾਦਨ ਦੀਆਂ ਨਵੀਆਂ ਵਿਕਸਿਤ ਤਕਨੀਕਾਂ ਦੇ ਨਾਲ-ਨਾਲ ਖੇਤੀ ਕਾਰੋਬਾਰ ਉਪਰ ਵੀ ਬਲ ਦੇ ਰਹੀ ਹੈ ਅਤੇ ਇਸ ਨਾਲ ਸੰਬੰਧਿਤ ਸਿਖਲਾਈ ਅਤੇ ਪ੍ਰੋਸੈਸਿੰਗ ਸਹੂਲਤਾਂ ਵੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਯੂਨੀਵਰਸਿਟੀ ਵਿੱਚ ਸਥਿਤ ਭੋਜਨ ਉਦਯੋਗ ਬਿਜ਼ਨਸ ਇਨਕੂਬੇਸ਼ਨ ਕੇਂਦਰ ਪਿੰਡਾਂ ਦੇ ਲੋਕਾਂ ਤੱਕ ਖੇਤੀ ਕਾਰੋਬਾਰ ਬਾਰੇ ਜਾਣਕਾਰੀ ਪਹੁੰਚਾਉਣ ਦਾ ਸੁਚੱਜਾ ਕਾਰਜ ਨਿਭਾ ਰਿਹਾ ਹੈ।

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਸੇਬਾਂ ਤੋਂ ਜੂਸ ਅਤੇ ਨੈਕਟਰ ਬਨਾਉਣ ਦੀ ਸਿਖਲਾਈ ਪ੍ਰਦਾਨ ਕੀਤੀ। ਉਹਨਾਂ ਦੱਸਿਆ ਕਿ ਇਹ ਜੂਸ ਅਤੇ ਨੈਕਟਰ ਬਿਨਾਂ ਕਿਸੇ ਰਸਾਇਣਕ ਮਿਸ਼ਰਣ ਤੋਂ ਤਿਆਰ ਹੁੰਦਾ ਹੈ ਅਤੇ ਇੱਕ ਸਾਲ ਤੱਕ ਕਮਰੇ ਦੇ ਕੁਦਰਤੀ ਤਾਪਮਾਨ ਵਿੱਚ ਰੱਖਿਆ ਅਤੇ ਵਰਤਿਆ ਜਾ ਸਕਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਦੇ ਸਹਿਯੋਗੀ ਨਿਰਦੇਸ਼ਕ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਫ਼ਸਲਾਂ ਦੇ ਮੁੱਲ ਵਾਧੇ ਦੀਆਂ ਤਕਨੀਕਾਂ ਨੂੰ ਕਿਸਾਨਾਂ ਤੱਕ ਪਸਾਰਨ ਲਈ ਸਾਰਥਕ ਕੋਸ਼ਿਸ਼ਾਂ ਯੂਨੀਵਰਸਿਟੀ ਅਤੇ ਖੇਤਰੀ ਕੇਂਦਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਰਜਨੀ ਗੋਇਲ ਅਤੇ ਸਹਾਇਕ ਪ੍ਰੋਫੈਸਰ ਡਾ. ਨੇਹਾ ਬੱਬਰ ਨੇ ਸੇਬਾਂ ਦੇ ਜੂਸ ਅਤੇ ਬੈਵਰੇਜ ਦੀ ਤਿਆਰੀ ਵਿੱਚ ਐਫ ਪੀ ਓ ਗਰੁੱਪ ਦੀ ਸਹਾਇਤਾ ਕੀਤੀ।

Share this Article
Leave a comment