ਨਿਊਜ਼ ਡੈਸਕ: ਫ਼ਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ ਵਿੱਚ ਬੀਤੇ ਦਿਨੀਂ ਵਾਪਰੀ ਹਿੰਸਾ ਅਤੇ ਹੰਗਾਮੇ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਯੂਨੀਵਰਸਿਟੀ ਕੈਂਪਸ ਵਿੱਚ 27 ਸਤੰਬਰ ਨੂੰ ਵਾਪਰੀ ਹਿੰਸਕ ਘਟਨਾ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਪਾਸੋਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਮਾਣਯੋਗ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ (PIL) ਦਾਇਰ ਕੀਤੀ ਗਈ ਹੈ।
ਹਾਸਿਲ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਇਹ ਮਾਮਲਾ ਤੁਰੰਤ ਸੁਣਵਾਈ ਲਈ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੀ ਬੈਂਚ ਅੱਗੇ ਰੱਖਿਆ ਗਿਆ। ਹਾਲਾਂਕਿ, ਬੈਂਚ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਕਰਨ ਲਈ ਸਹਿਮਤੀ ਦਿੱਤੀ ਹੈ।
ਪਟੀਸ਼ਨਕਰਤਾ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਯੂਨੀਵਰਸਿਟੀ ਕੈਂਪਸ ਵਿੱਚ ਹੋਈ ਹਿੰਸਾ ਦੌਰਾਨ ਕਥਿਤ ਤੌਰ ’ਤੇ ਦੰਗਾ, ਅੱਗਜ਼ਨੀ ਅਤੇ ਲੁੱਟਪਾਟ ਵਰਗੀਆਂ ਘਟਨਾਵਾਂ ਵਾਪਰੀਆਂ। ਪਟੀਸ਼ਨ ਵਿੱਚ ਪੂਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਲਈ ਮਾਮਲਾ CBI ਨੂੰ ਸੌਂਪਣ ਦੀ ਮੰਗ ਕੀਤੀ ਗਈ ਹੈ।
ਫ਼ਿਲਹਾਲ ਮਿਲੀ ਤਾਜ਼ਾ ਜਾਣਕਾਰੀ ਮੁਤਾਬਿਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਸੀ.ਬੀ.ਆਈ. ਜਾਂਚ ਦੇ ਕੋਈ ਹੁਕਮ ਜਾਰੀ ਨਹੀਂ ਕੀਤੇ ਹਨ। ਅਦਾਲਤ ਵੱਲੋਂ ਅਜੇ ਇਸ ਪਟੀਸ਼ਨ ਦੇ ਤੱਥਾਂ ਤੇ ਸੁਣਵਾਈ ਕੀਤੀ ਜਾਣੀ ਬਾਕੀ ਹੈ। ਅਜਿਹੇ ਵਿੱਚ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਕਿਸ ਜਾਂਚ ਏਜੰਸੀ ਨੂੰ ਸੌਂਪੀ ਜਾਵੇਗੀ ਜਾਂ ਅਦਾਲਤ ਵੱਲੋਂ ਪ੍ਰਸ਼ਾਸਨ ਤੇ ਪੁਲਿਸ ਨੂੰ ਕੀ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ, ਇਹ ਸਭ ਬੁੱਧਵਾਰ ਦੀ ਸੁਣਵਾਈ ਉਪਰੰਤ ਹੀ ਸਪੱਸ਼ਟ ਹੋ ਸਕੇਗਾ।

