ਲਾਸ ਏਂਜਲਸ: ਅਮਰੀਕਾ ਵਿੱਚ ਇੱਕ ਸਿੱਖ ਨੌਜਵਾਨ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ। ਦਰਅਸਲ, ਉਹ ਸੜਕ ’ਤੇ ਤਲਵਾਰ ਲਹਿਰਾ ਰਿਹਾ ਸੀ। ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਦਾ ਦਾਅਵਾ ਹੈ ਕਿ ਉਹ ਗੱਤਕਾ ਕਰ ਰਿਹਾ ਸੀ। ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਗੋਲੀ ਮਾਰੀ ਗਈ। ਇਲਾਜ ਦੌਰਾਨ 35 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ।
ਇਹ ਘਟਨਾ 13 ਜੁਲਾਈ ਦੀ ਸਵੇਰ ਨੂੰ ਵਾਪਰੀ ਸੀ, ਪਰ ਹਾਲ ਹੀ ਵਿੱਚ ਪੁਲਿਸ ਨੇ ਇਸ ਦਾ ਬਾਡੀਕੈਮ ਵੀਡੀਓ ਜਾਰੀ ਕੀਤਾ, ਜਿਸ ਤੋਂ ਬਾਅਦ ਮਾਮਲਾ ਚਰਚਾ ਵਿੱਚ ਆ ਗਿਆ। ਪੁਲਿਸ ਦਾ ਦਾਅਵਾ ਹੈ ਕਿ ਨੌਜਵਾਨ ਨੂੰ ਕਈ ਵਾਰ ਹਥਿਆਰ ਸੁੱਟਣ ਲਈ ਕਿਹਾ ਗਿਆ, ਪਰ ਉਸ ਨੇ ਹੁਕਮ ਨਹੀਂ ਮੰਨਿਆ। ਉਹ ਪੁਲਿਸ ’ਤੇ ਹਮਲਾ ਕਰਨ ਲੱਗਾ, ਜਿਸ ਕਾਰਨ ਗੋਲੀ ਚਲਾਈ ਗਈ।
13 ਜੁਲਾਈ ਦੀ ਸਵੇਰ ਨੂੰ ਪੁਲਿਸ ਨੂੰ ਫੋਨ ’ਤੇ ਸੂਚਨਾ ਮਿਲੀ ਕਿ ਓਲੰਪਿਕ ਬੁਲੇਵਾਰਡ ਨੇੜੇ ਇੱਕ ਵਿਅਕਤੀ ਤਲਵਾਰ ਵਰਗੀ ਚੀਜ਼ ਲਹਿਰਾ ਕੇ ਲੋਕਾਂ ਨੂੰ ਡਰਾ ਰਿਹਾ ਸੀ। ਜਦੋਂ ਪੁਲਿਸ ਪਹੁੰਚੀ, ਬਾਡੀਕੈਮ ਵੀਡੀਓ ਵਿੱਚ ਨਜ਼ਰ ਆਇਆ ਕਿ ਗੁਰਪ੍ਰੀਤ ਸਿੰਘ ਨੇ ਨੀਲੀ ਪੱਗ ਅਤੇ ਸ਼ਾਰਟਸ ਪਹਿਨੇ ਹੋਏ ਸਨ ਤੇ ਉਹ ਸੜਕ ’ਤੇ ਤਲਵਾਰ ਲਹਿਰਾ ਰਿਹਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਨੌਜਵਾਨ ਨੂੰ ਹਥਿਆਰ ਸੁੱਟਣ ਲਈ ਕਿਹਾ, ਪਰ ਉਸ ਨੇ ਨਹੀਂ ਮੰਨਿਆ। ਇਸ ਦੌਰਾਨ ਉਸ ਨੇ ਤਲਵਾਰ ਨਾਲ ਆਪਣੀ ਜੀਭ ਨੂੰ ਵੀ ਲਾਈ। ਬਾਅਦ ਵਿੱਚ ਭੱਜਣ ਦੀ ਕੋਸ਼ਿਸ਼ ਦੌਰਾਨ ਉਸ ਨੇ ਪਹਿਲਾਂ ਬੋਤਲ ਸੁੱਟੀ ਅਤੇ ਫਿਰ ਆਪਣੀ ਕਾਰ ਵਿੱਚ ਬੈਠ ਗਿਆ।
ਤੇਜ਼ ਰਫਤਾਰ ਨਾਲ ਕਾਰ ਦੌੜਾਈ, ਗੱਡੀਆਂ ਨੂੰ ਮਾਰੀ ਟੱਕਰ
ਪੁਲਿਸ ਮੁਤਾਬਕ, ਗੁਰਪ੍ਰੀਤ ਨੇ ਕਾਰ ਤੇਜ਼ ਰਫਤਾਰ ਨਾਲ ਦੌੜਾਈ ਅਤੇ ਕਈ ਗੱਡੀਆਂ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਵੀ ਉਹ ਕਾਰ ਦੀ ਬਾਰੀ ‘ਚੋਂ ਤਲਵਾਰ ਲਹਿਰਾਉਂਦਾ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹ ਤਲਵਾਰ ਲੈ ਕੇ ਉਹ ਪੁਲਿਸ ਵੱਲ ਵਧਿਆ ਤਾਂ ਮਜਬੂਰੀ ਵਿੱਚ ਗੋਲੀ ਚਲਾਉਣੀ ਪਈ।
ਸਵਾਲ ਉੱਠਣ ’ਤੇ ਵੀਡੀਓ ਜਾਰੀ
ਪੁਲਿਸ ਮੁਤਾਬਕ, ਗੋਲੀ ਲੱਗਣ ਤੋਂ ਬਾਅਦ ਨੌਜਵਾਨ ਜ਼ਖਮੀ ਹੋ ਗਿਆ ਸੀ। ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਦੋਂ ਸਵਾਲ ਉੱਠੇ, ਤਾਂ ਪੁਲਿਸ ਨੂੰ ਬਾਡੀਕੈਮ ਵੀਡੀਓ ਜਾਰੀ ਕਰਨੀ ਪਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।