ਨਵੀਂ ਦਿੱਲੀ: ਛਤਰਸਾਲ ਸਟੇਡੀਅਮ ‘ਚ ਦੋ ਧੜਿਆਂ ‘ਚ ਹੋਈ ਲੜਾਈ ਤੋਂ ਬਾਅਦ ਪਹਿਲਵਾਨ ਦੀ ਮੌਤ ਦੇ ਮਾਮਲੇ ‘ਚ ਓਲੰਪਿਕ ਤਗਮਾ ਜੇਤੂ ਭਲਵਾਨ ਸੁਸ਼ੀਲ ਕੁਮਾਰ ਖਿਲਾਫ ਪੁਲਿਸ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ‘ਚ ਦਿੱਲੀ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰ ਕੇ ਸੁਸ਼ੀਲ ਕੁਮਾਰ ਦੀ ਗ੍ਰਿਫਤਾਰੀ ਲਈ ਸਰਕੁਲਰ ਜਾਰੀ ਕਰ ਦਿੱਤਾ ਹੈ।
ਪੁਲਿਸ ਮੁਤਾਬਕ ਝੜਪ ਮਾਡਲ ਟਾਊਨ ਇਲਾਕੇ ‘ਚ ਇਕ ਫਲੈਟ ਨੂੰ ਖਾਲੀ ਕਰਵਾਉਣ ਨੂੰ ਲੈ ਕੇ ਹੋਈ ਸੀ। ਉਨ੍ਹਾਂ ਦੱਸਿਆ ਕਿ ਸੁਸ਼ੀਲ ਕੁਮਾਰ ਇਸ ਵੇਲੇ ਫਰਾਰ ਹੈ ਤੇ ਪੁਲੀਸ ਵਲੋਂ ਉਸ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।
ਪੁਲਿਸ ਸੂਤਰਾਂ ਮੁਤਾਬਕ ਛਤਰਸਾਲ ਸਟੇਡੀਅਮ ‘ਚ ਹੋਏ ਕਤਲ ਦੀ ਵਾਰਦਾਤ ਤੋਂ ਬਾਅਦ ਭਲਵਾਨ ਸੁਸ਼ੀਲ ਕੁਮਾਰ ਪਹਿਲਾਂ ਹਰਿਦੁਆਰ ਤੇ ਰਿਸ਼ੀਕੇਸ਼ ਗਿਆ ਸੀ, ਜਿੱਥੇ ਉਹ ਇੱਕ ਆਸ਼ਰਮ ਵਿੱਚ ਰੁਕਿਆ ਸੀ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਸੁਸ਼ੀਲ ਕੁਮਾਰ ਦਿੱਲੀ ਤੇ ਹਰਿਆਣਾ ਵਿੱਚ ਲਗਾਤਾਰ ਆਪਣੇ ਠਿਕਾਣੇ ਬਦਲ ਰਿਹਾ ਹੈ।