ਲੋਕ ਸਭਾ ਚੋਣਾਂ 2024: ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪੂਰਤੀ ਲਈ ਪੰਜਾਬ ਦੇ ਸੀ.ਈ.ਓ. ਦਫ਼ਤਰ ਵੱਲੋਂ ਆਈ.ਪੀ.ਐਲ. ਮੈਚ ਦੌਰਾਨ ਜਾਗਰੂਕਤਾ ਪ੍ਰੋਗਰਾਮ: ਸਿਬਿਨ ਸੀ

Prabhjot Kaur
3 Min Read

ਚੰਡੀਗੜ੍ਹ: ਲੋਕਾਂ ਨੂੰ ਚੋਣ ਪ੍ਰਕਿਰਿਆ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ‘ਇਸ ਵਾਰ 70 ਪਾਰ’ ਮੁਹਿੰਮ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਪੰਜਾਬ ਦੇ ਮੁੱਖ ਚੋਣ ਦਫਤਰ (ਸੀ.ਈ.ਓ.) ਵੱਲੋਂ ਸ਼ਨੀਵਾਰ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੁੱਲਾਂਪੁਰ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਆਈ.ਪੀ.ਐੱਲ. ਮੈਚ ਦੌਰਾਨ ਇਕ ਸਵੀਪ (ਸਿਸਟੇਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਪ੍ਰੋਗਰਾਮ ਕਰਵਾਇਆ ਗਿਆ।

ਇਸ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਸਵੀਪ ਵੋਟਰਾਂ ਨੂੰ ਜਾਗਰੂਕ ਅਤੇ ਚੋਣਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਚੋਣ ਕਮਿਸ਼ਨ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ।

ਉਨ੍ਹਾਂ ਕਿਹਾ ਕਿ ਕ੍ਰਿਕਟ ਦੇ ਕ੍ਰੇਜ਼ ਨੂੰ ਦੇਖਦੇ ਹੋਏ ਉਨ੍ਹਾਂ ਦੇ ਦਫਤਰ ਨੇ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਸਟੇਟ ਆਈਕੋਨ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਸ਼ੁਭਮਨ ਗਿੱਲ ਵੱਲੋਂ ਕੀਤੀ ਗਈ ਜਨ ਅਪੀਲ ਵੋਟ ਪ੍ਰਤੀਸ਼ਤ ਨੂੰ 70 ਫੀਸਦੀ ਤੋਂ ਉੱਪਰ ਲਿਜਾਣ ਦਾ ਟੀਚਾ ਹਾਸਲ ਕਰਨ ਵਿੱਚ ਮਦਦ ਕਰੇਗੀ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਸਵੀਪ ਪ੍ਰੋਗਰਾਮ ਦੌਰਾਨ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਲਈ ਸਟੇਡੀਅਮ ਵਿੱਚ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਾਲੀ ਥਾਂ ‘ਤੇ ਮੌਜੂਦ ਇਲੈਕਟੋਰਲ ਲਿਟਰੇਸੀ ਕਲੱਬ ਦੇ 400 ਤੋਂ ਵੱਧ ਮੈਂਬਰਾਂ ਨੇ 18 ਸਾਲ ਦੀ ਉਮਰ ਵਾਲੇ ਵਿਅਕਤੀਆਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕੀਤਾ।

- Advertisement -

ਇਸ ਤੋਂ ਇਲਾਵਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਦੇ ਗੀਤ “ਮੈਂ ਭਾਰਤ ਹੂੰ” ਦੀ ਵੀਡੀਓ ਨੂੰ ਵੀ ਵੱਡੀ ਸਕਰੀਨ ਉੱਤੇ ਚਲਾਇਆ ਗਿਆ। ਸਿਬਿਨ ਸੀ ਨੇ ਦੱਸਿਆ ਕਿ ਸਥਾਨਕ ਸਰੋਤਿਆਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਗੀਤ ‘ਮੈਂ ਭਾਰਤ ਹੂੰ’ ਦਾ ਪੰਜਾਬੀ ਸੰਸਕਰਣ ਵੀ ਸਕਰੀਨ ‘ਤੇ ਚਲਾਇਆ ਗਿਆ। ਇਸੇ ਤਰ੍ਹਾਂ ਮੈਚ ਦੌਰਾਨ ਸਟੇਟ ਆਈਕੋਨ ਸ਼ੁਭਮਨ ਗਿੱਲ ਅਤੇ ਤਰਸੇਮ ਜੱਸੜ ਵੱਲੋਂ ਵੋਟਰ ਜਾਗਰੂਕਤਾ ਸੰਦੇਸ਼ ਅਤੇ ਵੋਟ ਪਾਉਣ ਦੀਆਂ ਕੀਤੀਆਂ ਅਪੀਲਾਂ ਵੀ ਵਿਖਾਈਆਂ ਗਈਆਂ।

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਚੋਣ ਮਸਕਟ ਸ਼ੇਰਾ 2.0 ਦੇ ਕਈ ਕਟਆਊਟਾਂ ਤੋਂ ਇਲਾਵਾ ਸਟੇਡੀਅਮ ਦੇ ਬਾਹਰ ਵਿਸ਼ਾਲ ਹੋਰਡਿੰਗਜ਼, ਬੈਨਰ, ਕੈਨੋਪੀਜ਼ ਅਤੇ ਸਟੈਂਡੀਜ਼ ਵੀ ਲਗਾਏ ਗਏ। ਸਟੇਡੀਅਮ ਦੇ ਬਾਹਰ ਕੈਨੋਪੀਜ਼ ਵੀ ਲਗਾਈਆਂ ਗਈਆਂ ਅਤੇ ਦਰਸ਼ਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਚੋਣ ਜਾਗਰੂਕਤਾ ਸਲੋਗਨ ਵਾਲੇ ਕੱਪ ਅਤੇ ਚਾਬੀਆਂ ਵੰਡੀਆਂ ਗਈਆਂ।

ਇਸ ਦੌਰਾਨ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਵੋਟਰਾਂ ਖਾਸ ਕਰਕੇ ਨੌਜਵਾਨਾਂ ਵਿੱਚ ਵੋਟਾਂ ਪਾਉਣ ਸਬੰਧੀ ਜਾਗਰੂਕਤਾ ਵਧਾਉਣ ਲਈ ਕ੍ਰਿਕਟ ਤੋਂ ਵਧੀਆ ਪਲੇਟਫਾਰਮ ਨਹੀਂ ਹੋ ਸਕਦਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ, 2024 ਨੂੰ ਬਿਨਾਂ ਕਿਸੇ ਡਰ-ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।

Share this Article
Leave a comment