ਲੌਕਡਾਊਨ : ਦਿੱਲੀ ਤੋਂ ਪੈਦਲ ਅਲੀਗੜ੍ਹ ਜਾ ਰਹੇ ਤਿੰਨ ਮਜ਼ਦੂਰਾਂ ਦੀ ਸੜਕ ਹਾਦਸੇ ‘ਚ ਮੌਤ

TeamGlobalPunjab
2 Min Read

ਨਵੀਂ ਦਿੱਲੀ : ਲੌਕਡਾਊਨ ਕਾਰਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ‘ਚ ਫਸੇ ਹੋਏ ਹਨ। ਲੌਕਡਾਊਨ ਦੇ ਚੱਲਦਿਆਂ ਉਨ੍ਹਾਂ ਨੂੰ ਆਪਣਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਰਿਹਾ ਹੈ। ਜਿਸ ਕਾਰਨ ਪ੍ਰਵਾਸੀ ਮਜ਼ਦੂਰਾਂ ਵੱਲੋਂ ਵੱਡੀ ਗਿਣਤੀ ‘ਚ ਆਪਣੇ ਘਰਾਂ ਨੂੰ ਪਲਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਸਵੇਰੇ ਫਤਿਹਪੁਰ ਜ਼ਿਲੇ ਦੇ ਤਿੰਨ ਮਜ਼ਦੂਰ ਜੋ ਲੌਕਡਾਊਨ ਦੌਰਾਨ ਪੈਦਲ ਦਿੱਲੀ ਤੋਂ ਅਲੀਗੜ੍ਹ ਜਾ ਰਹੇ ਸਨ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਹਾਦਸਾ ਅਲੀਗੜ ਦੇ ਮਡਰਾਕ ਖੇਤਰ ਵਿਚ ਹਾਈਵੇ ਬਾਈਪਾਸ ‘ਤੇ ਵਾਪਰਿਆ। ਇਸ ਹਾਦਸੇ ਵਿੱਚ ਇੱਕ ਪਰਿਵਾਰ ਦੇ ਤਿੰਨ ਮਜ਼ਦੂਰ ਮਾਰੇ ਗਏ ਹਨ ਤੇ ਇੱਕ ਕਿਸ਼ੋਰ  ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ।

14 ਸਾਲਾਂ ਪਿੰਕੀ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਤਿਹਪੁਰ ਜ਼ਿਲ੍ਹੇ ਦੇ ਭੋਜ ਥਾਣਾ ਖੇਤਰ ਦੇ ਅਰਾਈਆਂ ਦਾ ਵਸਨੀਕ ਰਣਜੀਤ ਸਿੰਘ ਆਪਣੇ ਛੋਟੇ ਭਰਾ ਦਿਨੇਸ਼ ਅਤੇ ਉਸਦੀ ਪਤਨੀ ਸੰਤ ਕੁਮਾਰੀ ਦੇ ਨਾਲ ਦਿੱਲੀ ‘ਚ ਰਹਿ ਕੇ ਮਜ਼ਦੂਰੀ ਕਰਦੇ ਸਨ ਜੋ ਕਿ ਲੌਕਡਾਊਨ ਕਾਰਨ ਪਿਛਲੇ ਕਈ ਦਿਨਾਂ ਤੋਂ ਦਿੱਲੀ ‘ਚ ਹੀ ਫਸੇ ਹੋਏ ਸਨ। ਕੋਈ ਸਾਧਨ ਨਾ ਮਿਲਣ ‘ਤੇ ਉਹ ਟਰੈਕਟਰ-ਟਰਾਲੀ ‘ਤੇ ਚੜ੍ਹ ਕੇ ਆਪਣੇ ਘਰ ਵੱਲ ਜਾ ਰਹੇ ਸਨ। ਜਦੋਂ ਟਰੈਕਟਰ ਪਰੇਵਾਲੀ ਨੇੜੇ ਰੇਲਵੇ ਪੁਲ ਦੇ ਨਜ਼ਦੀਕ ਪਹੁੰਚਿਆ ਤਾਂ ਇੱਕ ਕੰਟੇਨਰ ਨੇ ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਦੌਰਾਨ ਦਿਨੇਸ਼ ਕੁਮਾਰ ਤੇ ਸੰਤ ਕੁਮਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਰਣਜੀਤ ਸਿੰਘ ਨੇ ਹਸਪਤਾਲ ‘ਚ ਦਮ ਤੋੜ ਦਿੱਤਾ।

ਮਡਰਾਕ ਪੁਲੀਸ ਸਟੇਸ਼ਨ ਦੇ ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪੰਜ ਮਜ਼ਦੂਰਾਂ ਨੇ ਇੱਕ ਟਰੈਕਟਰ-ਟਰਾਲੀ ਤੋਂ ਲਿਫਟ ਲਈ ਸੀ। ਜਿਸ ਨੂੰ ਪਿਛੋਂ ਇੱਕ ਕੰਟੇਨਰ ਨੇ ਟੱਕਰ ਮਾਰ ਦਿੱਤੀ। ਜਿਸ ‘ਚ ਰਣਜੀਤ ਸਿੰਘ (35), ਦਿਨੇਸ਼ (30) ਅਤੇ ਸੰਤ ਕੁਮਾਰੀ ਦੀ ਮੌਤ ਹੋ ਗਈ ਤੇ ਇੱਕ 14 ਸਾਲਾਂ ਕਿਸ਼ੋਰ ਲੜਕੀ ਗੰਭੀਰ ਰੂਪ ‘ਚ ਜਖਮੀ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੇ ਅਧਾਰ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Share This Article
Leave a Comment