ਮਨੁੱਖੀ ਅਧਿਕਾਰ ਕਾਰਕੁੰਨਾਂ ’ਤੇ ਤਸ਼ੱਦਦ ਢਾਹੇ ਜਾਣ ਤੇ ਸਿੱਖ ਨੌਜਵਾਨਾਂ ਦੇ ਕੱਕਾਰਾਂ ਦੀ ਬੇਅਦਬੀ ਕਰਨ ਦੇ ਮਾਮਲੇ ਦੀ ਜਾਂਚ ਲਈ ਵਿਧਾਨ ਸਭਾ ਦੀ ਕਮੇਟੀ ਬਣਾਈ ਜਾਵੇ : ਬਿਕਰਮ ਸਿੰਘ ਮਜੀਠੀਆ

TeamGlobalPunjab
2 Min Read

 ਚੰਡੀਗੜ੍ਹ  : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਹਰਿਆਣਾ ਵਿਚ ਨੌਜਵਾਨਾਂ ’ਤੇ ਸਰੀਰਕ ਤੇ ਮਾਨਸਿਕ ਤਸ਼ੱਦਦ ਢਾਹੇ ਜਾਣ ਦੇ ਮਾਮਲੇ ਦੀ ਜਾਂਚ ਲਈ ਵਿਧਾਨ ਸਭਾ ਦੀ ਕਮੇਟੀ ਬਣਾਈ ਜਾਵੇ ਤੇ ਉਹਨਾਂ ਨੇ ਇਕ ਮਤਾ ਪਾਸ ਕਰ ਕੇ ਦਿੱਲੀ ਦੇ ਜੇਲ੍ਹ ਮੰਤਰੀ ਸਤੇਂਦਰ ਜੈਨ ਦੀ ਨਿਖੇਧੀ ਕਰਨ ਦੀ ਵੀ ਮੰਗ ਕੀਤੀ ਜਿਹਨਾਂ ਦੇ ਅਧੀਨ ਸਿੱਖਾਂ ਨਾਲ ਮਾੜਾ ਵਿਵਹਾਰ ਕੀਤਾ ਗਿਆ ਤੇ ਉਹ ਨੌਜਵਾਨਾਂ ’ਤੇ ਤਸ਼ੱਦਦ ਢਾਹੁਣ ਲਈ ਇਕ ਧਿਰ ਬਣੇ।

ਸਿਫਰ ਕਾਲ ਦੌਰਾਨ ਇਹ ਮਾਮਲਾ ਚੁੱਕਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿਖੇਧੀਯੋਗ ਗੱਲ ਹੈ ਕਿ ਸੋਨੀਪਤ ਪੁਲਿਸ ਨੇ ਮਨੁੱਖੀ ਅਧਿਕਾਰ ਕਾਰਕੁੰਨ ਨੌਦੀਪ ਕੌਰ ਤੇ ਸ਼ਿਵ ਕੁਮਾਰ ’ਤੇ ਅੰਨ੍ਹਾ ਤਸ਼ੱਦਦ ਢਾਹਿਆ ਹੈ। ਉਹਨਾਂ ਕਿਹਾ ਕਿ ਨੌਦੀਪ ਨੇ ਦੱਸਿਆ ਹੈ ਕਿ ਕਿਵੇਂ ਉਸ ਅਤੇ ਸ਼ਿਵ ਕੁਮਾਰ ਨਾਲ ਸੋਨੀਪਤ ਪੁਲਿਸ ਨੇ ਤਸ਼ੱਦਦ ਕੀਤਾ ਤੇ ਬਾਅਦ ਵਿਚ ਜੇਲ੍ਹ ਵਿਚ ਵੀ ਉਸ ਨਾਲ ਬਦਸਲੂਕੀ ਹੋਈ।

ਸ੍ਰੀ ਮਜੀਠੀਆ ਨੇ ਕਿਹਾ ਕਿ 26 ਜਨਵਰੀ ਦੀ ਕਿਸਾਨ ਪਰੇਡ ਦੇ ਮਾਮਲੇ ਵਿਚ ਗ੍ਰਿਫਤਾਰ ਸਿੱਖ ਨੌਜਵਾਨਾਂ ਦੇ ਕੱਕਾਰਾਂ ਦੀ ਤਿਹਾੜ ਜੇਲ੍ਹ ਵਿਚ ਬੇਅਦਬੀ ਕੀਤੀ ਗਈ ਜਦਕਿ ਤਿਹਾੜ ਜੇਲ੍ਹ ਦਿੱਲੀ ਸਰਕਾਰ ਦੀ ਆਪ ਸਰਕਾਰ ਦੇ ਅਧੀਨ ਹੈ ਤੇ ਇਸਦੇ ਮੰਤਰੀ ਸਤੇਂਦਰ ਜੈਨ ਇਸ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ, ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ ਸਰਕਾਰ ਦੇ ਐਡਵੋਕੇਟ ਜਨਰਲ ਦੇ ਦਫਤਰ ਨੇ ਨੌਜਵਾਨਾਂ ਦੀਆਂ ਜ਼ਮਾਨਤ ਅਰਜ਼ੀਆਂ ਦਾ ਵੀ ਵਿਰੋਘ ਕੀਤਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਸਦਨ ਦੀ ਕਮੇਟੀ ਨੂੰ ਦਿੱਲੀ ਪੁਲਿਸ ਵੱਲੋਂ ਸਿੱਖ ਨੌਜਵਾਨ ਰਣਜੀਤ ਸਿੰਘ ’ਤੇ ਢਾਹੇ ਤਸ਼ੱਦਦ ਤੇ ਜ਼ੁਲਮ ਦੀ ਜਾਂਚ ਵੀ ਕਰਨੀ ਚਾਹੀਦੀ ਹੈ।

ਮਜੀਠੀਆ ਨੈ ਕਿਹਾ ਕਿ ਇਹ ਘਿਨੌਦੀ ਕਾਰਵਾਈ ਹਰਿਆਣਾ ਤੇ ਆਪ ਸਰਕਾਰਾਂ ਨੇ ਕੀਤੀ ਹੈ ਜਿਸ ਕਾਰਨ ਪੰਜਾਬੀਆਂ ਦੇ ਮਨਾਂ ਨੁੰ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਲੋਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਕਸ਼ੇ ਕਦਮਾਂ ’ਤੇ ਚਲ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਵਿਧਾਨ ਸਭਾ ਨੇ ਇਹਨਾਂ ਮਾਮਲਿਆਂ ’ਤੇ ਜ਼ੋਰਦਾਰ ਰੋਸ ਦਰਜ ਨਾ ਕਰਵਾਇਆ ਤਾਂ ਉਹ ਆਪਣੇ ਫਰਜ਼ ਵਿਚ ਫੇਲ੍ਹ ਹੋ ਜਾਵੇਗੀ।

Share This Article
Leave a Comment