ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਬੰਦੀ ਸਿੰਘਾਂ ਸਬੰਧੀ ਦਿੱਲੀ ਪ੍ਰਦਰਸ਼ਨ ’ਚ ਕਰਨਗੇ ਭਰਵੀਂ ਸ਼ਮੂਲੀਅਤ

Global Team
3 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀਆਂ ਵੱਖ-ਵੱਖ ਧਿਰਾਂ ਦੇ ਨੁਮਾਇੰਦਿਆਂ ਨਾਲ ਇਕ ਭਰਵੀਂ ਇਕੱਤਰਤਾ ਕੀਤੀ। ਇਸ ਇਕੱਤਰਤਾ ਦੌਰਾਨ ਫੈਡਰੇਸ਼ਨ ਆਗੂਆਂ ਨੇ ਬੰਦੀ ਸਿੰਘਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ 20 ਦਸੰਬਰ ਨੂੰ ਦਿੱਲੀ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਮੌਕੇ ਭਰਵੀਂ ਸ਼ਮੂਲੀਅਤ ਕਰਨ ਦੀ ਵਚਨਬੱਧਤਾ ਪ੍ਰਗਟਾਈ। ਇਕੱਤਰਤਾ ਸਮੇਂ ਸੰਬੋਧਨ ਕਰਦਿਆਂ ਵੱਖ-ਵੱਖ ਫੈਡਰੇਸ਼ਨ ਆਗੂਆਂ ਨੇ ਆਖਿਆ ਕਿ ਭਾਈ ਰਾਜੋਆਣਾ ਸਮੇਤ ਬੰਦੀ ਸਿੰਘਾਂ ਦਾ ਮਾਮਲਾ ਸਾਂਝਾ ਕੌਮੀ ਮੁੱਦਾ ਹੈ, ਜਿਸ ਵਿਚ ਫੈਡਰੇਸ਼ਨ ਮੋਹਰੀ ਭੂਮਿਕਾ ਅਦਾ ਕਰੇਗੀ।

ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਜ਼ਾ ਮੁਆਫ਼ੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ 20 ਦਸੰਬਰ 2023 ਨੂੰ ਦਿੱਲੀ ਵਿਖੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਆਯੋਜਤ ਕੀਤਾ ਜਾ ਰਿਹਾ ਹੈ, ਜਿਸਦੇ ਸਬੰਧ ਵਿਚ ਅੱਜ ਫੈਡਰੇਸ਼ਨ ਦੇ ਸਾਰੇ ਪ੍ਰਤੀਨਿਧ ਆਗੂਆਂ ਨੇ ਵੱਡੀ ਸਹਿਯੋਗ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਫੈਡਰੇਸ਼ਨ ਆਗੂਆਂ ਦੀ ਇਕੱਤਰਤਾ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੀਤੇ ਕੱਲ੍ਹ ਲਏ ਗਏ ਫੈਸਲੇ ’ਤੇ ਫੁੱਲ ਚੜ੍ਹਾਉਂਦਿਆਂ ਆਪਣੀ ਭੁੱਖ ਹੜਤਾਲ ਸਮਾਪਤ ਕਰਨ। ਉਨ੍ਹਾਂ ਕਿਹਾ ਕਿ ਸਮੁੱਚਾ ਪੰਥ ਭਾਈ ਰਾਜੋਆਣਾ ਦੇ ਨਾਲ ਹੈ ਅਤੇ ਅੱਜ ਦੀ ਫੈਡਰੇਸ਼ਨ ਆਗੂਆਂ ਦੀ ਇਕੱਤਰਤਾ ਵਿਚ ਵੀ ਇਸ ਸਬੰਧ ਵਿਚ ਕੀਤੇ ਜਾਣ ਵਾਲੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਫੈਡਰੇਸ਼ਨ ਆਗੂਆਂ ਦੀ ਇਕੱਤਰਤਾ ਵਿਚ ਸਾਰੀਆਂ ਧਿਰਾਂ ਦੇ ਏਕੇ ਦਾ ਹਾਂਪੱਖੀ ਵਿਚਾਰ ਵੀ ਸਾਹਮਣੇ ਆਇਆ ਹੈ, ਜਿਸ ਨੂੰ ਸਿਰੇ ਚੜ੍ਹਾਉਣ ਲਈ ਉਨ੍ਹਾਂ (ਸ਼੍ਰੋਮਣੀ ਕਮੇਟੀ ਪ੍ਰਧਾਨ) ਨੂੰ ਜੁੰਮੇਵਾਰੀ ਅਤੇ ਅਧਿਕਾਰ ਦਿੱਤੇ ਗਏ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸ਼ੁੱਭ ਵਿਚਾਰ ਹੈ, ਜਿਸ ਨੂੰ ਅਮਲ ਵਿਚ ਲਿਆਉਣ ਲਈ ਕਾਰਜ ਕੀਤਾ ਜਾਵੇਗਾ। ਕਿਉਂਕਿ ਮੌਜੂਦਾ ਸਮੇਂ ਅੰਦਰ ਕੌਮ ਦੀ ਵੱਖੋ-ਵੱਖ ਥਾਵਾਂ ’ਤੇ ਯਤਨਸ਼ੀਲ ਸ਼ਕਤੀ ਨੂੰ ਇਕਜੁੱਟ ਕਰਨਾ ਅੱਜ ਦੀ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 20 ਦਸੰਬਰ ਦੇ ਦਿੱਲੀ ਪ੍ਰਦਰਸ਼ਨ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ ਅਤੇ ਇਸ ਤਹਿਤ ਪੰਥਕ ਜਥੇਬੰਦੀਆਂ ਦੇ ਨਾਲ-ਨਾਲ ਅਕਾਲੀ ਦਲ ਦੀਆਂ ਸਮੂਹ ਧਿਰਾਂ ਅਤੇ ਕਿਸਾਨ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ।

Share this Article
Leave a comment