ਚੰਡੀਗੜ੍ਹ: ਹਰਿਆਣਾ ਦੀ ਐਸਟੀਐਫ਼ (STF) ਅੰਬਾਲਾ ਯੂਨਿਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਲਖਵਿੰਦਰ ਉਰਫ਼ “ਲਾਖਾ” ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 2023 ਵਿੱਚ ਅੰਬਾਲਾ ਦੇ ਸੈਕਟਰ 9 ਪੁਲਿਸ ਥਾਣੇ ’ਚ ਦਰਜ ਕੇਸ ਦੇ ਤਹਿਤ ਤੇਲ ਦੇ ਵਪਾਰੀ ਦੇ ਘਰ ’ਤੇ ਫਾਇਰਿੰਗ ਕਰਨ ਦਾ ਦੋਸ਼ ਹੈ।
ਲਖਵਿੰਦਰ ਨੂੰ ਅਮਰੀਕਾ ਵਿੱਚ FBI ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ 25 ਅਕਤੂਬਰ ਨੂੰ ਉਸਨੂੰ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ। ਦਿੱਲੀ ਏਅਰਪੋਰਟ ’ਤੇ ਹੀ ਹਰਿਆਣਾ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਸੀ। ਹੁਣ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਲਖਵਿੰਦਰ ਕੈਥਲ ਜ਼ਿਲ੍ਹੇ ਦੇ ਤਿਤਰਮ ਪਿੰਡ ਦਾ ਰਹਿਣ ਵਾਲਾ ਹੈ ਅਤੇ 2022 ਤੋਂ ਅਮਰੀਕਾ ਵਿੱਚ ਗੈਂਗਸਟਰ ਅਨਮੋਲ ਦੇ ਹੁਕਮਾਂ ਤਹਿਤ ਸਰਗਰਮ ਸੀ। ਉਸ ਉੱਤੇ ਹਰਿਆਣਾ ਦੇ 5 ਜ਼ਿਲ੍ਹਿਆਂ ’ਚ ਅਪਰਾਧਿਕ ਕੇਸ ਦਰਜ ਹਨ।
ਲਖਵਿੰਦਰ ਉਰਫ਼ ਲਾਖਾ ਦਾ ਅਪਰਾਧਿਕ ਇਤਿਹਾਸ
ਗੋਹਾਣਾ: 1 ਕਰੋੜ ਦੀ ਫਿਰੌਤੀ ਦੀ ਮੰਗ
14 ਫਰਵਰੀ 2023 ਨੂੰ ਗੋਹਾਣਾ ਸ਼ਹਿਰ ਪੁਲਿਸ ਥਾਣੇ ’ਚ ਪਹਿਲਾ ਕੇਸ ਦਰਜ ਹੋਇਆ। ਸ਼ਿਕਾਇਤਕਰਤਾ ਸੂਮਿਤ ਕੁਮਾਰ ਨੇ ਦੱਸਿਆ ਕਿ ਉਸਨੂੰ ਵਟਸਐਪ ’ਤੇ ਕਾਲ ਆਈ ਜਿਥੇ ਕਾਲਰ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦਾ ਆਦਮੀ ਦੱਸਿਆ ਤੇ 1 ਕਰੋੜ ਰੁਪਏ ਮੰਗੇ। ਧਮਕੀ ਦਿੱਤੀ ਗਈ ਕਿ ਨਾ ਦਿੱਤੇ ਤਾਂ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ।
ਮਹਮ ਜਵੈਲਰ ਕੋਲੋਂ ਵੀ ਮੰਗੀ ਫਿਰੌਤੀ
21 ਮਾਰਚ 2023 ਨੂੰ ਰੋਹਤਕ ਦੇ ਮਹਮ ਥਾਣੇ ’ਚ ਦੂਜਾ ਕੇਸ ਦਰਜ ਹੋਇਆ। ਜਵੈਲਰ ਰਾਜੇਸ਼ ਸੋਨੀ ਨੇ ਦੱਸਿਆ ਕਿ ਲਖਵਿੰਦਰ ਨੇ ਉਸ ਤੋਂ ਇੱਕ ਕਰੋੜ ਰੁਪਏ ਮੰਗੇ ਤੇ ਨਾ ਦੇਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਯਮੁਨਾਨਗਰ: ਵਪਾਰੀ ਨੂੰ ਮਿਲੀ ਧਮਕੀ
22 ਮਾਰਚ 2023 ਨੂੰ ਯਮੁਨਾਨਗਰ ’ਚ ਦਰਜ ਕੇਸ ਅਨੁਸਾਰ ਲਖਵਿੰਦਰ ਨੇ ਇਕ ਹੋਰ ਵਪਾਰੀ ਨੂੰ ਧਮਕਾ ਕੇ ਪੈਸੇ ਮੰਗੇ।
ਕੈਥਲ – ਮਾਈਨਿੰਗ ਕਾਰੋਬਾਰੀ ਤੋਂ 50 ਲੱਖ ਦੀ ਉਗਾਹੀ ਦੀ ਕੋਸ਼ਿਸ਼
29 ਮਾਰਚ 2023 ਨੂੰ ਕੈਥਲ ਥਾਣੇ ’ਚ ਦਰਜ FIR ’ਚ ਦਰਜ ਹੈ ਕਿ ਲਖਵਿੰਦਰ ਨੇ ਇੱਕ ਖਾਣ ਮਾਲਕ ਨੂੰ ਕਾਲ ਕਰਕੇ 50 ਲੱਖ ਰੁਪਏ ਦੀ ਫਿਰੌਤੀ ਮੰਗੀ।
ਅੰਬਾਲਾ: ਵਪਾਰੀ ਦੇ ਘਰ ’ਤੇ ਫਾਇਰਿੰਗ
27 ਅਪ੍ਰੈਲ 2023 ਨੂੰ ਸਭ ਤੋਂ ਗੰਭੀਰ ਮਾਮਲਾ ਅੰਬਾਲਾ ਦੇ ਸੈਕਟਰ 9 ’ਚ ਦਰਜ ਹੋਇਆ। ਵਪਾਰੀ ਅਰਸ਼ਜੋਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੋ ਮੁਖੌਟਾਧਾਰੀ ਨੌਜਵਾਨਾਂ ਨੇ ਉਸਦੇ ਘਰ ’ਤੇ ਗੋਲੀਆਂ ਚਲਾਈਆਂ। CCTV ਫੁਟੇਜ ਵਿੱਚ ਦੋਸ਼ੀ ਮੋਟਰਸਾਈਕਲ ’ਤੇ ਭੱਜਦੇ ਦਿੱਖੇ।
ਇਸ ਤੋਂ ਬਾਅਦ ਇੰਟਰਪੋਲ ਨੇ ਅਕਤੂਬਰ 2024 ਵਿੱਚ ਉਸਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਵਿੱਚ FBI ਨੇ ਗ੍ਰਿਫ਼ਤਾਰੀ ਕੀਤੀ ਤੇ ਹੁਣ ਉਹ ਭਾਰਤ ਵਾਪਸ ਲਿਆਂਦਾ ਗਿਆ ਹੈ।

