ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ, ਸਿੱਧੂ ਦੇ ਪਿਤਾ ਗਵਾਹੀ ਦੇਣ ਲਈ ਮਾਣਯੋਗ ਅਦਾਲਤ ਪਹੁੰਚੇ ਸਨ, ਪਰ ਜੱਜ ਛੁੱਟੀ ‘ਤੇ ਹੋਣ ਕਾਰਨ, ਗਵਾਹੀ ਦੇਣ ਲਈ ਅਗਲੀ ਸੁਣਵਾਈ 11 ਅਪ੍ਰੈਲ 2025 ਨੂੰ ਤੈਅ ਕੀਤੀ ਗਈ ਹੈ। ਉਨ੍ਹਾਂ ਦੇ ਨਾਲ ਤਫਤੀਸ਼ੀ ਅਫ਼ਸਰ ਤੇ ਸੇਵਾ ਮੁਕਤ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਗਵਾਹੀ ਵੀ ਹੋਣੀ ਸੀ।
ਇਸ ਤੋਂ ਪਹਿਲਾਂ 28 ਫ਼ਰਵਰੀ ਨੂੰ ਬਾਰ ਐਸੋਸੀਏਸ਼ਨ ਮਾਨਸਾ ਦੀ ਚੋਣ ਹੋਣ ਕਰ ਕੇ ਸੁਣਵਾਈ ਨਹੀਂ ਹੋ ਸਕੀ । ਉਸ ਤੋਂ ਪਹਿਲਾਂ ਬਲਕੌਰ ਸਿੰਘ ਦੀ ਸਿਹਤ ਠੀਕ ਨਾ ਹੋਣ ਕਰ ਕੇ ਗਵਾਹੀ ਦੇਣ ਲਈ ਨਹੀਂ ਪਹੁੰਚੇ ਸਨ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗ ਬੁਲਾਈ ਅਤੇ ਉਨ੍ਹਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਵਿਰੋਧ ਨੂੰ ਪੁਲਿਸ ਫੋਰਸ ਨੇ ਤੋੜ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਹ ਵਪਾਰੀਆਂ ਨਾਲ ਮੀਟਿੰਗ ਕਰ ਰਹੀ ਹੈ ਜੋ ਕਿ ਇੱਕ ਡਰਾਮਾ ਹੈ। ਉਨ੍ਹਾਂ ਦਾ ਪੁੱਤਰ ਸਿੱਧੂ ਮੂਸੇ ਵਾਲਾ ਇੱਕ ਕਿਸਾਨ ਹੋਣ ਦੇ ਨਾਲ-ਨਾਲ ਇੱਕ ਵਪਾਰੀ ਵੀ ਸੀ ਜਿਸਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਾਰਨ ਬਠਿੰਡਾ, ਮੋਗਾ, ਲੁਧਿਆਣਾ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਾਰੋਬਾਰੀਆਂ ਦਾ ਕਤਲ ਹੋਇਆ, ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਸਰਕਾਰ ਅੱਜ ਕਾਰੋਬਾਰੀਆਂ ਦਾ ਦਰਦ ਸਾਂਝਾ ਕਰਨ ਦਾ ਡਰਾਮਾ ਕਰ ਰਹੀ ਹੈ।
ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਗਵਾਹੀ ਦੇਣ ਆਏ ਸਨ ਪਰ ਉਨ੍ਹਾਂ ਦੀ ਗਵਾਹੀ ਨਹੀਂ ਲਈ ਜਾ ਸਕੀ ਕਿਉਂਕਿ ਸੈਸ਼ਨ ਜੱਜ ਮਾਣਯੋਗ ਅਦਾਲਤ ਵਿੱਚ ਛੁੱਟੀ ‘ਤੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸਿਹਤ ਖਰਾਬ ਹੋਣ ਕਾਰਨ ਉਹ ਤਿੰਨ ਵਾਰ ਗਵਾਹੀ ਦੇਣ ਨਹੀਂ ਆਏ ਪਰ ਉਹ ਅੱਜ ਗਵਾਹੀ ਦੇਣ ਲਈ ਆਏ ਸਨ ਅਤੇ ਮਾਣਯੋਗ ਅਦਾਲਤ ਵੱਲੋਂ ਗਵਾਹੀ ਦੀ ਅਗਲੀ ਤਰੀਕ 11 ਅਪ੍ਰੈਲ ਨਿਰਧਾਰਿਤ ਕੀਤੀ ਗਈ ਹੈ।