-ਅਵਤਾਰ ਸਿੰਘ;
ਜੋ ਲੋਕ ਜਮੀਨ-ਜਾਇਦਾਦ ਨਾਲ ਜੁੜੇ ਹਨ ਖਾਸਕਰ ਜੱਟਾਂ-ਜਿਮੀਂਦਾਰਾਂ ਨੂੰ ਜਮਾਂਬੰਦੀ, ਗਿਰਦਾਵਰੀ, ਇੰਤਕਾਲ ਜਿਹੇ ਸ਼ਬਦ ਅਕਸਰ ਸੁਨਣ ਨੂੰ ਮਿਲਦੇ ਹਨ। ਪਰ ਜਿਆਦਾਤਰ ਲੋਕ ਇਹਨਾਂ ਦੇ ਅਸਲ ਮਤਲਬ ਤੋਂ ਅਣਜਾਣ ਹੁੰਦੇ ਹਨ ਤੇ ਇਹਨਾਂ ਨੂੰ ਪੜ੍ਨਾ ਤੇ ਸਮਝਣਾ ਤਾਂ ਆਮ ਪੜੇ-ਲਿਖਿਆਂ ਦੇ ਵੀ ਵੱਸ ਤੋਂ ਬਾਹਰ ਦੀ ਗੱਲ ਹੈ। ਇਸ ਕਰਕੇ ਅਕਸਰ ਜੱਟਾਂ ਨੂੰ ਸਰਕਾਰੇ-ਦਰਬਾਰੇ ਪ੍ਰੇਸ਼ਾਨੀ ਹੁੰਦੀ ਤੇ ਕਈ ਵਾਰੀ ਅਪਣੀ ਜਮੀਨ-ਜਾਇਦਾਦ ਦੀ ਮਾਲਕੀ-ਕਾਬਜ਼ੀ ਦਾ ਪਤਾ ਨਹੀਂ ਹੁੰਦਾ।
ਇਸ ਤਰ੍ਹਾਂ ਦੀ ਅਣਜਾਣਤਾ ਧੋਖਾਧੜੀ ਦਾ ਕਾਰਨ ਵੀ ਬਣਦੀ ਹੈ ਤੇ ਪਟਵਾਰੀਆਂ ਜਾਂ ਹੋਰ ਮਹਿਕਮਿਆਂ ਵਿੱਚ ਲੁੱਟ, ਰਿਸ਼ਵਤਖੋਰੀ ਦਾ ਕਾਰਨ ਵੀ ਬਣ ਦੀ ਹੈ। ਜੇ ਆਮ ਲੋਕਾਂ ਨੂੰ ਇਹ ਮੂਲ ਜਾਣਕਾਰੀ ਹੋਵੇ ਤਾਂ ਉਹ ਆਪਣੀ ਜ਼ਮੀਨ-ਜਾਇਦਾਦ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਖੁਦ ਬਖੁਦ ਹੱਲ ਕਰ ਸਕਦੇ ਹਨ। ਇਸ ਨਾਲ ਕਈ ਤਰ੍ਹਾਂ ਘਰੇਲੂ ਵਿਵਾਦ ਜਿਵੇਂ ਜਮੀਨੀ ਵੰਡ, ਕਬਜ਼ਾ, ਰਿਕਾਰਡ ਦੀ ਅਣਜਾਣਤਾ, ਕਾਸ਼ਤ ਵਗੈਰਾ ਦੇ ਬੇਲੋੜੇ ਮਸਲਿਆਂ ਤੋਂ ਬਚਿਆ ਜਾ ਸਕਦਾ ਹੈ।
(1) ਜਮਾਂਬੰਦੀ : ਜ਼ਮੀਨ ਦੇ ਰਿਕਾਰਡ ‘ਚ ਜਮਾਂਬੰਦੀ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਨੂੰ ਆਮ ਬੋਲ-ਚਾਲ ਦੀ ਭਾਸ਼ਾ ‘ਚ ਫਰਦ ਵੀ ਕਿਹਾ ਜਾਂਦਾ ਹੈ। ਇਹ ਪ੍ਰਮਾਣਤ ਤੇ ਪੱਕਾ ਰਿਕਾਰਡ ਹੁੰਦਾ ਹੈ ਜੋ ਸਬੂਤ ਜਾਂ ਦਾਅਵੇ ਦੇ ਤੌਰ ‘ਤੇ ਕੰਮ/ਪੇਸ਼ ਕੀਤਾ ਜਾਂਦਾ ਹੈ। ਇਸ ‘ਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ, ਬਿਨਾਂ ਕਿਸੇ ਵਾਜ਼ਬ ਤਰੀਕੇ ਦੇ। ਪਹਿਲਾਂ ਜਮਾਂਬੰਦੀ ਪਟਵਾਰੀ ਦਿੰਦੇ ਸੀ ਪਰ ਅੱਜ-ਕੱਲ ਲਗਭਗ ਸਾਰੇ ਪੰਜਾਬ ਦਾ ਰਿਕਾਰਡ ਹੀ ਇੰਟਰਨੈੱਟ ਤੇ ਮੌਜੂਦ ਹੈ ਜੋ ਕਿ ਕਿ ਕਿਤੋਂ ਵੀ ਤੇ ਕਦੇ ਵੀ ਚੈੱਕ ਕੀਤਾ ਜਾ ਸਕਦਾ ਹੈ।ਤਸਦੀਕਸ਼ੁਦਾ ਪੜਤ ਵੱਖ-ਵੱਖ ਤਹਿਸੀਲਾਂ,ਸਬ-ਤਹਿਸੀਲਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਜੋ ਇਕ ਮਹੀਨੇ ਲਈ ਵਰਤੋਂ ਯੋਗ ਹੁੰਦੀ ਹੈ। ਜਮਾਂਬੰਦੀ/ਫਰਦ ‘ਚ ਅੱਜ-ਕੱਲ 8 ਖਾਨੇ (ਕਾਲਮ) ਹੁੰਦੇ ਹਨ, ਪੁਰਾਣੇ ਸਮੇਂ ‘ਚ ਇਸ ਤੋਂ ਜਿਆਦਾ ਖਾਨੇ ਹੁੰਦੇ ਸਨ ਪਰ ਹੁਣ ਉਨ੍ਹਾਂ ਦੀ ਸਾਰਥਕਤਾ ਨਹੀਂ ਰਹੀ ਉਂਝ ਜਰੂਰਤ ਜਾਂ ਜਾਣਕਾਰੀ ਲਈ ਪਟਵਾਰੀ ਕੋਲ ਹੱਥ ਲਿਖਤ ਰਿਕਾਰਡ ਵੇਖਿਆ ਜਾ ਸਕਦਾ ਹੈ। ਜਮਾਂਬੰਦੀ ਦੇ ਵੱਖ-ਵੱਖ ਖਾਨੇ ਜਮੀਨੀ ਰਿਕਾਰਡ ਸਬੰਧੀ ਵੱਖ-ਵੱਖ ਤੇ ਪੂਰਣ ਜਾਣਕਾਰੀ ਦਿੰਦੇ ਹਨ ਅਗਰ ਕੋਈ ਖਾਨਾ ਅਧੂਰਾ ਜਾਂ ਸਪਸ਼ਟ ਨਾ ਹੋਵੇ ਤਾਂ ਉਹ ਜਮਾਂਬੰਦੀ ਅਧੂਰੀ ਜਾਂ ਪ੍ਰਮਾਣਤ ਨਹੀਂ ਮੰਨੀ ਜਾਂਦੀ।
(2)ਗਿਰਦਾਵਰੀ : ਜਮਾਂਬੰਦੀ ਤੋਂ ਬਾਅਦ ਫ਼ਸਲ/ਜ਼ਮੀਨ ਨਾਲ ਸਬੰਧਤ ਗਿਰਦਾਵਰੀ ਰਜਿਸਟਰ ਦੀ ਬੜੀ ਮਹੱਤਤਾ ਹੈ। ਇਸ ਨੂੰ ਖ਼ਸਰਾ ਗਿਰਦਾਵਰੀ ਜਾਂ ਫ਼ਸਲ ਮੁਆਇਨਾ ਕਿਤਾਬ ਕਿਹਾ ਜਾਂਦਾ ਹੈ, ਪਰ ਆਮ ਤੌਰ ‘ਤੇ ਗਿਰਦਾਵਰੀ ਜਾਂ ਜੱਟ ਭਾਸ਼ਾ ‘ਚ “ਗਰਦੌਰੀ” ਹੀ ਬੋਲਿਆ ਜਾਂਦਾ ਹੈ। ਇਹ ਮੂਲ ਤੌਰ ‘ਤੇ ਫ਼ਸਲ ਦੇ ਰਿਕਾਰਡ ਲਈ ਹੁੰਦਾ ਮਸਲਨ ਜਮੀਨ ਦਾ ਕਾਸ਼ਤਕਾਰ ਕੌਣ ਹੈ ਤੇ ਕਿਹੜੀ ਬੀਜੀ/ਵਾਹੀ ਜਾ ਰਹੀ ਹੈ। ਇਸ ਤੋਂ ਕਬਜ਼ਾ ਧਾਰਕ ਦੀ ਤਸਦੀਕ ਹੁੰਦੀ ਹੈ। ਗਿਰਦਾਵਰੀ ਦੀ ਮਾਲਕੀ ਹੱਕ ਲਈ ਪਰਮਾਣਕਤਾ ਜਮਾਂਬੰਦੀ ਜਿੰਨੀ ਨਹੀਂ ਹੁੰਦੀ ਇਹ ਖਸਰਾ ਨੰਬਰ ਅਨੁਸਾਰ ਕਬਜ਼ਾ/ਫ਼ਸਲ ਦਾ ਰਿਕਾਰਡ ਹੈ। ਗਿਰਦਾਵਰੀ ਰਜਿਸਟਰ ਪੰਨੇ ਤੇ 20 ਖਾਨੇ (ਕਾਲਮ) ਹੁੰਦੇ ਹਨ ਪਰ ਸ਼ੁਰੂ ਵਾਲੇ 8 ਖਾਨਿਆਂ ਤੋਂ ਬਾਦ ਸਾਵੇ ਖਾਨੇ ਹੀ ਦੁਬਾਰਾ ਆਉਂਦੇ ਹਨ।
(3) ਇੰਤਕਾਲ : ਇੰਤਕਾਲ ਅਸਲ ਵਿਚ ਰਜਿਸਟਰ ਇੰਤਕਾਲ ਹੁੰਦਾ ਏ ਜਿਸ ਨੂੰ ਆਮ ਲੋਕ ਉਸ ਵਿਚ ਦਰਜ ਹੋਣ ਵਾਲੇ ਵੱਖ-ਵੱਖ ਇੰਤਕਾਲਾਤ ਕਰਕੇ ਸਿਰਫ ਇੰਤਕਾਲ ਹੀ ਬੋਲਦੇ ਹਨ। ਇੰਤਕਾਲ ਸ਼ਬਦ ਦਾ ਅਸਲ ਅਰਥ ਹੁੰਦਾ ‘ਤਰਮੀਮ’ ਜਾਂ ‘ਬਦਲਾਵ ਕਰਨਾ’। ਮਤਲਬ ਅਗਰ ਮਾਲ ਰਿਕਾਰਡ ‘ਚ ਕੋਈ ਤਬਦੀਲੀ ਕਰਨੀ ਹੋਵੇ ਤਾਂ ਉਹਦੇ ਲਈ ਇੰਤਕਾਲ ਦਰਜ ਕਰਨਾ ਪੈਂਦਾ ਹੈ।
ਇਥੇ ਦਰਜ ਕਰਨ ਤੋਂ ਬਾਅਦ ਹੀ ਉਹ ਰਿਕਾਰਡ ਜਮਾਂਬੰਦੀ ‘ਚ ਦਰਜ ਕੀਤਾ ਜਾ ਸਕਦਾ ਏ, ਭਾਵ ਜਮਾਂਬੰਦੀ ‘ਚ ਸੋਧ ਜਾਂ ਕੋਈ ਤਬਦੀਲੀ ਕਰਨ ਲਈ ਇੰਤਕਾਲ ਜਰੂਰੀ ਏ।ਇੰਤਕਾਲ ਰਜਿਸਟਰ ਦੇ 15 ਖਾਨੇ ਹੁੰਦੇ ਹਨ।15 ਖਾਨਿਆਂ ਨੂੰ ਵੀ ਅੱਗੇ ਦੋ ਭਾਗਾਂ ‘ਚ ਵੰਡਿਆ ਹੁੰਦਾ ਏ,7 ਖੱਬੇ ਪਾਸੇ ਤੇ 8 ਸੱਜੇ ਪਾਸੇ /ਖੱਬੇ ਪਾਸੇ ਉਹ ਰਿਕਾਰਡ ਪੁਰਾਣਾ ਰਿਕਾਰਡ ਹੁੰਦਾ ਜਿਸ ਨੂੰ ਬਦਲਣ ਦੀ ਲੋੜ ਹੈ ਤੇ ਸੱਜੇ ਪਾਸੇ ਉਹ ਰਿਕਾਰਡ ਹੁੰਦਾ ਜੋ ਨਵਾਂ ਦਰਜ (ਕਾਇਮ) ਕਰਨਾ ਏ।ਇੰਤਕਾਲ ਹਲਕਾ ਪਟਵਾਰੀ ਦਰਜ ਕਰਦਾ ਹੈ ਤੇ ਅੱਗੇ ਨਾਇਬ ਤਹਿਸੀਲਦਾਰ, ਤਹਿਸੀਲਦਾਰ ਜਾਂ ਐੱਸ. ਡੀ. ਐੱਮ. ਮਨਜੂਰ ਜਾਂ ਨਾ-ਮਨਜੂਰ ਕਰਦਾ ਹੈ।
(4) ਰਜਿਸਟਰ ਰੋਜਨਾਮਚਾ : ਹਾਲਾਂਕਿ ਰਜਿਸਟਰ ਰੋਜਨਾਮਚਾ ਦਾ ਆਮ ਲੋਕਾਂ ਨਾਲ ਕੋਈ ਖਾਸ ਤਾਅਲੁਕ ਨਹੀਂ ਹੁੰਦਾ ਫਿਰ ਵੀ ਪਟਵਾਰੀ ਲਈ ਇਸ ਦੀ ਕਾਫੀ ਮਹੱਤਤਾ ਹੈ। ਨਾਮ ਮੁਤਾਬਿਕ ਹੀ ਰਜਿਸਟਰ ਰੋਜਨਾਮਚਾ ‘ਚ ਪਟਵਾਰੀ ਰੋਜਾਨਾ ਦੀਆਂ ਛੋਟੀਆਂ-ਵੱਡੀਆਂ ਰਿਪੋਟਾਂ ਲਿਖਦਾ ਹੈ ਜੋ ਸਰਕਾਰੀ ਜਾਂ ਗੈਰ-ਸਰਕਾਰੀ ਹੋ ਸਕਦੀਆਂ ਹਨ।
ਫਰਦ ਵਿੱਚ ਕੁੱਲ ਅੱਠ ਨੰਬਰ ਹੁੰਦੇ ਹਨ ਜੇਕਰ ਤੁਸੀ ਇਹ ਅੱਠ ਨੰਬਰਾਂ ਬਾਰੇ ਜਾਣ ਲਵੋਗੇ ਤਾ ਤੁਸੀ ਫਰਦ ਬਾਰੇ ਬਹੁਤ ਕੁਝ ਸਿੱਖ ਜਾਵੋਗੇ।
1.ਖੇਵਟ ਨੰਬਰ/ਮਾਲ/ਪੱਤੀ,ਨੰਬਰਦਾਰ,ਮਾਲ
ਖੇਵਟ ਨੰਬਰ ਆਮ ਤੌਰ ਤੇ ਮਾਲ ਅਫਸਰਾਂ ਦੁਆਰਾ ‘ਖਾਤਾ ਨੰਬਰ’ ਅਖਵਾਉਂਦਾ ਹੈ,ਉਹ ਮਾਲਕਾਂ ਨੂੰ ਦਿੱਤੇ ਗਏ ਅਕਾਉਂਟ ਨੰਬਰ ਹਨ ਜੋ ਜ਼ਮੀਨ ਹਿੱਸੇਦਾਰਾਂ ਦਾ ਇਕ ਸਮੂਹ ਬਣਾਉਂਦਾ ਹੈ ਜੋ ਜ਼ਮੀਨ ਦੀ ਉਸੇ ਜਾਂ ਵੱਖਰੇ ਅਨੁਪਾਤ ਵਿੱਚ ਮਾਲਕ ਹੁੰਦੇ ਹਨ।ਜੇਕਰ ਆਮ ਭਾਸ਼ਾ ਵਿੱਚ ਗੱਲ ਕਰੀਏ ਤਾਂ ਖੇਵਟ ਨੰਬਰ ਵਿੱਚ ਇਕ ਤੋਂ ਵੱਧ ਹਿੱਸੇਦਾਰ ਹੋਣਗੇ।ਤੁਹਾਡੀ ਖੇਵਟ ਵਿੱਚ ਤੁਹਾਡੇ ਆਂਢੀ-ਗਵਾਂਢੀ,ਚਾਚੇ ਤਾਏ ਦੀ ਜ਼ਮੀਨ ਵੀ ਹੋ ਸਕਦੀ ਹੈ ।2.ਖਤੌਨੀ ਨੰਬਰ/ਲਗਾਨ-ਖਤੌਨੀ ਨੰਬਰ ਕਿਸੇ ਪਿੰਡ ਵਿੱਚ ਜ਼ਮੀਨਾਂ ਤੇ ਕਬਜ਼ਾ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ ਇਹ ਇੱਕ ਦਸਤਾਵੇਜ਼ ਹੈ ਇਸ ਵਿਚ ਜ਼ਮੀਨ ਮਾਲਕੀ,ਕਾਸ਼ਤ ਅਤੇ ਵੱਖ-ਵੱਖ ਅਧਿਕਾਰਾਂ ਬਾਰੇ ਇੰਦਰਾਜ ਸ਼ਾਮਲ ਹਨ।ਆਮ ਭਾਸ਼ਾ ਵਿੱਚ ਗੱਲ ਕਰੀਏ ਤਾਂ ਖਤੌਨੀ ਨੰਬਰ ਜ਼ਮੀਨ ਦੇ ਇਕ ਟੱਕ ਨੂੰ ਦਿੱਤਾ ਜਾਂਦਾ ਹੈ ਜਿਸ ਵਿੱਚ ਜ਼ਿਆਦਾਤਰ ਸਿਰਫ ਜਮੀਨ ਮਾਲਿਕ ਦਾ ਨਾਮ ਹੁੰਦਾ ਹੈ।ਤੁਸੀਂ ਆਪਣੀ ਜ਼ਮੀਨ ਦੇ ਖਤੌਨੀ ਨੰਬਰ ਤੋਂ ਆਪਣੀ ਜ਼ਮੀਨ ਦੇ ਵੱਖ-ਵੱਖ ਟੱਕ ਬਾਰੇ ਜਾਣਕਾਰੀ ਲੈ ਸਕਦੇ ਹੋ ।3.ਮਾਲਕ ਦਾ ਨਾਂ ਅਤੇ ਵੇਰਵਾ-ਮਾਲਕ ਦਾ ਨਾਮ ਅਤੇ ਵੇਰਵੇ ਬਾਰੇ ਜਿਆਦਾ ਕੁਝ ਦੱਸਣ ਦੀ ਲੋੜ ਨਹੀ ਹੈ,ਜਿਵੇ ਕਿ ਸਪੱਸ਼ਟ ਹੀ ਲੱਗ ਰਿਹਾ ਹੈ ਮਾਲਕ ਦਾ ਨਾਮ ਅਤੇ ਵੇਰਵਾ ਇਸ ਵਿੱਚ ਹਿੱਸਾ ਵੀ ਲਿਖਿਆ ਹੋਵੇਗਾ ਕਿ ਜੋ ਕੁਲ ਰਕਬਾ ਹੈ ਜਾ ਜੋ ਜਮੀਨ ਹੈ ਉਸ ਵਿੱਚ ਕੁਲ ਕਿੰਨਾ ਹਿੱਸਾ ਹੈ ਕਿਸ ਦਾ ਹੈ।
4. ਕਾਸ਼ਤਕਾਰ ਦਾ ਨਾਂ ਤੇ ਵੇਰਵਾ -ਇਸ ਵਿੱਚ ਦੱਸਿਆ ਜਾਂਦਾ ਹੈ ਕਿ ਕੌਣ ਜ਼ਮੀਨ ਬੀਜ ਰਿਹਾ ਹੈ। 5.ਸਿੰਚਾਈ ਦਾ ਸਾਧਨ -ਸਿੰਚਾਈ ਦੇ ਸਾਧਨ ਤੋਂ ਭਾਵ ਪਾਣੀ ਦਾ ਸਾਧਨ ਕੀ ਹੈ ਨਹਿਰੀ ਜਾਂ ਟਿਊਬਵੈੱਲ ਜਾਂ ਬਰਾਨੀ। 6. ਮੁਰੱਬਾ ਅਤੇ ਖਸਰਾ ਨੰਬਰ-ਖ਼ਸਰਾ ਭਾਰਤ ਅਤੇ ਪਾਕਿਸਤਾਨ ਵਿੱਚ ਜ਼ਮੀਨ ਦੇ ਨਾਲ ਸੰਬੰਧਤ ਇੱਕ ਕਾਨੂੰਨੀ ਦਸਤਾਵੇਜ਼ ਨੂੰ ਕਹਿੰਦੇ ਹਨ ਜਿਸ ਵਿੱਚ ਕਿਸੇ ਪਿੰਡ ਵਿੱਚ ਜ਼ਮੀਨ ਦੇ ਇੱਕ ਟੁਕੜੇ ਅਤੇ ਉਸਤੇ ਉਗਾਈ ਫਸਲ ਦਾ ਵੇਰਵਾ ਲਿਖਿਆ ਹੁੰਦਾ ਹੈ। ਮੁਰੱਬਾ ਅਸਲ ਵਿੱਚ ਪਿੰਡ ਦੀ ਸਾਰੀ ਜ਼ਮੀਨ ਨੂੰ ਇਕ ਖਾਸ ਆਕਾਰ ਦੇ ਟੁਕੜਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ ਹਰ ਟੁਕੜੇ ਨੂੰ ਵੱਖ ਵੱਖ ਨੰਬਰ ਦਿੱਤੇ ਜਾਂਦੇ ਹਨ, ਜਿਸਨੂੰ ਮੁਰੱਬਾ ਨੰਬਰ ਕਹਿੰਦੇ ਹਨ।ਵੈਸੇ ਮੁਰੱਬੇ ਦਾ ਆਕਾਰ 25 ਕਿੱਲੇ ਹੁੰਦਾ ਹੈ ਪਰ ਇਹ ਵੱਡਾ ਛੋਟਾ ਵੀ ਹੋ ਸਕਦਾ ਹੈ। ਕਿਸੇ ਵੀ ਮੁਰੱਬੇ ਨੰਬਰ ਵਿੱਚ ਇਕ ਤੋਂ ਵੱਧ ਲੋਕਾਂ ਦੀ ਜ਼ਮੀਨ ਹੋ ਸਕਦੀ ਹੈ। 7. ਰਕਬਾ ਅਤੇ ਭੌਂ ਦੀ ਕਿਸਮ-ਰਕਬੇ ਵਿੱਚ ਲਿਖਿਆ ਹੋਵੇਗਾ ਜਿਵੇ ਕਿ 4-7 (ਨਹਿਰੀ) ਇਦਾਂ ਲਿਖਿਆ ਹੋਵੇਗਾ ਤਾ ਇਸ ਦਾ ਮਤਲਬ ਹੈ ਕਿ ਰਕਬਾ ਨਹਿਰੀ ਹੈ ਅਤੇ 4-7 ਦਾ ਮਤਲਬ ਹੈ ਕਿ ਚਾਰ ਕਨਾਲਾ ਸੱਤ ਮਰਲੇ ਜਮੀਨ ਅੱਗੇ ਲਿਖਿਆ ਮੰਨ ਲੋ 6-3 ਭਾਵ ਛੇ ਕਨਾਲਾਂ ਤਿੰਨ ਮਰਲੇ ਇਸ ਤੋ ਬਾਅਦ ਕੁਲ ਕਰਕੇ ਲਿਖਿਆ ਗਿਆ ਹੋਵੇਗਾ ਜਿਵੇ ਕਿ ਅਸੀ ਲਿਖਿਆ ਹੈ 4-7 ਅਤੇ 6-3 ਮਤਲਬ 10 ਕਨਾਲਾ 10 ਮਰਲੇ ਕੁੱਲ ਜ਼ਮੀਨ ਹੋਵੇਗੀ।
ਇੱਥੇ ਇਹ ਵਰਣਨਯੋਗ ਹੈ ਕਿ ਇਕ ਕਨਾਲ ਵਿੱਚ ਵੀਹ ਮਰਲੇ ਹੁੰਦੇ ਹਨ ਅਤੇ ਅੱਠ ਕਨਾਲਾਂ ਦਾ ਇੱਕ ਕਿੱਲਾ ਹੁੰਦਾ ਹੁੰਦਾ ਹੈ।
ਭੌਂ ਦੀ ਕਿਸਮ: ਜਮੀਨ ਦੀਆ ਕਿਸਮਾਂ ਹੇਠ ਲਿਖੇ ਅਨੁਸਾਰ ਹੋ ਸਕਦੀਆ ਹਨ।ਨਹਿਰੀ (ਜਿਸ ਨੂੰ ਨਹਿਰੀ ਪਾਣੀ ਲੱਗਦਾ ਹੋਵੇ,ਬਰਾਨੀ (ਜਿਸ ਨੂੰ ਪਾਣੀ ਨਾ ਲੱਗਦਾ ਹੋਵੇ ਅਤੇ ਸਿਰਫ ਮੀਹ ਤੇ ਅਧਾਰਿਤ ਹੋਵੇ ਟਿਊਬਵੈੱਲ ‘ਤੇ ਅਧਾਰਿਤ ਰਕਬਾਚਾਹੀ (ਇਸ ਵਿੱਚ ਚਾਹੀ ਤੋ ਭਾਵ ਹੈ ਚੱਕਵਾ ਪਾਣੀ ਆਦਿ ਤੋਂ ਹੈ। 8.ਵਿਸ਼ੇਸ਼ ਕਥਨ-ਵਿਸ਼ੇਸ਼ ਕਥਨ ਬਹੁਤ ਮਹਤੱਵਪੂਰਨ ਸਥਾਨ ਰੱਖਦਾ ਹੈ ਜਮਾਂਬੰਦੀ ਵਿੱਚ ਇਸ ਵਿੱਚ ਹੇਠ ਲਿਖੇ ਕਥਨ ਦਿੱਤੇ ਜਾਦੇ ਹਨ ਲਿਮਟ ਜਾਂ ਲੋਨ ਜੋ ਕਢਵਾਇਆ ਗਿਆ ਹੈ ਉਹ ਕਿਸ ਬੈਂਕ ਅਤੇ ਬਰਾਂਚ ਦਾ ਨਾਮ ਉਥੇ ਲਿਖਿਆ ਜਾਵੇਗਾ। ਜਿਵੇਂ ਕਿ ਲਿਖਿਆ ਜਾਂਦਾ ਹੈ ਕਿ ਆ ਨਾਮ (ਮਾਲਕ ਦਾ ਨਾ) ਦੇ ਬੰਦੇ ਨੇ ਆ ਨਾ ਦੀ ਬੈਂਕ ਦੀ ਆ ਬਰਾਂਚ (ਬਰਾਂਚ ਦਾ ਨਾਂ) ਦਾ ਇੰਨੇ ਲੱਖ ਜਾ ਹਜ਼ਾਰ (ਰੁਪਏ ਕਿੰਨੇ ਵੀ ਹੋ ਸਕਦੇ ਨੇ) ਇੰਨੇ ਰੁਪਏ ਵਿੱਚ ਆੜ ਰਹਿਨ ਕੀਤੀ ਜਾਦੀ ਹੈ। ਜਦੋਂ ਲਿਮਿਟ ਭਰ ਦਿੱਤੀ ਜਾਦੀ ਹੈ ਫਰਦ ਉਪਰ ਇਸੇ ਕਥਨ ਵਿੱਚ ਲਿਖਿਆ ਜਾਦਾ ਹੈ ਕਿ ਆੜ ਰਹਿਨ ਰਕਬਾ ਫੱਕ ਕੀਤਾ ਜਾਦਾ ਹੈ। ਜੇਕਰ ਕਿਸੇ ਨੇ ਜਮੀਨ ਵੇਚੀ ਜਾਂ ਖਰੀਦੀ ਹੋਵੇ ਉਹ ਵੀ ਵਿਸ਼ੇਸ਼ ਕਥਨ ਵਿੱਚ ਹੀ ਦਰਜ ਕੀਤੀ ਜਾਦੀ ਹੈ। ਜੇਕਰ ਤਬਦੀਲ ਮਲਕੀਅਤ ਕੀਤੀ ਹੋਵੇ ਤੇ ਫਿਰ ਵੀ ਇਸੇ ਕਥਨ ਵਿੱਚ ਆਵੇਗੀ।
ਨੋਟ ਕਰਨਯੋਗ ਗੱਲ: ਇਸ ਅੱਠਵੇ ਕਥਨ ਵਿੱਚ ਖਾਸ ਨੋਟ ਕਰਨਯੋਗ ਗੱਲ ਇਹ ਹੈ ਕਿ ਜੇਕਰ ਅਸੀ ਜਮੀਨ ਖਰੀਦਦੇ ਜਾਂ ਤਬਦੀਲ ਮਲਕੀਅਤ ਕਰਵਾਉਦੇ ਹਾਂ ਤਾਂ ਮਾਲਕ ਦੇ ਨਾਮ ਅਤੇ ਵੇਰਵੇ ਵਿੱਚ ਨਹੀਂ ਆਵੇਗੀ ਬਲਕਿ ਉਹ ਮਾਲਕ ਦੇ ਨਾਮ ਤੇ ਵੇਰਵੇ ਵਾਲੇ ਕਥਨ ਵਿੱਚ ਆਵੇਗੀ।