ਚੰਡੀਗਡ਼੍ਹ : ਲੰਬੀ ਵਿੱਚ 7 ਅਪ੍ਰੈਲ ਨੂੰ ਹੋਣ ਵਾਲੀ ਯੂਥ ਮੰਗਦਾ ਜਵਾਬ ਰੈਲੀ ਮੌਸਮ ਕਰਾਬ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੁਮਾਣਾ ਨੇ ਦੱਸਿਆ ਕਿ ਰੈਲੀ ਦਾ ਨਵਾਂ ਪ੍ਰੋਗਰਾਮ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਪਤ ਰਿਪੋਰਟਾਂ ਮੁਤਾਬਕ ਸੂਬੇ ਵਿੱਚ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਕਈ ਥਾਵਾਂ ’ਤੇ ਕਣਕ ਦੀ ਖਡ਼ੀ ਫ਼ਸਲ ਨੂੰ ਵਿਆਪਕ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਤੁਰੰਤ ਗਿਰਦਾਵਰੀ ਦੇ ਹੁਕਮ ਦਿੱਤੇ ਜਾਣ।
ਲੰਬੀ ‘ਚ ਰੈਲੀ ਕਰਨ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਵੱਲੋਂ ਰਾਏਕੋਟ ਵਿੱਚ ਰੈਲੀ ਕੀਤੀ ਗਈ ਸੀ। ਰਾਏਕੋਟ ‘ਚ ਬੰਟੀ ਰੁਮਾਣਾ ਨੇ ਕੈਪਟਨ ਅਤੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨੇ ਲਾਏ ਸਨ। ਉਹਨਾਂ ਕਿਹਾ ਸੀ ਕਿ ਕਾਂਗਰਸ ਤੇ ਆਦਮ ਆਦਮੀ ਪਾਰਟੀ (ਆਪ) ਦੋਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਰਲ ਕੇ ਫਿਕਸ ਮੈਚ ਖੇਡ ਰਹੀਆਂ ਹਨ ਤਾਂ ਜੋ ਕਿਸਾਨਾਂ ਤੇ ਪੰਜਾਬ ਦੇ ਹਿਤਾਂ ਦਾ ਨੁਕਸਾਨ ਕੀਤਾ ਜਾ ਸਕੇ।