ਫਰੀਦਕੋਟ: ਅਕਤੂਬਰ 2015 ‘ਚ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਅਤੇ ਬਹਿਬਲਕਲਾਂ ਵਿਖੇ ਧਰਨਾ ਲਗਾ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ‘ਤੇ ਹੋਏ ਪੁਲਿਸ ਤਸ਼ੱਦਦ ਦੇ 6 ਸਾਲ ਪੂਰੇ ਹੋਣ ਤੇ ਸਿੱਖ ਸੰਗਤਾਂ ਵਲੋਂ ਕੋਟਕਪੂਰਾ ਦੇ ਬੱਤੀਆਂ ਵਾਲਾ ਚੌਂਕ ‘ਚ ਲਾਹਣਤ ਦਿਹਾੜਾ ਮਨਾਇਆ ਗਿਆ। ਜਿਸ ਵਿਚ ਸਿੱਖ ਸੰਗਤਾਂ ਨੇ ਜਿਥੇ 6 ਸਾਲ ਬੀਤ ਜਾਣ ਬਾਅਦ ਵੀ ਇਨਸਾਫ ਨਾ ਮਿਲਣ ਤੇ ਰੋਸ ਪ੍ਰਗਟਾਇਆ ਉਥੇ ਹੀ ਪੰਜਾਬ ਸਰਕਾਰ ਅਤੇ ਬਾਦਲ ਪਰਿਵਾਰ ਖਿਲਾਫ ਲਾਹਣਤ ਪੱਤਰ ਜਾਰੀ ਕੀਤਾ।
ਇਸ ਮੌਕੇ ਦਰਬਾਰ ਏ ਖਾਲਸਾ ਦੇ ਆਗੂ ਅਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਆਹਢਾ ਲੈਣ ਵਾਲਿਆਂ ਨੂੰ ਹਮੇਸ਼ਾਂ ਤਿਰਸਕਾਰ ਦੇ ਭਾਗੀ ਬਣਨਾ ਪਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਵਲੋਂ ਬੇਅਦਬੀ ਮਾਮਲਿਆਂ ‘ਤੇ ਨਿਰਪੱਖ ਕਾਰਵਾਈ ਨਹੀਂ ਕੀਤੀ ਗਈ ਅਤੇ ਅੱਜ ਉਸ ਨੂੰ ਬੇਇਜ਼ਤ ਹੋਣਾ ਪੈ ਰਿਹਾ। ਉਹਨਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਬੇਅਦਬੀ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀਆਂ ਨੂੰ ਜਲਦ ਸਜ਼ਾਵਾਂ ਦਿੱਤੀਆਂ ਜਾਣ।