ਨਿਊਜ਼ ਡੈਸਕ: ਮੀਰੀ ਪੀਰੀ ਮੈਡੀਕਲ ਇੰਸਟੀਚਿਊਟ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਆਉਣ ਤੋਂ ਬਾਅਦ ਕਮੇਟੀ ਮੈਂਬਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਵੱਡੀ ਜਿੱਤ ਦਾ ਜਸ਼ਨ ਮਨਾਉਣ ਲਈ ਕੁਰੂਕਸ਼ੇਤਰ ਸਥਿਤ ਕਮੇਟੀ ਹੈੱਡਕੁਆਰਟਰ ਵਿਖੇ ਭਾਰੀ ਜਸ਼ਨ ਮਨਾਇਆ ਗਿਆ ਅਤੇ ਲੱਡੂ ਵੰਡੇ ਗਏ ਹਨ।
ਇਸ ਮੌਕੇ ਹਰਿਆਣਾ ਕਮੇਟੀ ਦੇ ਨਾਮਜ਼ਦ ਮੈਂਬਰ ਬਲਜੀਤ ਸਿੰਘ ਦਾਦੂਵਾਲ ਵਿਸ਼ੇਸ਼ ਤੌਰ ‘ਤੇ ਮੁੱਖ ਦਫ਼ਤਰ ਪੁੱਜੇ ਹਨ। ਉਨ੍ਹਾਂ ਉਥੇ ਮੌਜੂਦ ਸਮਰਥਕਾਂ ਅਤੇ ਹੋਰ ਕਮੇਟੀ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਹੱਥਾਂ ਨਾਲ ਮਠਿਆਈਆਂ ਛਕਾ ਕੇ ਇਸ ਕਾਨੂੰਨੀ ਜਿੱਤ ‘ਤੇ ਖੁਸ਼ੀ ਸਾਂਝੀ ਕੀਤੀ ਹੈ।
ਸਮਾਗਮ ਦੌਰਾਨ ਦਾਦੂਵਾਲ ਨੇ ਕਿਹਾ ਕਿ ਮੀਰੀ ਪੀਰੀ ਮੈਡੀਕਲ ਇੰਸਟੀਚਿਊਟ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹਰਿਆਣਾ ਕਮੇਟੀ ਦਾ ਕਾਨੂੰਨੀ ਸਟੈਂਡ ਸ਼ੁਰੂ ਤੋਂ ਹੀ ਬਹੁਤ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਹਿਲੇ ਦਿਨ ਤੋਂ ਪੂਰੀ ਉਮੀਦ ਸੀ ਕਿ ਅਦਾਲਤ ਦਾ ਫੈਸਲਾ ਸਾਡੇ ਹੱਕ ਵਿੱਚ ਹੋਵੇਗਾ ਅਤੇ ਸੱਚ ਦੀ ਜਿੱਤ ਹੋਵੇਗੀ।
ਇਸ ਦੌਰਾਨ ਦਾਦੂਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਲੜਾਈ ਨਹੀਂ ਹੋਣੀ ਚਾਹੀਦੀ ਸੀ। ਸ਼੍ਰੋਮਣੀ ਕਮੇਟੀ ਨੂੰ ਬੜੀ ਹਿੰਮਤ ਦਿਖਾਉਣੀ ਚਾਹੀਦੀ ਸੀ ਅਤੇ ਖੁਦ ਮੀਰੀ ਪੀਰੀ ਮੈਡੀਕਲ ਇੰਸਟੀਚਿਊਟ ਦੀਆਂ ਚਾਬੀਆਂ ਹਰਿਆਣਾ ਕਮੇਟੀ ਨੂੰ ਸੌਂਪਣੀਆਂ ਚਾਹੀਦੀਆਂ ਸਨ।

