ਹੋਟਲਾਂ ਨਾਲ ਭਰੀ ਇਮਾਰਤ ’ਚ ਲੱਗੀ ਅੱਗ, ਕਈ ਮੌਤਾਂ, 80 ਨੂੰ ਕੀਤਾ ਰੈਸਕਿਊ

Global Team
3 Min Read

ਨਿਊਜ਼ ਡੈਸਕ: ਕੋਲਕਾਤਾ ਦੀ ਮਿਰਜ਼ਾ ਗਾਲਿਬ ਸਟ੍ਰੀਟ ਸਥਿਤ ਪੰਜ ਮੰਜ਼ਿਲਾ ਇਮਾਰਤ ਵਿੱਚ ਮੰਗਲਵਾਰ ਦੇਰ ਰਾਤ ਲਗਭਗ 1:45 ਵਜੇ ਭਿਆਨਕ ਅੱਗ ਲੱਗ ਗਈ। ਇਮਾਰਤ ਦੇ ਅੰਦਰ ਕਈ ਹੋਟਲ ਚੱਲ ਰਹੇ ਸਨ। ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 2 ਔਰਤਾਂ ਅਤੇ ਇੱਕ 4 ਸਾਲਾ ਬੱਚਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 6 ਲੋਕ ਜ਼ਖ਼ਮੀ ਹੋਏ ਹਨ।

ਅੱਗ ਲੱਗਣ ਸਮੇਂ ਹੋਟਲਾਂ ਵਿੱਚ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ। ਅੱਗ ਤੋਂ ਬਾਅਦ ਇਮਾਰਤ ਵਿੱਚ ਧੂੰਆਂ ਭਰ ਗਿਆ, ਜਿਸ ਕਾਰਨ ਲੋਕਾਂ ਦਾ ਦਮ ਘੁੱਟਣ ਲੱਗਿਆ। ਮ੍ਰਿਤਕਾਂ ਵਿੱਚ ਭਾਰਤੀ ਅਤੇ ਬੰਗਲਾਦੇਸ਼ੀ ਨਾਗਰਿਕ ਸ਼ਾਮਲ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

80 ਲੋਕਾਂ ਨੂੰ ਸੁਰੱਖਿਅਤ ਕੱਢਿਆ

ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ, ਪੁਲਿਸ ਅਤੇ ਡਿਜ਼ਾਸਟਰ ਮੈਨੇਜਮੈਂਟ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਸੰਘਣਾ ਧੂੰਆਂ ਹੋਣ ਕਾਰਨ ਫਾਇਰ ਕਰਮਚਾਰੀਆਂ ਨੂੰ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਆਈ। ਪੌੜ੍ਹੀਆਂ ਦੀ ਮਦਦ ਨਾਲ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਰੈਸਕਿਊ ਆਪਰੇਸ਼ਨ ਲਗਭਗ ਸਵੇਰੇ 4:30 ਵਜੇ ਪੂਰਾ ਹੋਇਆ ਅਤੇ ਹੁਣ ਤੱਕ 80 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।

ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਇਮਾਰਤ ਅੰਦਰ ਗਰਮੀ ਜ਼ਿਆਦਾ ਹੋਣ ਕਾਰਨ ਕੂਲਿੰਗ ਦਾ ਕੰਮ ਜਾਰੀ ਹੈ।

ਸ਼ਾਰਟ ਸਰਕਟ ਦਾ ਖਦਸ਼ਾ

ਪੱਛਮੀ ਬੰਗਾਲ ਦੇ ਫਾਇਰ ਡਿਪਾਰਟਮੈਂਟ ਮੰਤਰੀ ਕੌਸ਼ਿਕ ਚੌਧਰੀ ਨੇ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਖਦਸ਼ਾ ਹੈ। ਹਾਲਾਂਕਿ ਇਸ ਦੀ ਪੁਸ਼ਟੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਹੋਵੇਗੀ।

ਮੰਤਰੀ ਨੇ ਕਿਹਾ ਕਿ ਇਮਾਰਤ ਦੇ ਅੰਦਰ ਦੀ ਸਥਿਤੀ ਬੇਹੱਦ ਖਰਾਬ ਸੀ ਅਤੇ ਕਈ ਹੋਟਲ ਚੱਲ ਰਹੇ ਸਨ। ਉਨ੍ਹਾਂ ਮੁਤਾਬਕ ਬਿਲਡਿੰਗ ਮੈਨੇਜਮੈਂਟ ਵੱਲੋਂ ਬੁਨਿਆਦੀ ਸੁਰੱਖਿਆ ਅਤੇ ਨਿਰਮਾਣ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਗੱਲ ਸਾਹਮਣੇ ਆਈ ਹੈ।

ਬਿਲਡਿੰਗ ਮਾਲਕ ਦੀ ਭਾਲ

ਪੁਲਿਸ ਮੁਤਾਬਕ ਇਮਾਰਤ ਦਾ ਮਾਲਕ ਫਿਲਹਾਲ ਫਰਾਰ ਹੈ। ਨਿਊ ਮਾਰਕੀਟ ਥਾਣੇ ਵਿੱਚ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਲਕ ਦੀ ਭਾਲ ਵਿੱਚ ਉਸ ਦੇ ਘਰ ਸਣੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅੱਗ ਦੇ ਕਾਰਨ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੀ ਵੀ ਜਾਂਚ ਕਰ ਰਹੀ ਹੈ।

ਇਸ ਤੋਂ ਦੋ ਦਿਨ ਪਹਿਲਾਂ ਬੀਰਭੂਮ ਜ਼ਿਲ੍ਹੇ ਵਿੱਚ ਤਾਰਾਪੀਠ ਮੰਦਰ ਨੇੜੇ ਇੱਕ ਹੋਟਲ ਵਿੱਚ ਵੀ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋਈ ਸੀ।

Share This Article
Leave a Comment