ਜਾਣੋ ਕੌਣ ਹੁੰਦਾ ਹੈ ਅਕਾਲੀ, ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ *ਤੇ ਵਿਸ਼ੇਸ਼

Global Team
23 Min Read

ਰਜਿੰਦਰ ਸਿੰਘ

 

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਅਕਾਲੀ ਸ਼ਬਦ ਦੀ ਵਿਆਖਿਆ ਵਿਚ ਇਕ ਛੋਟੀ ਜਿਹੀ ਕਵਿਤਾ ਲਿਖੀ ਹੈ, ਕਿ

“ਕਮਲ ਜਿਉਂ ਮਾਯਾ ਜਲ ਵਿਚ ਹੈ ਅਲੇਪ ਸਦਾ,

- Advertisement -

ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।

ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ,

ਭਾਣੇ ਵਿਚ ਬਿਪਦਾ ਨੂੰ ਮੰਨੇ ਖੁਸ਼ਹਾਲੀ ਹੈ।

ਸਵਾਰਥ ਤੋਂ ਬਿਨਾ ਗੁਰੁਦਵਾਰਿਆਂ ਦਾ ਚੌਕੀਂਦਾਰ,

ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ।

- Advertisement -

ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ,

ਸਿਖ ਦਸ਼ਮੇਸ਼ ਦਾ ਸੋ ਕਹੀਏ ‘ਅਕਾਲੀ’ ਹੈ।”

 

ਅਕਾਲੀ ਤੋਂ ਭਾਵ ਅਕਾਲ ਦਾ ਪੁਜਾਰੀ। ਜਦੋਂ ਅਸੀਂ 18 ਤੋਂ 20ਵੀਂ ਸਦੀ ਦੇ ਸਿੱਖਾਂ ਦੀ ਗੱਲ ਚਲਦੀ ਹੈ ਤਾਂ ਸਾਨੂੰ ਪਤਾ ਉਨ੍ਹਾਂ ਅਕਾਲੀ ਸਿੱਖਾਂ ਦੇ ਮਹਾਨ ਜੀਵਨ ਅਤੇ ਉਨ੍ਹਾਂ ਦੇ ਕਿਰਦਾਰ ਦਾ ਪਤਾ ਲਗਦਾ ਹੈ। ਅੱਜ ਇੱਕ ਅਜਿਹੀ ਹੀ ਮਹਾਨ ਸਖਸ਼ੀਅਤ ਦੇ ਜੀਵਨ ਦਾ ਜ਼ਿਕਰ ਕਰਨ ਜਾ ਰਹੇ ਹਾਂ ਜਿਸ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਇਸ ਕਦਰ ਆਪਣੇ ਜੀਵਨ ‘ਚ ਅਪਣਾਇਆ ਕਿ ਇਸ ਦੀ ਪ੍ਰਮੁੱਖਤਾ ਲਈ ਉਨ੍ਹਾਂ ਕਿਸੇ ਦੀ ਪ੍ਰਵਾਹ ਨਾ ਕੀਤੀ। ਸਭ ਤੋਂ ਪਹਿਲਾਂ ਇੱਕ ਘਟਨਾ ਦਾ ਜ਼ਿਕਰ ਕਰ ਲਈਏ ਬੀਤੇ ਦਿਨੀਂ ਢਾਡੀ ਸਿੰਘਾਂ ਵੱਲੋਂ ਇੱਕ ਘਟਨਾ ਦਾ ਪ੍ਰਸੰਗ ਸੁਣਾਇਆ ਜਾ ਰਿਹਾ ਸੀ ਕਿ  “ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥” ਮਨੁੱਖ ਗਲਤੀਆਂ ਦਾ ਪੁਤਲਾ ਹੈ, ਕੇਵਲ ਗੁਰੂ ਤੇ ਅਕਾਲ ਹੀ ਅਭੁੱਲ ਹਨ।ਮਹਾਰਾਜਾ ਰਣਜੀਤ ਸਿੰਘ ਕੋਲੋਂ ਇੱਕ ਭੁੱਲ ਹੋ ਗਈ, ਜਿਸ ਬਾਰੇ ‘ਅਕਾਲੀ ਫੂਲਾ ਸਿੰਘ ਜੀ ਨੂੰ ਵੀ ਪਤਾ ਲੱਗ ਗਿਆ। ਉਹਨਾਂ ਨੇ ਬੇਖੌਫ ਹੋ ਕੇ ਮਹਾਰਾਜੇ ਨੂੰ ਤਲਬ ਕਰ ਲਿਆ।ਮਹਾਰਾਜਾ ਸਾਹਿਬ ਪੇਸ਼ ਹੋਏ।ਸਾਰੀ ਗੱਲ ਬਾਤ ਤੋਂ ਬਾਅਦ ‘ਅਕਾਲੀ ਫੂਲਾ ਸਿੰਘ’ ਜੀ ਨੇ ਸਜ਼ਾ ਸੁਣਾਈ ਕਿ ਮਹਾਰਾਜੇ ਨੂੰ ਦਰਖਤ (ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਇਮਲੀ ਦਾ ਦਰਖਤ) ਨਾਲ ਬੰਨ੍ਹ ਕੇ ਕੋੜੇ ਮਾਰੇ ਜਾਣ।ਨਿਮਰਤਾ ਦੇ ਪੁੰਜ ਮਹਾਰਾਜੇ ਨੇ ਇਸ ਹੁਕਮ ਅੱਗੇ ਸੀਸ ਝੁਕਾਇਆ ਅਤੇ ਜਾ ਕੇ ਦਰਖਤ ਨੂੰ ਗਲਵੱਕੜੀ ਪਾ ਲਈ। ਸੰਗਤ ਵਿਚੋਂ ਆਵਾਜ਼ਾਂ ਆਉਣ ਲੱਗੀਆਂ, “ਧੰਨ ਮਹਾਰਾਜਾ, ਧੰਨ ਮਹਾਰਾਜਾ ਰਾਜਾ ਹੋਵੇ ਤਾਂ ਐਸਾ”।’ਜਦੋਂ ਇਹ ਆਵਾਜ਼ਾਂ ਮਹਾਰਾਜੇ ਨੇ ਸੁਣੀਆਂ ਤਾਂ ਬੜੀ ਉੱਚੀ ਆਵਾਜ਼ ਵਿਚ ਬੋਲਿਆ, “ਮਹਾਰਾਜਾ ਧੰਨ ਨਹੀਂ, ਧੰਨ ਤਾਂ ਹੈ ‘ਅਕਾਲੀ ਫੂਲਾ ਸਿੰਘ’ ਪੰਥ ਦਾ ਜਥੇਦਾਰ ਹੋਵੇ ਤਾਂ ਐਸਾ, ਨਿਡਰ, ਨਿਧੜਕ”। ‘ਇਹ ਘਟਨਾਂ ਭਾਵੇਂ ਇੰਨ ਬਿੰਨ ਸੱਚ ਨਾ ਹੋਵੇ ਪਰਇਸ ਵਿਚ ਇੱਕ ਬੜੀ ਵੱਡੀ ਸਿੱਖਿਆ ਹੈ।

ਇੱਕ ਹੋਰ ਘਟਨਾ ਇਸ ਵਿਸ਼ੇ ਨਾਲ ਸਬੰਧਤ ਵਧੇਰੇ ਪ੍ਰਚਲਿਤ ਹੈ। ਇਸ ਵਿੱਚ ਤਾਂ ਕੋਈ ਦੋ ਰਾਇ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸਭ ਤੋਂ ਸਰਵੋਤਮ ਰਾਜ ਸੀ। ਪਰ ਉਸ ਸਮੇਂ ਇੱਕ ਕਿੱਸਾ ਬੜਾ ਹੈਰਾਨ ਕਰਨ ਵਾਲਾ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਨਿਹੰਗ ਸਿੰਘ ਲਾਹੌਰ ਜਾਂਦੇ ਅਤੇ ਮਹਾਰਾਜੇ ਦੇ ਮਹਿਲ ‘ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਵਾਪਸ ਆ ਜਾਂਦੇ ਅਤੇ ਉੱਚੀ ਉੱਚੀ ਕਹਿੰਦੇ ਕਿ ਕਾਣਿਆਂ ਇਹ ਤੇਰਾ ਰਾਜ ਨਹੀਂ ਹੈ ਇਹ ਖਾਲਸੇ ਦਾ ਰਾਜ ਹੈ। ਖੈਰ ਅੱਜ ਇੱਕ ਅਜਿਹੇ ਹੀ ਨਿਹੰਗ ਬਾਰੇ ਜਾਣਾਗੇ ਜੋ ਯੋਧਾ ਹੋਣ ਦੇ ਨਾਲ-ਨਾਲ ਬੜੇ ਉੱਚੇ-ਸੁੱਚੇ ਜੀਵਨ ਵਾਲਾ ਸੀ, ਬਾਣੀ ਤੇ ਬਾਣੇ ਦਾ ਧਾਰਨੀ ਅਸਲੀ ਅਕਾਲੀ “ਅਕਾਲੀ ਫੂਲਾ ਸਿੰਘ”।

ਮੀਰੀ ਪੀਰੀ ਦੇ ਧਾਰਨੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਬਾਂਗਰ ਦੇ ਇਲਾਕੇ ਵਿੱਚ ਭਾਈ ਈਸ਼ਰ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਨੇ ਕਸੂਰ, ਮੁਲਤਾਨ ਅਤੇ ਹੋਰ ਵੱਡੀਆਂ ਮੁਹਿੰਮਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਾਥ ਦਿੰਦਿਆਂ ਆਪਣੀ ਤੇਗ਼ ਦੇ ਜੌਹਰ ਦਿਖਾਏ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹੁੰਦਿਆਂ ਆਪ ਜੀ ਵਲੋਂ ਲਏ ਗਏ ਫੈਸਲੇ ਮਿਸਾਲੀ ਹਨ। ਆਪ ਜੀ ਦਾ ਪੰਥ ਪ੍ਰਤੀ ਪਿਆਰ ਇਸ ਕਦਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਕਿ ਇੱਕ ਵਾਰ ਜਦੋਂ  ਜਿੰਨੀਆਂ ਵੀ ਲੜਾਈਆਂ ‘ਖਾਲਸਾ ਰਾਜ’ ਦੇ ਵਾਧੇ ਲਈ ਜਿੱਥੇ ਵੀ ਹੋਈਆਂ ਉਹ ਉਹਨਾਂ ਸਾਰੀਆਂ ਵਿਚ ਆਪਣੇ ਜੱਥੇ ਸਮੇਤ ਸ਼ਾਮਿਲ ਹੰਦੇ ਰਹੇ।‘ਖਾਲਸਾ ਰਾਜ’ ਦੀ ਜੰਗੀ ਸੇਵਾ ਤਨੋ-ਮਨੋ, ਬਿਨਾ ਕਿਸੇ ਤਨਖਾਹ ਦੇ ਲਾਲਚ ਦੇ, ਵਧ ਚੜ੍ਹ ਕੇ ਕਰਦੇ ਰਹੇ।ਇਹੀ ਕਾਰਨ ਸੀ ਜਿਸ ਕਰਕੇ ਅਕਾਲੀ ਜੀ ਸਾਰੇ ਪੰਥ ਵਿਚ ਸਤਿਕਾਰਯੋਗ ਮੰਨੇ ਜਾਂਦੇ ਹਨ। ਬਚਪਨ ਵਿੱਚ ਹੀ ਵੱਡੇ ਘੱਲੂਘਾਰੇ ਤੋਂ ਬਾਅਦ ਸੰਘਰਸ਼ ਕਰਦਿਆਂ ਆਪ ਜੀ ਦੇ ਪਿਤਾ ਜੀ ਖਾਲਸਾ ਜੰਗ ਦੌਰਾਨ ਗੰਭੀਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਸਹੀ ਇਲਾਜ਼ ਨਾ ਹੋਣ ਕਾਰਨ ਕੁਝ ਸਮੇਂ ਬਾਅਦ ਉਹ ਗੁਰੂ ਚਰਨਾਂ ‘ਚ ਜਾ ਬਿਰਾਜੇ। ਪਰ ਜਾਣ ਤੋਂ ਪਹਿਲਾਂ ਭਾਈ ਈਸ਼ਰ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਜੀ ਦਾ ਹੱਥ ਸ਼ਹੀਦਾਂ ਮਿਸਲ ਦੇ ਸਰਦਾਰ ਸ. ਨਰੈਣ ਸਿੰਘ ਜੀ ਦੇ ਹੱਥ ਵਿੱਚ ਦੇ ਦਿੱਤਾ।

ਦਸ ਸਾਲ ਦੀ ਉਮਰ ਵਿਚ ਹੀ ‘ਫੂਲਾ ਸਿੰਘ ਜੀ’ ਨੇ ਆਪਣੀ ਮਾਤਾ ਤੇ ਭਾਈ ਨਰੈਣ ਸਿੰਘ ਦੀ ਦੇਖ ਰੇਖ ਵਿਚ ਨਿੱਤਨੇਮ ਦੀਆਂ ਬਾਣੀਆਂ ਸਮੇਤ ਅਕਾਲ ਉਸਤਤਿ, 33 ਸਵੱਯੇ ਤੇ ਹੋਰ ਬਹੁਤ ਸਾਰੀਆਂ ਬਾਣੀਆਂ ਕੰਠ ਕਰ ਲਈਆਂ। ਐਸੀ ਦ੍ਰਿੜਤਾ ਸੀ ਕਿ ਜਿੱਥੋਂ ਤੱਕ ਸੰਥਿਆ ਲੈਂਦੇ, ਜਿੰਨੀ ਦੇਰ ਉਨੀ ਬਾਣੀ ਕੰਠ ਨਾ ਹੋ ਜਾਂਦੀ, ਖਾਣ ਪੀਣ ਵੱਲ ਮੂੰਹ ਨਾ ਕਰਦੇ।ਕਹਿੰਦੇ ਨੇ ਜਦੋਂ ਵੀ ਕੋਈ ‘ਫੂਲਾ ਸਿੰਘ’ ਨੂੰ ਤੱਕਦਾ ਤਾਂ ਉਹ ਗੁਰਬਾਣੀ ਹੀ ਪੜ੍ਹ ਰਿਹਾ ਹੁੰਦਾ।ਗੁਰਬਾਣੀ ਨਾਲ ਅਥਾਹ ਪਿਆਰ ਹੋ ਚੁੱਕਾ ਸੀ ਤੇ ਗੁਰੂ ਰੋਮ ਰੋਮ ਵਿਚ ਵਸ ਚੁੱਕਾ ਸੀ।

ਜਦੋਂ ‘ਫੂਲਾ ਸਿੰਘ’ ਗੁਰਬਾਣੀ ਨਾਲ ਇੱਕ ਰਸ ਹੋ ਗਿਆ ਤਾਂ ਭਾਈ ਨਰੈਣ ਸਿੰਘ ਨੇ ਕ੍ਰਿਪਾਨ ਹੱਥ ਵਿਚ ਫੜਾ ਦਿੱਤੀ ਤੇ ਸਸ਼ਤਰ ਵਿੱਦਿਆ ਦੇਣੀ ਸ਼ੁਰੂ ਕਰ ਦਿੱਤੀ।ਜਿਹੜੀ ਉਸ ਸਮੇਂ ਹਰ ਸਿੱਖ ਬੱਚੇ ਲਈ ਜਰੂਰੀ ਹੁੰਦੀ ਸੀ। ।ਆਪ ਜੀ ’ ਥੋੜੇ ਸਮੇਂ ਵਿਚ ਹੀ ਤਲਵਾਰਬਾਜ਼ੀ ਤੇ ਤੀਰ ਕਮਾਨ ਵਿਚ ਪੂਰੇ ਨਿਪੁੰਨ ਹੋ ਗਏ। 

ਮਹਾਰਾਜਾ ਰਣਜੀਤ ਸਿੰਘ ਜੀ ਨੇ ਜਦੋਂ ਭੰਗੀ ਮਿਸਲ ਨੂੰ ਖਾਲਸਾ ਰਾਜ *ਚ ਮਿਲਾਉਣ ਲਈ 1801 ਈ.ਵਿੱਚ ਸ਼੍ਰੀ ਅੰਮ੍ਰਿਤਸਰ ਸਹਿਬ *ਤੇ ਹਮਲਾ ਕਰ ਦਿੱਤਾ। ਇਸ ਦਾ ਪਤਾ ਜਦੋਂ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਨੂੰ ਲੱਗਿਆ ਤਾਂ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ‘ਅਕਾਲੀ ਫੂਲਾ ਸਿੰਘ’ ਦੋਵੇਂ ਸਿਖ ਫੌਜਾਂ ਦੇ ਵਿਚਾਲੇ ਖੜ੍ਹ ਗਿਆ ਤੇ ਦੋਹਾਂ ਧਿਰਾਂ ਦੇ ਜਰਨੈਲਾਂ ਨੂੰ ਆਪਸੀ ਲੜਾਈ ਤੋਂ ਵਰਜਿਆ। ਮਹਾਰਾਜਾ ਰਣਜੀਤ ਸਿੰਘ, ਅਕਾਲੀ ਜੀ ਦੇ ਇਸ ਕੌਮੀਂ ਦਰਦ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਤੇ ਉਸੇ ਵਖਤ ਘੇਰਾ ਉਠਾ ਦਿੱਤਾ। 

ਸੰਨ 1807 ਵਿਚ ਖਾਲਸੇ ਦੀ ਕਸੂਰ ਦੇ ਨਵਾਬ ਕੁਤਬਦੀਨ ਨਾਲ ਹੋਈ ਜੰਗ ਵਿਚ ‘ਅਕਾਲੀ ਫੂਲਾ ਸਿੰਘ’ ਜੀ ਨੇ ਵੀ ਆਪਣੇ ਜੱਥੇ ਸਮੇਤ ਹਿੱਸਾ ਲਿਆ। ਇਸ ਲੜਾਈ ਵਿਚ ਅਕਾਲੀ ਜੀ ਦੁਆਰਾ ਦਿਖਾਈ ਗਈ ਬਹਾਦਰੀ ਨੇ ਮਹਾਰਾਜੇ ਦੇ ਦਿਲ ਵਿਚ ਉਹਨਾਂ ਲਈ ਹੋਰ ਕਦਰ ਪੈਦਾ ਕਰ ਦਿੱਤੀ।ਸਿਖ ਫੌਜਾਂ ਇਸ ਜੰਗ ਵਿਚ ਜੇਤੂ ਰਹੀਆਂ ਅਤੇ ਕਸੂਰ ‘ਤੇ ਵੀ ਕੇਸਰੀ ਨਿਸ਼ਾਨ ਸਾਹਿਬ ਝੂਲਣ ਲੱਗਾ।

ਕੁਝ ਸਮਾਂ ਬੀਤਿਆ ਕਿ ਖਾਲਸਾ ਦਰਬਾਰ ਅੰਦਰ ਡੋਗਰਿਆਂ ਦਾ ਬੋਲ ਬਾਲਾ ਹੋਣ ਲੱਗਿਆ। ਡੋਗਰਿਆਂ ਦੀ ਬੁਰਛਾਗਰਦੀ ਤੋਂ ਇਕੱਲੇ ਅਕਾਲੀ ਜੀ ਹੀ ਨਿਰਾਸ਼ ਨਹੀਂ ਸਨ ਸਗੋਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਤੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ‘ਨਲੂਆ’ ਵੀ ਦਿਲੋਂ ਬਹੁਤ ਦੁਖੀ ਸਨ। ਸਰਦਾਰ ਸ਼ਾਮ ਸਿੰਘ ਅਟਾਰੀ ਤਾਂ ਇੱਕ ਵਾਰ ‘ਖਾਲਸਾ ਰਾਜ’ ਵਿਚ ਡੋਗਰਿਆਂ ਦਾ ਵਧਦਾ ਪ੍ਰਭਾਵ ਵੇਖ ਕੇ ਘਰ ਬੈਠ ਗਏ ਸਨ ਪਰ ਅੰਦਰ ਰੋਹ ਬਹੁਤ ਸੀ ਤੇ ‘ਖਾਲਸਾ ਰਾਜ’ ਦੀ ਢਹਿੰਦੀ ਕਲਾ ਵੀ ਨਹੀਂ ਦੇਖ ਸਕਦੇ ਸਨ। ਸੋ ਮਹਾਰਾਜੇ ਦੀ ਮੌਤ ਤੋਂ ਬਾਅਦ ਸਿਖ ਰਾਜ ਦੀ ਅੰਤਿਮ ਵੱਡੀ ਲੜਾਈ ਵਿਚ ਉਹ ਏਨੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਨੀਆਂ ਇਸ ਬੁੱਢੇ ਜਰਨੈਲ ਨੂੰ ਦੇਖ ਕੇ ਦੰਗ ਰਹਿ ਗਈ।ਆਪਣਿਆਂ ਦੇ ਨਾਲ ਨਾਲ ਬੇਗਾਨਿਆਂ ਨੇ ਵੀ ਸਰਦਾਰ ਦੀ ਸ਼ਹੀਦੀ ‘ਤੇ ਅੱਥਰੂ ਵਹਾਏ। ਪੰਜਾਬ ਧਾਂਹਾਂ ਮਾਰ ਕੇ ਰੋਇਆ ਜਿਵੇਂ ਪੁੱਤਰ ਦੀ ਮੌਤ ‘ਤੇ ਮਾਂ ਧਾਂਹਾਂ ਮਾਰਦੀ ਹੈ। ਇੱਥੇ ਇਹ ਵਾਰਤਾ ਸੁਣਾਉਣ ਦਾ ਮਕਸਦ ਸਿਰਫ ਏਨਾ ਹੈ ਕਿ ਕੋਈ ਵੀ ਸਿਖ ਜਰਨੈਲ, ਜੋ ਭਾਵੇਂ ਗ਼ਦਾਰਾਂ ‘ਤੇ ਬਹੁਤ ਦੁਖੀ ਸੀ, ‘ਖਾਲਸਾ ਰਾਜ’ ਨੂੰ ਨਿਘਾਰ ਵੱਲ ਜਾਂਦਾ ਨਹੀਂ ਦੇਖ ਸਕਦਾ ਸੀ, ਵਾਪਸ ਪਰਤ ਕੇ ਫੇਰ ਡਟ ਜਾਂਦਾ ਸੀ ਤੇ ਦੁਸ਼ਮਨਾਂ ਨਾਲ ਲੋਹਾ ਲੈਣ ਲਈ ਤਿਆਰ ਹੋ ਜਾਂਦਾ ਸੀ।)

ਸੋ ਮਹਾਰਾਜਾ ਰਣਜੀਤ ਸਿੰਘ ਨੇ ਬਾਬਾ ਸਾਹਿਬ ਸਿੰਘ ਨੂੰ ‘ਅਕਾਲੀ ਫੂਲਾ ਸਿੰਘ’ ਕੋਲ ਭੇਜਿਆ ਤਾਂ ਕਿ ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕੇ। ਅਕਾਲੀ ਜੀ ਦਾ ਕਿਸੇ ਨਾਲ ਕੋਈ ਜ਼ਾਤੀ ਵੈਰ ਤਾਂ ਹੈ ਹੀ ਨਹੀਂ ਸੀ, ਸੋ ਬਾਬਾ ਜੀ ਦੇ ਕਹਿਣ ‘ਤੇ ਉਹ ਆਪਣੇ ਜੱਥੇ ਸਮੇਤ ਵਾਪਸ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਅਕਾਲੀ ਜੀ ਦੀ ਵਾਪਸੀ ‘ਤੇ ਹਜ਼ਾਰਾਂ ਲੋਕ ਆਪ ਦੇ ਦਰਸ਼ਨਾਂ ਨੂੰ ਆਏ। ਇਸ ਸਮੇਂ ਆਪ ਦੇ ਜੱਥੇ ਵਿਚ 3000 ਤੋਂ ਵੱਧ ਤਿਆਰ ਬਰ ਤਿਆਰ ਜਵਾਨ ਸਨ, ਜਿਨ੍ਹਾਂ ਵਿੱਚੋਂ 1200 ਘੋੜ ਸਵਾਰ ਸਨ।

ਖ਼ਾਨਗੜ੍ਹ ਤੇ ਮੁਜ਼ਫਰਗੜ੍ਹ ਦੇ ਕਿਲੇ ਜਿੱਤ ਕੇ ਖਾਲਸਾ ਫੌਜਾਂ ਮੁਲਤਾਨ ਦੇ ਕਿਲੇ ਵੱਲ ਵਧੀਆਂ, ਇਸ ਕਿਲੇ ਦੀ ਪਕਿਆਈ ਕਰਕੇ ਕਈ ਇਤਿਹਾਸਕਾਰਾਂ ਨੇ ਇਸ ਨੂੰ ਅਜਿੱਤ ਲਿਖਿਆ ਹੈ ਤੇ ਸਚਮੁੱਚ ਤਿੰਨ ਮਹੀਨੇ ਤੱਕ ਇਹ ਖਾਲਸਾ ਫੌਜਾਂ ਤੋਂ ਵੀ ਅਜਿੱਤ ਰਿਹਾ। ਹਾਲਾਤ ਹੱਥੋਂ ਬਾਹਰ ਹੁੰਦੇ ਦੇਖ ਕੇ ਮਹਾਰਾਜੇ ਨੇ ਅਕਾਲੀ ਫੂਲਾ ਸਿੰਘ ਨਾਲ ਗੱਲ ਕੀਤੀ। ਮਹਾਰਾਜੇ ਦਾ ਉਦਾਸ ਚਿਹਰਾ ਵੇਖ ਕੇ ਅਕਾਲੀ ਜੀ ਨੇ ਥੋੜੀ ਖ਼ਰਵੀ ਭਾਸ਼ਾ ਵਿਚ ਕਿਹਾ, “ ਪਹਿਲਾਂ ਕਿਉਂ ਨਹੀਂ ਦੱਸਿਆ, ਕਿਉਂ ਖਾਲਸਾ ਦਲਾਂ ਨੂੰ ਏਨੀਆਂ ਔਕੜਾਂ ਵਿਚ ਫਸਾਇਆ ਏ, ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਨੂੰ ਸੰਗਮਰਮਰ ਦਾ ਫਰਸ਼ ਲੁਆਉਣ ਦਾ ਅਰਦਾਸਾ ਸੁਧਾਓ ਤਾਂ ਅੱਜ ਹੀ ਫੌਜਾਂ ਰਣਤੱਤੇ ਵਲ ਜਾਣ ਨੂੰ ਤਿਆਰ ਹਨ, ਜੇ ਗੁਰੂ ਨੂੰ ਭਾਇਆ ਤਾਂ ਖਾਲਸਈ ਨਿਸ਼ਾਨ ਮੁਲਤਾਨ ਕਿਲੇ ‘ਤੇ ਗੱਡ ਕੇ ਆਵਾਂਗੇ”। ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਨੂੰ ਗਲ਼ ਨਾਲ ਲਾ ਲਿਆ ਤੇ ਕਹਿਣ ਲੱਗੇ ਕਿ ਪ੍ਰਕਰਮਾਂ ਦੀ ਇਹ ਸੇਵਾ ਮੈਂ ਆਪਣੇ ਧੰਨਭਾਗ ਜਾਣ ਕੇ ਕਰਾਂਗਾ। ਉਸੇ ਸਮੇਂ ਨਿਹੰਗਾਂ ਦੀ ਛਉਣੀ ਵਿਚ ਧੌਂਸੇ ਨੂੰ ਚੋਟ ਲਾਈ ਗਈ ਤੇ ਕੂਚ ਦਾ ਅਰਦਾਸਾ ਸੋਧ ਕੇ ਅਕਾਲੀ ਫੂਲਾ ਸਿੰਘ ਨੇ 500 ਸਿਰ ਕੱਢਵੇਂ ਨਿਹੰਗ ਸਿੰਘਾਂ ਤੇ ‘ਜ਼ਮਜ਼ਮਾ’(ਭੰਗੀਆਂ ਦੀ ਤੋਪ ਜਿਸ ਨੂੰ ਅਕਾਲੀ ਜੀ ਦਾ ਜੱਥਾ ਹੀ ਪੂਰੀ ਨਿਪੁੰਨਤਾ ਨਾਲ ਚਲਾ ਸਕਦਾ ਸੀ) ਸਮੇਤ ਮੁਲਤਾਨ ਵੱਲ ਚੜ੍ਹਾਈ ਕਰ ਦਿੱਤੀ। ਸਾਹਿਬਜ਼ਾਦਾ ਖੜਕ ਸਿੰਘ ਨੂੰ ਜਦ ਬਾਬਾ ਫੂਲਾ ਸਿੰਘ ਦੇ ਪਹੁੰਚਣ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਕਈ ਨਾਮੀ ਸਰਦਾਰਾਂ ਨੂੰ ਨਾਲ ਲੈ ਕੇ ਅਕਾਲੀ ਜੀ ਦੀ ਅਗਵਾਈ ਕੀਤੀ। ਅਕਾਲੀ ਜੀ ਨੇ ਜੰਗ ਸਬੰਧੀ ਕਈ ਗੱਲਾਂ ਖੜਕ ਸਿੰਘ ਤੋਂ ਪੁੱਛੀਆਂ। ਇੱਥੋਂ ਹੀ ਸਿੱਧੇ ਅਕਾਲੀ ਜੀ ਮੈਦਾਨੇ ਜੰਗ ਵੱਲ ਵਧੇ। ਖੜਕ ਸਿੰਘ ਨੇ ਬਹੁਤ ਜੋਰ ਲਾਇਆ ਕਿ ਅੱਜ ਦਾ ਦਿਨ ਆਰਾਮ ਕਰੋ, ਕੱਲ ਨੂੰ ਮਿਲ ਕੇ ਕਿਲ੍ਹੇ ‘ਤੇ ਧਾਵਾ ਕਰਾਂਗੇ, ਪਰ ਅਕਾਲੀ ਜੀ ਨੇ ਅੱਗੋਂ ਕਿਹਾ, “ ਜੇ ਅਕਾਲ ਪੁਰਖ ਨੇ ਮਿਹਰ ਕੀਤੀ ਤਾਂ ਹੁਣ ਆਰਾਮ ਕਿਲ੍ਹਾ ਫਤਹਿ ਕਰਨ ਤੋਂ ਬਾਅਦ ਇੱਕੇ ਵਾਰੀ ਹੀ ਕਰਾਂਗੇ”

ਅਕਾਲੀ ਸਿੰਘਾਂ ਦੇ ‘ਅਕਾਲ ਅਕਾਲ’ ਦੇ ਜੈਕਾਰਿਆਂ ਨਾਲ ਆਕਾਸ਼ ਕੜਕ ਉੱਠਿਆ ਤੇ ਅੱਖ ਦੇ ਫੋਰ ਵਿਚ ਅਕਾਲੀ ਫੂਲਾ ਸਿੰਘ ਨੇ ਇੱਕ ਐਸਾ ਉੱਡਦਾ ਹੱਲਾ ਕੀਤਾ ਕਿ ਦੇਖਦੇ ਦੇਖਦੇ ਹੀ ਇਹ ਬਹਾਦਰ ਸੂਰਮਾ ਕਿਲ੍ਹੇ ਵਿਚ ਵੜ੍ਹ ਗਿਆ ਤੇ ਜਾਂਦੇ ਹੀ ਨਵਾਬ ਮੁਜ਼ੱਫਰ ਖ਼ਾਨ ਦੇ ਗਲ ਜਾ ਪਿਆ। ਹੁਣ ਬਾਕੀ ਜੀ ਦਾ ਸਾਰਾ ਜੱਥਾ ਵੀ ਅਕਾਲੀ ਜੀ ਦੇ ਪਿੱਛੇ ਕਿਲ੍ਹੇ ਵਿਚ ਆ ਵੜਿਆ ਤੇ ਗ਼ਾਜ਼ੀਆਂ ਨਾਲ ਜੁਟ ਪਿਆ। ਇਸ ਸਮੇਂ ਨਵਾਬ ਮੁਜ਼ੱਫਰ ਖ਼ਾਨ ਤੇ ਅਕਾਲੀ ਫੂਲਾ ਸਿੰਘ ਜੀ ਕਈ ਵਾਰ ਆਹਮੋ ਸਾਹਮਣੇ ਹੋਏ ਤੇ ਇੱਕ ਦੂਜੇ ‘ਤੇ ਵਾਰ ਕੀਤੇ। ਅੰਤ ਅਕਾਲੀ ਜੀ ਦੇ ਇੱਕ ਪਲਟਵੇਂ ਵਾਰ ਨਾਲ ਮੁਜ਼ੱਫਰ ਖ਼ਾਨ ਧਰਤੀ ‘ਤੇ ਢੇਰੀ ਹੋ ਗਿਆ।ਨਵਾਬ ਦੇ ਵੱਡੇ ਪੁੱਤਰ ਸ਼ਾਹਨਿਵਾਜ਼ ਖ਼ਾਨ ਨੇ ਬਾਬਾ ਫੂਲਾ ਸਿੰਘ ‘ਤੇ ਇਕ ਸਖਤ ਵਾਰ ਕੀਤਾ ਜਿਸ ਨਾਲ ਅਕਾਲੀ ਜੀ ਨੂੰ ਤਕੜਾ ਜ਼ਖਮ ਲੱਗਾ। ਉਸੇ ਵਖਤ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਸਰਦਾਰ ਧੰਨਾ ਸਿੰਘ ਮਲਵਈ ਆ ਪਹੁੰਚੇ ਤੇ ਉਨ੍ਹਾਂ ਨੇ ਸ਼ਾਹਨਿਵਾਜ਼ ਖ਼ਾਨ ਨੂੰ ਉੱਥੇ ਹੀ ਢੇਰੀ ਕਰ ਦਿੱਤਾ। ਕੋਲੋਂ ਇੱਕ ਹੋਰ ਗਾਜ਼ੀ ਨੇ ਸਰਦਾਰ ਸ਼ਾਮ ਸਿੰਘ ‘ਤੇ ਵਾਰ ਕੀਤਾ ਜਿਸ ਨਾਲ ਉਹ ਕਾਫੀ ਜ਼ਖਮੀਂ ਹੋ ਗੲੁ ਤੇ ਘੋੜੇ ਤੋਂ ਡਿੱਗ ਪਏ। ਅਕਾਲੀ ਜੀ ਦੀ ਨਜ਼ਰ ਜਦ ਸਰਦਾਰ ਸ਼ਾਮ ਸਿੰਘ ਵੱਲ ਪਈ ਤਾਂ ਆਪਣੇ ਜੱਥੇ ਦੇ ਕੁਝ ਸਿੰਘਾਂ ਨੂੰ ਸਰਦਾਰ ਕੋਲ ਭੇਜਿਆ। (ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ) ਪ੍ਰਿਸਪ ਅਤੇ ਗ੍ਰਿਫਨ ਅਨੁਸਾਰ ਨਵਾਬ ਆਪਣੇ ਪੁੱਤਰਾਂ ਸਮੇਤ ਅਕਾਲੀਆਂ ਦੇ ਹੱਲੇ ਨੂੰ ਰੋਕਦਾ ਹੋਇਆ ਖਿਜ਼ਰੀ ਦਰਵਾਜ਼ੇ ਵਿਚ ਹੀ ਮਾਰਿਆ ਗਿਆ। ਉਨ੍ਹਾਂ ਦੀਆਂ ਲੋਥਾਂ ਉਸਦੇ ਭਤੀਜੇ ਦੇ ਮੰਗਣ ‘ਤੇ ਉਸਨੂੰ ਦੇ ਦਿੱਤੀਆਂ ਗਈਆਂ ਜੋ ਉਸ ਨੇ ਬਾਵਲ ਹੱਕ ਦੇ ਮਕਬਰੇ ਵਿਚ ਦਫ਼ਨ ਕੀਤੀਆਂ।ਪਰ ਹੁਣ ਜਦੋਂ ਨਵਾਬ ਮਾਰਿਆ ਜਾ ਚੁੱਕਾ ਸੀ ਤਾਂ ਉਸ ਦੀ ਫੌਜ ਵੀ ਬਹੁਤੀ ਦੇਰ ਟਿਕ ਨਾ ਸਕੀ ਤੇ ਉਹਨਾਂ ਦੇ ਪੈਰ ਮੈਦਾਨ ਵਿਚੋਂ ਉੱਖੜ ਗਏ। ਸਿੰਘਾਂ ਨੇ ਇੱਕ ਹੋਰ ਜੋਰ ਦਾ ਹੱਲਾ ਕੀਤਾ ਤਾਂ ਨਵਾਬ ਦੀ ਫੌਜ ਮੈਦਾਨ ਵਿਚੋਂ ਭੱਜ ਗਈ।ਇਸ ਲੜਾਈ ਵਿਚ ਨਵਾਬ ਅਤੇ ਉਸ ਦੇ ਪੰਜ ਪੁੱਤਰਾਂ ਸਮੇਤ 12000 ਮੁਸਲਮਾਨ ਸਿਪਾਹੀ ਮਾਰੇ ਗਏ।ਖਾਲਸੇ ਦਾ ਨੁਕਸਾਨ ਵੀ 4000 ਸਿੰਘਾਂ ਦੇ ਲਗਭਗ ਸੀ। ਕਿਲ੍ਹੇ ‘ਤੇ ਹੱਲਾ ਕਰਨ ਵਾਲੇ ਅਕਾਲੀ ਜੱਥੇ ਦੇ ਲਗਭਗ ਸਾਰੇ ਸਿੰਘ ਹੀ ਜ਼ਖਮੀ ਸਨ।ਕਿਲ੍ਹੇ ਦੇ ਖਜ਼ਾਨੇ ਦਾ ਕਬਜ਼ਾ ਅਕਾਲੀ ਜੀ ਨੇ ਖੜਕ ਸਿੰਘ ਦੇ ਹਵਾਲੇ ਕਰ ਦਿੱਤਾ।ਇਸ ਜਿੱਤ ਦੀ ਰਿਪੋਰਟ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਭੇਜੀ ਗਈ ਜਿਸ ਵਿਚ ਸ਼ਹਿਜਾਦੇ ਖੜਕ ਸਿੰਘ ਨੇ ਲਿਖਿਆ ਕਿ ਇਹ ਫਤਹਿ ਨਿਰੋਲ ਅਕਾਲੀ ਫੂਲਾ ਸਿੰਘ ਜੀ ਦੀ ਅਦੁੱਤੀ ਬਹਾਦਰੀ ਦਾ ਫਲ਼ ਹੈ।ਉਸੇ ਦਿਨ ਤੋਂ ਹੀ ਮਹਾਰਾਜਾ ਸਾਹਿਬ ਨੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੀ ਸੇਵਾ ਆਰੰਭ ਕਰਵਾ ਦਿੱਤੀ। 

 ਮੁਲਤਾਨ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਸਾਰਾ ਧਿਆਨ ਪਿਸ਼ਾਵਰ ਵਲ ਲਗਾ ਦਿੱਤਾ। ਸੰਨ 1818 ਵਿਚ ਸ਼ੇਰੇ ਪੰਜਾਬ, ਖਾਲਸਾ ਦਲ ਦੇ ਨਾਮੀ ਜਰਨੈਲਾਂ ਨੂੰ ਨਾਲ ਲੈ ਕੇ ਪਿਸ਼ਾਵਰ ‘ਤੇ ਚੜ੍ਹ ਆਏ ਅਤੇ ਅਟਕ ਪਾਰ ਕਰ, ਘਮਸਾਨ ਦੀ ਲੜਾਈ ਤੋਂ ਬਾਅਦ ਫੀਰੋਜ਼ ਖ਼ਾਨ ਤੇ ਚਮਕਣੀਆਂ ਦੀ ਫਤਹਿ ਤੋਂ ਬਾਅਦ ਖਾਲਸੇ ਦਾ ਐਸਾ ਦਬਦਬਾ ਛਾਇਆ ਕਿ ਅਗਲੇ ਦਿਨ 20 ਨਵੰਬਰ ਨੂੰ ਬਿਨਾਂ ਕਿਸੇ ਲੜਾਈ ਦੇ ਅਕਾਲੀ ਫੁਲਾ ਸਿੰਘ ਜੀ ਨੇ ਪਿਸ਼ਾਵਰ ਫ਼ਤਿਹ ਕਰ ਲਿਆ। ਇਸ ਮੁਹਿੰਮ ਦੀ ਫਤਹਿ ਤੋਂ ਬਾਅਦ ਮਹਾਰਾਜਾ ਸਾਹਿਬ ਦੇ ਦਿਲ ਵਿਚ ਅਕਾਲੀ ਫੂਲਾ ਸਿੰਘ ਦੇ ਅਦੁੱਤੀ ਜਰਨੈਲ ਹੋਣ ਦੇ ਨਾਲ-੨ ਸਮਝਦਾਰ ਪ੍ਰਬੰਧਕ ਹੋਣ ਦਾ ਵੀ ਸਿੱਕਾ ਬੈਠ ਗਿਆ, ਜਿਸ ਦੀ ਸ਼ਲਾਘਾ ਮਹਾਰਾਜੇ ਨੇ ਲਾਹੌਰ ਪਹੁੰਚ ਕੇ ਇੱਕ ਵੱਡੇ ਦਰਬਾਰ ਵਿਚ ਕੀਤੀ। ਇਸ ਪਿੱਛੋਂ ਰਾਜੌਰੀ, ਪੁਣਛ ਦੇ ਕਿਲ੍ਹੇ, ਕਿਲ੍ਹਾ ਸ਼ੇਰ ਗੜ੍ਹੀ ਸਮੇਤ ਹੋਰ ਕਈ ਚੌਕੀਆਂ ਅਤੇ ਜਬਾਰ ਖ਼ਾਨ ਨੂੰ ਹਰਾਉਂਦੇ ਹੋਏ ਖ਼ਾਲਸਾ ਫ਼ੌਜਾਂ ਨੇ ਸੰਨ 1819 ਈ ਨੂੰ ਕਸ਼ਮੀਰ ਫ਼ਹਿਤ ਕੀਤਾ। ਇਹਨਾਂ ਯੁੱਧਾਂ ਦੌਰਾਨ ਸਰਦਾਰ ਸ਼ਾਮ ਸਿੰਘ ਜੀ ਅਟਾਰੀ, ਅਕਾਲੀ ਫੂਲਾ ਸਿੰਘ ਜੀ ਅਤੇ ਸ਼ਹਿਜਾਦਾ ਖੜਕ ਸਿੰਘ ਜੀ ਆਦਿ ਨੇ ਅਹਿਮ ਭੂਮਿਕਾ ਅਦਾ ਕੀਤੀ। 

ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਅਟਕ ਪਹੁੰਚੇ ਤਾਂ ਪੁਲ ਰੁੜ ਚੁੱਕਾ ਸੀ।  ਓਧਰ ਸਿੱਖ ਫੌਜਾਂ ਨੂੰ ਦਰਿਆਓਂ ਪਾਰ ਤੋਂ ਗੋਲੀਆਂ ਦੀ ਆਵਾਜ਼ ਸੁਣ ਰਹੀ ਸੀ ਜਿਸ ਕਰਕੇ ਖਾਲਸਾ ਦਲ ਲਈ ਚੁੱਪ ਚਾਪ ਖਲੋਤੇ ਰਹਿਣਾ ਬੜੀ ਵੱਡੀ ਨਮੋਸ਼ੀ ਸੀ। ਏਨੇ ਨੂੰ ਮੈਦਾਨੇ ਜੰਗ ਵਿਚੋਂ ਇਕ ਸੂਹੀਆ ਵਲੋਂ ਖ਼ਬਰ ਮਿਲੀ ਕਿ ਖਾਲਸਾ ਫੌਜਾਂ ਨੂੰ ਦੁਸ਼ਮਨ ਨੇ ਬੁਰੀ ਤਰ੍ਹਾਂ ਘੇਰ ਲਿਆ ਹੈ ਤੇ ਜੇ ਹੁਣ ਸਹਾਇਤਾ ਨਾ ਪੁਚਾਈ ਜਾ ਸਕੀ ਤਾਂ ਬਹੁਤ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜਾਂਬਾਜ਼ ਖਾਲਸੇ ਤੇ ਇਹ ਖ਼ਬਰ ਕੜਕਦੀ ਬਿਜਲੀ ਵਾਂਗ ਡਿੱਗੀ। ਜਦ ਖਾਲਸਾ ਫੌਜਾਂ ਨੇ ਆਪਣੇ ਵੀਰਾਂ ਨੂੰ ਵੈਰੀ ਦੇ ਹੱਥ ਘਿਰਿਆ ਸੁਣਿਆਂ ਤਾਂ ਇਹਨਾਂ ਦੇ ਕੌਮੀ ਜੋਸ਼ ਨੇ ਹੁਲਾਰਾ ਖਾਧਾ ਤੇ ਉਨ੍ਹਾਂ ਲਈ ਟਿਕ ਕੇ ਖੜ੍ਹਨਾਂ ਅਸੰਭਵ ਹੋ ਗਿਆ। ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਲਹੂ ਨੇ ਤਾਂ ਐਸਾ ਉਬਾਲਾ ਲਿਆ ਕਿ ਉਹ ਆਪਣੇ 500 ਘੋੜ ਸਵਾਰਾਂ ਸਮੇਤ ਦਰਿਆ ਵਿਚ ਦਾਖਲ ਹੋ ਗਏ। ਅਕਾਲੀ ਜੀ ਦੇ ਤੁਰਨ ਦੀ ਦੇਰ ਸੀ ਕਿ ਮਹਾਰਾਜੇ ਸਮੇਤ ਬਾਕੀ ਸਰਦਾਰ ਤੇ ਘੋੜ ਸਵਾਰਾਂ ਨੇ ਵੀ ਆਪਣੇ ਘੋੜੇ ਦਰਿਆ ਵਿਚ ਠੇਲ੍ਹ ਦਿੱਤੇ। ਅਟਕ ਦਾ ਵਹਾਅ ਖਾਲਸੇ ਦੇ ਜੋਸ਼ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਕੁਝ ਸਿੰਘ ਦਰਿਆ ਵਿਚ ਰੁੜ੍ਹ ਵੀ ਗਏ। ਪਰ ਮਹਾਰਾਜੇ ਸਮੇਤ ਸਾਰੇ ਸਰਦਾਰ ਦਰਿਆ ਪਾਰ ਕਰ ਗਏ। ਏਧਰ ਖਾਲਸਾ ਫੌਜਾਂ ਦੇ ਦਰਿਆ ਪਾਰ ਕਰਨ ਦੀ ਖ਼ਬਰ ਸੁਣ ਕੇ ਜੰਗ ਵਿਚਲੇ ਸਿੰਘ ਪੱਕੇ ਪੈਰੀਂ ਹੋ ਗਏ ਤੇ ਦੁਸ਼ਮਨਾਂ ਨੂੰ ਭਾਜੜ ਪੈ ਗਈ। ਅਕਾਲੀਆਂ ਦੇ ਨਗਾਰੇ ਦੀ ਚੋਟ ਨੇ ਤਾਂ ਰਹਿੰਦੀ ਖੂਹਦੀ ਮੁਗਲ ਫੌਜ ਦਾ ਵੀ ਲੱਕ ਤੋੜ ਦਿੱਤਾ। ਏਨੇ ਨੂੰ ਸਰਦਾਰ ਹਰੀ ਸਿੰਘ ਜੀ ‘ਨਲੂਏ’ ਨੇ ਕਿਲ੍ਹੇ ‘ਤੇ ਫ਼ਹਿਤ ਕਰ ਜਿੱਤ ਪ੍ਰਾਪਤ ਕੀਤੀ।

 ਮਾਰਚ 1823 ਨੂੰ ਮਹਾਰਾਜਾ ਸਾਹਿਬ ਨੂੰ ਖ਼ਬਰ ਪਹੁੰਚੀ ਕਿ ਅਫ਼ਗਾਨ ਫੌਜਾਂ ਨੁਸ਼ਿਹਰੇ ਦੇ ਪਾਰ ਪਹਾੜੀਆਂ ਉੱਤੇ ਆਪਣੇ ਮੋਰਚੇ ਬਣਾ ਰਹੀਆਂ ਹਨ ਤੇ ਉਹਨਾਂ ਦੀ ਗਿਣਤੀ ਬੇਸ਼ੁਮਾਰ ਵਧ ਗਈ ਹੈ। 14 ਮਾਰਚ 1823 ਨੂੰ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਰਬ ਸੰਮਤੀ ਨਾਲ ਇਹ ‘ਗੁਰਮਤਾ’ ਸੋਧਿਆ ਗਿਆ ਕਿ ਜੰਗ ਵਿਚ ਦੇਰੀ ਕਰਨ ਨਾਲ ਵੈਰੀਆਂ ਦਾ ਹੌਸਲਾ ਹੋਰ ਵਧ ਜਾਏਗਾ। ਖਾਲਸਾ ਫੌਜਾਂ ਮੈਦਾਨੀ ਇਲਾਕੇ ਵਿਚ ਹਨ ਤੇ ਦੁਸ਼ਮਨ ਪਹਾੜ ਉੱਤੇ ਸੋ ਦੇਰੀ ਕਰਨ ਨਾਲ ਨੁਕਸਾਨ ਜਿਆਦਾ ਹੋ ਸਕਦਾ ਹੈ। ਸੋ ਜੰਗ ਦੀ ਤਿਆਰੀ ਹੋ ਗਈ। ਖਾਲਸਾ ਫੌਜ ਤਿੰਨ ਜੱਥਿਆਂ ਵਿਚ ਵੰਡ ਦਿੱਤੀ ਗਈ। ਅਕਾਲੀ ਜੀ ਦੇ ਜੱਥੇ ਨੂੰ ਚੜ੍ਹਦੇ ਵਾਲੇ ਪਾਸੇ ਤੋਂ ਦੁਸ਼ਮਨ ‘ਤੇ ਚੜ੍ਹਾਈ ਕਰਨ ਲਈ ਕਿਹਾ ਗਿਆ। ਅਰਦਾਸ ਤੋਂ ਬਾਅਦ ਅਕਾਸ਼ ‘ਸਤਿ ਸ਼੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਤੇ ਜੱਥਾ ਮੈਦਾਨੇ ਜੰਗ ਦੇ ਰਾਹ ਪੈ ਗਿਆ। ਦਰਿਆ ਪਾਰ ਕਰਦੇ ਸਾਰ ਨਿਹੰਗਾਂ ਨੇ ਸ਼ੇਰ ਦੀ ਫੁਰਤੀ ਨਾਲ ਦੁਸ਼ਮਨਾਂ ‘ਤੇ ਹੱਲਾ ਕੀਤਾ। ਅੱਗੋਂ ਗਾਜ਼ੀਆਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਤੋਪਾਂ ਦੀ ਆਵਾਜ਼ ਨਾਲ ਧਰਤੀ ਕੰਬ ਗਈ ਤੇ ਆਸਮਾਨ ਗੂੰਜ ਉੱਠਿਆ। ਪਰ ਸੂਰਮਾਂ ਜਰਨੈਲ ਆਪਣੇ ਘੋੜੇ ਨੂੰ ਅਗਾਹ ਵਧਾਉਦਾ ਹੀ ਗਿਆ। ਸ਼ੇਰਾਂ ਦਾ ਜੱਥਾ ਵੀ ਪਿੱਛੇ ਆ ਰਿਹਾ ਸੀ। ਕਿਰਪਾਨਾਂ ਫਿਰ ਬੰਦੂਕਾਂ ‘ਤੇ ਭਾਰੀ ਪੈ ਰਹੀਆਂ ਸਨ। ਅਕਾਲੀਆਂ ਦੀਆਂ ਸਾਰੀਆਂ ਲੜਾਈਆਂ ਵਿਚ ਕਾਮਯਾਬੀ ਦਾ ਵੱਡਾ ਕਾਰਨ ਇਹ ਸੀ ਕਿ ਉਹ ਸਦਾ ਵੈਰੀ ਦੇ ਗਲ ਨੂੰ ਜਾ ਪੈਂਦੇ ਸਨ ਤੇ ਐਸੀ ਕਿਰਪਾਨ ਚਲਾਉਂਦੇ ਕਿ ਜਾਂ ਤਾਂ ਦੁਸ਼ਮਨ ਦੇ ਡੱਕਰੇ ਹੋ ਜਾਂਦੇ ਤੇ ਜਾਂ ਮੈਦਾਨ ਛੱਡ ਕੇ ਭੱਜ ਜਾਂਦਾ। ਉਸ ਸਮੇਂ ਇਹ ਗੱਲ ਆਮ ਪ੍ਰਚੱਲਿਤ ਸੀ ਕਿ ਅਕਾਲੀਆਂ ਦੇ ਹੱਲੇ ਨੂੰ ਕੋਈ ਵੀ ਕਦੇ ਸਾਹਮਣੇ ਤੋਂ ਨਹੀਂ ਰੋਕ ਸਕਿਆ ਸੀ।

 ਬਾਕੀ ਦੇ ਦੋ ਜੱਥੇ ਵੀਂ, ਸਮੇਤ ਸ਼ੇਰੇ ਪੰਜਾਬ ਨਾਲ ਰਣਤੱਤੇ ਵਿਚ ਆ ਗਏ। ਘਮਸਾਂਨ ਦਾ ਯੁੱਧ ਛਿੜ ਪਿਆ। ਯੋਧੇ ਸਿਰ ਧੜ੍ਹ ਦੀ ਬਾਜ਼ੀ ਲਾਉਣ ਲੱਗੇ। ਪਹਾੜੀ ਤੋਂ ਜ਼ਿਹਾਦੀ ਅੰਧਾਧੁੰਦ ਗੋਲੀ ਵਰ੍ਹਾ ਰਹੇ ਸਨ ਪਰ ਇਹ ਬਹਾਦਰ ਸੂਰਮੇਂ ਅੱਗੇ ਵਧਦੇ ਗਏ। ਇਸੇ ਸਮੇਂ ਇਕ ਗੋਲੀ ਅਕਾਲੀ ਜੀ ਦੇ ਗੋਡੇ ਨੂੰ ਛੂਹਦੀ ਹੋਈ ਘੋੜੇ ਦੇ ਪੇਟ ਵਿਚ ਜਾ ਲੱਗੀ। ਅਕਾਲੀ ਜੀ ਦਾ ਘੋੜਾ ਜ਼ਮੀਨ ‘ਤੇ ਡਿੱਗ ਪਿਆ। ਹੁਣ ਅਕਾਲੀ ਜੀ ਹਾਥੀ ‘ਤੇ ਸਵਾਰ ਹੋ ਗਏ। ਜਿਸ ਤਰ੍ਹਾਂ ਘੋੜੇ ‘ਤੇ ਜੱਥੇ ਦੀ ਅਗਵਾਈ ਕਰ ਰਹੇ ਸਨ ਉਸੇ ਤਰ੍ਹਾਂ ਹੁਣ ਹਾਥੀ ਸਾਰੇ ਜੱਥੇ ਤੋਂ ਅੱਗੇ ਸੀ। ਜਦੋਂ ਦੁਸ਼ਮਨਾਂ ਦਾ ਪੱਲੜਾ ਭਾਰੀ ਹੁੰਦਾ ਦਿਸਿਆ ਤਾਂ ਅਕਾਲੀ ਜੀ ਨੇ ਆਪਣੇ ਸੂਰਮਿਆਂ ਨੂੰ ਵੰਗਾਰ ਕੇ ਆਖਿਆ, – ”ਕੌਮੀ ਅਣਖ਼ ‘ਤੇ ਜਾਨ ਵਾਰਨ ਵਾਲੇ ਯੋਧਿਓ, ਤੁਸੀ ਸਦਾ ਸ਼ਹਾਦਤ ਦੀ ਗੱਲ ਕਰਦੇ ਹੁੰਦੇ ਸੋ, ਅੱਜ ਉਹ ਸੁਭਾਗਾ ਸਮਾਂ ਆ ਗਿਆ ਹੈ। ਹੁਣ ਤੁਹਾਡੇ ਹੱਥ ਹੈ ਕਿ ਉਸ ਕੌਮੀ ਕੀਰਤੀ ਨੂੰ, ਜਿਸ ਨੂੰ ਆਪ ਦੇ ਬਜ਼ੁਰਗਾਂ ਨੇ ਲੱਖਾਂ ਸੀਸ ਵਾਰ ਕੇ ਤੇ ਲਹੂ ਦੀਆ ਨਦੀਆਂ ਵਹਾ ਕੇ ਕਾਇਮ ਕੀਤਾ ਹੈ, ਅੱਜ ਦੁੱਗਣੀ ਕਰ ਦਿਉ। ਗੁਰੂ ਨਾ ਕਰੇ ਜੇ ਪਿੱਛੇ ਹਟੇ ਤਾਂ ਕਈ ਸਾਲਾਂ ਦੀਆ ਘਾਲਾਂ ਉੱਤੇ ਪਾਣੀ ਫਿਰ ਜਾਵੇਗਾ। ਤੁਹਾਡੀਆਂ ਰਗਾਂ ਵਿਚ ਦਸ਼ਮੇਸ਼ ਪਿਤਾ ਦਾ ਖ਼ੂਨ ਹੈ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਹੈ, ਆਉ, ਅੱਗੇ ਵਧੋ ਤੇ ਦੁਸ਼ਮਨਾਂ ਨੂੰ ਕੁਚਲਦੇ ਹੋਏ, ਉਤਰ ਪਵੋ ਘੋੜਿਆਂ ਤੋਂ ਧੂਹ ਲਉ ਕਿਰਪਾਨਾਂ ਤੇ ਖਾਲਸੇ ਨੂੰ ਗੁਰੂ ਵੱਲੋਂ ਬਖ਼ਸ਼ੀ ਕਿਰਪਾਨ ਦੀ ਸ਼ਕਤੀ ਵਿਖਾਓ।” ਅਕਾਲੀ ਜੀ ਦੀ ਇਹ ਛੋਟੀ ਜਿਹੀ ਵੰਗਾਰ ਸੀ ਜਾਂ ਬਿਜਲੀ ਦਾ ਧੱਕਾ, ਜਿਸ ਨੇ ਫੌਜਾਂ ਵਿਚ ਇਕ ਨਵੀਂ ਜਾਨ ਫੂਕ ਦਿੱਤੀ, ਉਹ ਜੋਸ਼ ਭਰਿਆ ਕਿ ਸਾਰੇ ਸਿੰਘ ਘੋੜਿਆਂ ਤੋਂ ਉਤਰ ਪਏ ਤੇ ਦੁਸ਼ਮਨਾਂ ‘ਤੇ ਟੁੱਟ ਕੇ ਪੈ ਗਏ।ਉਹ ਦੁਸ਼ਮਨ ਦੀਆਂ ਸਫਾਂ ਨੂੰ ਚੀਰਦੇ ਹੋਏ ਇਸ ਤਰ੍ਹਾਂ ਅੱਗੇ ਵਧੇ ਜਿਸ ਬਾਰੇ ਕਦੇ ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਵੇਗਾ। ਜੰਗ ਵਿਚ ਬਸ ਕਿਰਪਾਨ ਦਿਸਦੀ ਸੀ ਜਾਂ ਦੁਸ਼ਮਨ ਦਾ ਲੱਥਦਾ ਸਿਰ। ‘ਅਕਾਲ ਅਕਾਲ’ ਦੇ ਜੈਕਾਰਿਆਂ, ਆਸਮਾਨ ਗੂੰਜਾ ਦਿੱਤਾ। ਏਨੇ ਨੂੰ ਜਰਨਲ ਵੈਨਤੂਰਾ ਵੀ ਤੋਪਖਾਨੇ ਸਮੇਤ ਪੁੱਜ ਗਿਆ। ਉਸ ਨੇ ਮੁਹੰਮਦ ਅਜ਼ੀਮ ਖ਼ਾਨ ਦੀ ਫੌਜ ਨੂੰ, ਜੋ ਦੂਜੀ ਫੌਜ ਨੂੰ ਲੜਾਈ ਵਿਚ ਮਿਲਣ ਹੀ ਵਾਲੀ ਸੀ, ਉੱਥੇ ਹੀ ਰੋਕ ਦਿੱਤਾ। ਸੂਰਜ ਢਲਣ ਨਾਲ ਅਫ਼ਗਾਨ ਫੌਜਾਂ ਦੇ ਦਿਲ ਵੀ ਰਹੇ ਸਨ ਤੇ ਥੋੜਾ ਪਿੱਛੇ ਨੂੰ ਹੱਟਣ ਲੱਗੇ।

 ਸਿੰਘਾਂ ਨੇ ਦੁਸ਼ਮਨਾਂ ਨੂੰ ਅੱਗੋਂ ਘੇਰ ਲਿਆ ਸੀ। ਦੁਸ਼ਮਨ ਨੇ ਵੀ ਆਪਣਾ ਬਾਕੀ ਬਚਦਾ ਸਾਰਾ ਜੋਸ਼ ਇਸ ਅੰਤਿਮ ਝਪਟ ਵਿਚ ਲਗਾ ਦਿੱਤਾ। ਪਰ ਉਹ ਸਾਰੇ ਪਾਸਿਆਂ ਤੋਂ ਘਿਰ ਚੁੱਕੇ ਸਨ। ਅੰਤ ਪਠਾਣ ਮੈਦਾਨ ਛੱਡ ਕੇ ਭੱਜ ਗਏ ਅਤੇ ਸਿੰਘਾਂ ਨੇ ਮੈਦਾਨ ਫ਼ਹਿਤ ਕਰ ਲਿਆ ਪਰ ਏਸ ਸਬ ਚ ਇੱਕ ਐਸੀ ਅਣਹੋਣੀ ਵੀਂ ਵਾਪਰੀ ਜਿਸ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਮੇਤ, ਸਾਰੀ ਖ਼ਾਲਸਾ ਫ਼ੌਜ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ।  ਅੰਤ ਆਪ ਜੀ ਮੈਦਾਨੇ ਜੰਗ ਅੰਦਰ ਅਨੇਕਾਂ ਵੈਰੀਆਂ ਦੇ ਆਹੂ ਲਾਹੁੰਦਿਆਂ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ।

ਸਮੁੱਚਾ ਸਿੱਖ ਪੰਥ ਅਕਾਲੀ ਫੂਲਾ ਸਿੰਘ ਜੀ ਦੀ 200 ਸਾਲਾ ਸ਼ਤਾਬਦੀ ਮਨਾ ਰਿਹਾ ਹੈ। ਆਓ ਇਸ ਮੌਕੇ ਉਨ੍ਹਾਂ ਵੱਲੋਂ ਕੌਮ ਲਈ ਪਾਏ ਪੂਰਨਿਆਂ *ਤੇ ਚਲਦਿਆਂ ਪੰਥ ਪ੍ਰਸਤੀ ਲਈ ਯਤਨ ਕਰੀਏ।

ਅੰਤ ਇਹ ਭਾਵੁਕ ਸਤਰਾਂ ਵਾਰ ਵਾਰ ਚੇਤੇ ਆਉਂਦੀਆਂ ਹਨ

ਮਹਾਰਾਜਾ ਭੁਬੀਂ ਰੋਇਆ,

ਐਸਾ ਰੰਗ ਪ੍ਰੇਮ ਚੜ੍ਹਾਇਆ ਫੂਲਾ ਸਿੰਘ ਨੇ,

ਕੱਟ ਮਰਦ ਮੈਦਾਨੇ ਮਰਿਆ,

ਨਹੀਂ ਪੈਰ ਪਿੱਛੇ ਪਰਤਾਇਆ ਫੂਲਾ ਸਿੰਘ ਨੇ।

 

 

Share this Article
Leave a comment