ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 8 ਜੁਲਾਈ ਨੂੰ ਕੌਮੀ ਪੱਧਰ ‘ਤੇ ਕਿਸਾਨ ਜਥੇਬੰਦੀਆਂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ 2 ਘੰਟੇ ਲਈ ਕੇਂਦਰੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕਰਦੇ ਹੋਏ ਆਪਣੇ ਵਹੀਕਲ ਸੜਕਾਂ ‘ਤੇ ਲੈ ਕੇ ਖੜ੍ਹਨਗੇ ਅਤੇ ਖਾਲੀ ਗੈਸ ਸਿਲੰਡਰਾਂ ਨੂੰ ਵੀ ਸੜਕਾਂ ‘ਤੇ ਰੱਖ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਹ ਪ੍ਰੋਗਰਾਮ ਹਰ ਵਰਗ ਦੇ ਲੋਕਾਂ ਦੇ ਪੱਖ ਵਿੱਚ ਡਟਣ ਲਈ ਮਹਿੰਗਾਈ ਦੇ ਵਿਰੋਧ ਵਜੋਂ ਉਲੀਕਿਆ ਗਿਆ ਹੈ। ਇਸੇ ਦੌਰਾਨ 8 ਮਿੰਟ ਲਈ ਹਾਰਨ ਵਜਾ ਕੇ ਮੋਦੀ ਸਰਕਾਰ ਦੇ ਕੰਨ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਕੀਤਾ ਜਾਵੇਗਾ। ਸਰਕਾਰ ਵਿਰੋਧੀ ਧਿਰਾਂ ਦੇ ਸੰਸਦਾਂ ਨੂੰ ਕਿਸਾਨ ਚਿਤਾਵਨੀ ਪੱਤਰ ਵੀ ਦੇਣਗੇ ਅਤੇ 17 ਜੁਲਾਈ ਤੋਂ ਪਾਰਲੀਮੈਂਟ ਵੱਲ ਕਿਸਾਨ ਮਾਰਚ ਵੀ ਰੋਜ਼ਾਨਾ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਅਤੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਹੋਣ ਬਾਰੇ ਰਾਜੇਵਾਲ ਨੇ ਕਿਹਾ ਕਿ ਭਾਜਪਾ ਤੇ ਹੋਰ ਕਿਸਾਨ ਵਿਰੋਧੀ ਧਿਰਾਂ ਇਹ ਬੇਲੋੜਾ ਪ੍ਰਚਾਰ ਕਰ ਰਹੀਆਂ ਹਨ ਜਦਕਿ ਉਹ ਕਿਸਾਨ ਸੰਘਰਸ਼ ਲਈ ਹੀ ਡਟਕੇ ਕੰਮ ਕਰੇਗਾ।
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਗਲਤ ਬਿਆਨਬਾਜ਼ੀ ਕਰਦਾ ਹੈ ਅਤੇ ਗਲਤ ਸ਼ਬਦ ਵਰਤਦਾ ਹੈ, ਜਿਸ ਕਾਰਨ ਉਸ ਦੇ ਪਿੰਡ ਦੇ ਹੀ ਸਮੂਹ ਲੋਕੀਂ ਉਸ ਦੇ ਵਿਰੁੱਧ ਹੋ ਗਏ ਹਨ। ਪਿੰਡ ਨੇ ਇਹ ਮਤਾ ਪਾਸ ਕੀਤਾ ਸੀ ਕਿ ਹਰਜੀਤ ਸਿੰਘ ਗਰੇਵਾਲ ਦੀ ਜ਼ਮੀਨ ਠੇਕੇ ‘ਤੇ ਨਹੀਂ ਲਈ ਜਾਵੇਗੀ ਪਰ ਇਕ ਕਿਸਾਨ ਨੇ ਉਸ ਦੀ ਜ਼ਮੀਨ ਠੇਕੇ ‘ਤੇ ਲੈ ਲਈ ਸੀ ਜਿਸ ਕਾਰਨ ਹਰਜੀਤ ਸਿੰਘ ਗਰੇਵਾਲ ਦੇ ਪਿੰਡ ਵਾਸੀਆਂ ਨੇ ਹੀ ਉਸ ਕਿਸਾਨ ਦਾ ਝੋਨਾ ਵਾਹਿਆ ਹੈ।
ਰਾਜਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੁਲੀਸ ਦੀ ਜੋ ਸਿਆਸੀ ਧਿਰਾਂ ਕਿਸਾਨਾਂ ਦੇ ਹੱਕ ਵਿਚ ਨਹੀਂ ਖੜਨਗੀਆਂ ਤਾਂ ਕਿਸਾਨ ਭਾਜਪਾ ਦੀ ਤਰ੍ਹਾਂ ਹੀ ਉਨ੍ਹਾਂ ਸਿਆਸੀ ਧਿਰਾਂ ਦਾ ਵਿਰੋਧ ਕਰਨਗੇ।