ਅੰਮ੍ਰਿਤਸਰ: ਖੇਤੀ ਕਾਨੂੰਨ ਖ਼ਿਲਾਫ਼ ਅੰਮ੍ਰਿਤਸਰ ਧਰਨਾ ਦੇ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੀ ਦਿੱਲੀ ਨੂੰ ਤੁਰ ਪਈ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਆਪਣਾ ਪਹਿਲਾ ਜੱਥਾ ਦਿੱਲੀ ਨੂੰ ਰਵਾਨਾ ਕਰ ਦਿੱਤਾ ਹੈ। ਜੱਥੇ ਦੀ ਰਵਾਨਗੀ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕੀਤੀ ਗਈ।
ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪਹਿਲਾ ਜੱਥਾ ਦਿੱਲੀ ਪਹੁੰਚਣ ਤੋਂ ਬਾਅਦ ਦੱਸ ਤੋਂ ਪੰਦਰਾਂ ਦਿਨਾਂ ਬਾਅਦ ਦੂਸਰਾ ਜੱਥਾ ਅੰਮ੍ਰਿਤਸਰ ਤੋਂ ਰਵਾਨਾ ਕੀਤਾ ਜਾਵੇਗਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੈਦਾਨ ‘ਚ ਡਟੀ ਰਹੇਗੀ।
ਜੱਥੇ ਦੀ ਰਵਾਨਗੀ ਤੋਂ ਪਹਿਲਾਂ ਕਿਸਾਨ ਜਥੇਬੰਦੀ ਨੇ ਵਿਗੜਦੇ ਮੌਸਮ ਅਤੇ ਪੁਲਿਸ ਦੀ ਸਖਤੀ ਨੂੰ ਦੇਖਦੇ ਹੋਏ ਪੂਰੇ ਪ੍ਰਬੰਧ ਕੀਤੇ ਹੋਏ ਸਨ। ਟਰਾਲੀਆਂ ਨੂੰ ਵਾਟਰ ਪਰੂਫ ਬਣਾਇਆ ਗਿਆ ਹੈ ਤਰਪਾਲਾਂ ਦੇ ਨਾਲ ਢਕਿਆ ਹੋਇਆ ਹੈ। ਇਸ ਤੋਂ ਇਲਾਵਾ ਰਾਸ਼ਨ ਵੀ ਲਗਭਗ ਦੋ ਮਹੀਨੇ ਦਾ ਜੱਥੇ ਦੇ ਨਾਲ ਭੇਜਿਆ ਗਿਆ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਨੇੜੇ ਧਰਨਾ ਲਗਾਇਆ ਗਿਆ ਸੀ ਜੋ ਬੀਤੇ ਦਿਨੀਂ ਰੇਲਵੇ ਟਰੈਕਾਂ ‘ਤੇ ਆ ਕੇ ਬੈਠ ਗਏ ਹਨ। ਇਸ ਜਥੇਬੰਦੀ ਦਾ ਕਹਿਣਾ ਹੈ ਕਿ ਅਸੀਂ ਸਿਰਫ਼ ਮਾਲ ਗੱਡੀਆਂ ਨੂੰ ਹੀ ਰਾਹ ਦੇਵਾਂਗੇ ਪੈਸੇਂਜਰ ਗੱਡੀਆਂ ਨੂੰ ਕਿਸਾਨ ਡੱਕਣਗੇ। ਇਸ ਲਈ ਰੇਲਵੇ ਪ੍ਰਸ਼ਾਸਨ ਨੇ ਜੰਡਿਆਲਾ ਗੁਰੂ ਰੇਲਵੇ ਟਰੈਕ ਤੇ ਪੈਸੇਂਜਰਜ਼ ਅਤੇ ਮਾਲ ਗੱਡੀ ਨਾ ਚਲਾਉਣ ਦਾ ਫ਼ੈਸਲਾ ਲਿਆ ਹੈ।