ਕਿਸਾਨ ਅੰਦੋਲਨ – ਕਿਹੜੇ ਕਸੂਰ ਬਦਲੇ, ਸਾਡੀ ਖੋਹ ਲਈ ਹੱਥਾਂ ਦੀ ਰੋਟੀ !

TeamGlobalPunjab
8 Min Read

-ਸੁਬੇਗ ਸਿੰਘ

ਭਾਵੇਂ ਆਪਣਾ ਹੱਕ ਮੰਗਣਾ ਅਤੇ ਨਾ ਮਿਲਣ ਤੇ ਉਹਦੇ ਲਈ ਸੰਘਰਸ਼ ਕਰਨਾ ਹਰ ਇੱਕ ਦਾ ਜਮਹੂਰੀ ਤੇ ਸੰਵਿਧਾਨਿਕ ਹੱਕ ਹੈ।ਆਪਣੇ ਹੱਕ ਲਈ ਤਾਂ ਹਰ ਜੀਵ ਜੰਤੂ ਤੇ ਪਸ਼ੂ ਪੰਛੀ ਵੀ ਜੂਝਦਾ ਅਤੇ ਲੜ ਮਰਦਾ ਹੈ।ਫਿਰ ਮਨੁੱਖ ਆਪਣੇ ਹੱਕ ਮੰਗਣ ਤੋਂ ਕਿਉਂ ਸੰਕੋਚ ਕਰੇ ਅਤੇ ਕਿਉਂ ਨਾ ਆਪਣੇ ਹੱਕ ਲਈ ਸੰਘਰਸ਼ ਕਰੇ। ਬਾਕੀ ਜੀਵ ਜੰਤੂਆਂ ਤੋਂ ਇਲਾਵਾ ਇਕੱਲਾ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜਿਸਨੂੰ ਸੂਝ-ਬੂਝ ਹੋਣ ਦੇ ਨਾਲ ਨਾਲ, ਇਹ ਹੱਕ ਮਿਲੇ ਹਨ ਅਤੇ ਮਨੁੱਖ ਆਪਣੇ ਹੱਕਾਂ ਪ੍ਰਤੀ ਚੇਤਨ ਹੋਣ ਦੇ ਕਾਰਨ ਹੀ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਜਿਆਦਾ ਜੂਝਦਾ ਵੀ ਹੈ। ਇਸ ਤੋਂ ਇਲਾਵਾ ਆਪਣੇ ਹੱਕਾਂ ਪ੍ਰਤੀ ਜੂਝਣਾ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨਾ ਚੇਤਨ ਮਨੁੱਖ ਦਾ ਮੁੱਢਲਾ ਫਰਜ ਵੀ ਹੁੰਦਾ ਹੈ। ਇਸ ਲਈ ਜਿਹੜਾ ਵੀ ਮਨੁੱਖ ਜਾਂ ਕੌਮ ਆਪਣੇ ਹੱਕਾਂ ਪ੍ਰਤੀ ਅਵੇਸਲੀ ਹੋ ਜਾਵੇ,ਉਹ ਇੱਕ ਦਿਨ ਗੁਲਾਮ ਜਰੂਰ ਹੋ ਜਾਂਦੀ ਹੈ।ਇਸ ਲਈ ਹੱਕ ਮੰਗਣਾ ਅਤੇ ਉਹਦੇ ਲਈ ਜੂਝਣਾ ਇਕੱਲਾ ਪੇਟ ਭਰਨ ਤੱਕ ਹੀ ਸੀਮਤ ਨਹੀਂ ਹੁੰਦਾ।ਸਗੋਂ ਹਰ ਮਨੁੱਖ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਰਹਿਣਾ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਜੂਝਦੇ ਰਹਿਣਾ ਜਿਉਂਦੇ ਜਾਗਦੇ ਅਤੇ ਚੇਤੰਨ ਮਨੁੱਖ ਦੀ ਨਿਸ਼ਾਨੀ ਵੀ ਹੁੰਦੀ ਹੈ।

ਇਸ ਸੰਸਾਰ ਚ ਆ ਕੇ ਹਰ ਕੋਈ ਅਮਨ ਚੈਨ ਤੇ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹੈ।ਪਰ ਇਹ ਗੱਲ ਤਾਂ ਹੀ ਸੰਭਵ ਹੋ ਸਕਦੀ ਹੈ,ਜਦੋਂ ਕੋਈ ਦੂਸਰੇ ਦੇ ਹੱਕਾਂ ਤੇ ਡਾਕਾ ਨਾ ਮਾਰੇ ਅਤੇ ਆਪਣੇ ਹੱਕਾਂ ਤੱਕ ਹੀ ਸੀਮਤ ਰਹੇ।ਕੁਦਰਤ ਦੇ ਨਿਯਮ ਦੇ ਅਨੁਸਾਰ ਵੀ ਕਿਸੇ ਦੂਸਰੇ ਦਾ ਹੱਕ ਖੋਹਣਾ ਨਾ ਹੀ ਕੋਈ ਚੰਗੀ ਪ੍ਰਵਿਰਤੀ ਹੀ ਮੰਨੀ ਗਈ ਹੈ ਅਤੇ ਨਾ ਹੀ ਇਹ ਸੰਸਾਰਕ ਨਿਯਮਾਂ ਅਨੁਸਾਰ ਹੀ ਠੀਕ ਹੁੰਦੀ ਹੈ।ਭਾਵੇਂ ਸੰਸਾਰ ਦੇ ਹਰ ਜੀਵ ਜੰਤੂ ਤੇ ਪਸ਼ੂ ਪੰਛੀ ਦੇ ਸੁਭਾਅ ਚ ਵੀ ਦੂਸਰੇ ਦਾ ਹੱਕ ਖੋਹਣ ਦੀ ਪ੍ਰਵਿਰਤੀ ਹੁੰਦੀ ਹੈ।ਪਰ ਇਹ ਪ੍ਰਵਿਰਤੀ ਸਿਰਫ ਆਪਣਾ ਪੇਟ ਭਰਨ ਤੱਕ ਹੀ ਸੀਮਤ ਹੁੰਦੀ ਹੈ।ਪਰ ਮਨੁੱਖ ਇੱਕ ਅਜਿਹਾ ਪ੍ਰਾਣੀ ਹੈ,ਜਿਹੜਾ ਆਪਣੇ ਪੇਟ ਤੋਂ ਇਲਾਵਾ ਆਪਣੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਖੁਸ਼ਹਾਲ ਬਨਾਉਣ ਦੇ ਚੱਕਰ ਚ ਹੀ ਦੂਸਰੇ ਦਾ ਹੱਕ ਮਾਰਦਾ ਹੈ ਅਤੇ ਦੂਸਰੇ ਦਾ ਨੁਕਸਾਨ ਵੀ ਕਰਦਾ ਹੈ। ਇਸ ਖੋਹ ਖਿੰਝ ਕਰਨ ‘ਚ ਮਨੁੱਖ ਨਾ ਹੀ ਕਿਸੇ ਲੋੜਵੰਦ ਦਾ ਹੱਕ ਖੋਹਕੇ ਉਹਦੇ ਤੇ ਤਰਸ਼ ਹੀ ਕਰਦਾ ਹੈ ਅਤੇ ਨਾ ਹੀ ਭੋਰਾ ਸ਼ਰਮ ਹੀ ਮਹਿਸੂਸ ਕਰਦਾ ਹੈ।ਸਗੋਂ ਆਪਣੀ ਤਾਕਤ ਅਤੇ ਰੁਤਬੇ ਦੇ ਜਰੀਏ,ਦੂਸਰੇ ਦਾ ਹੱਕ ਖੋਹਣ ਨੂੰ ਆਪਣੀ ਸ਼ਾਨ ਸਮਝਦਾ ਹੈ।

ਕੋਈ ਵਕਤ ਹੁੰਦਾ ਸੀ,ਜਦੋਂ ਰਾਜਿਆਂ ਤੇ ਜਰਵਾਣਿਆਂ ਦਾ ਰਾਜ ਹੁੰਦਾ ਸੀ। ਉਨ੍ਹਾਂ ਵਕਤਾਂ ਚ ਰਾਜੇ ਜਾਂ ਜਰਵਾਣੇ ਹੀ ਸਭ ਕੁੱਝ ਹੁੰਦੇ ਸੀ। ਅਜਿਹੇ ਸਮਿਆਂ ‘ਚ ਨਾ ਹੀ ਕੋਈ ਅਪੀਲ, ਨਾ ਦਲੀਲ ਅਤੇ ਨਾ ਹੀ ਕਿਸੇ ਪ੍ਰਕਾਰ ਦੇ ਨਿਆਂ ਦੀ ਹੀ ਆਸ ਕੀਤੀ ਜਾਂਦੀ ਸੀ। ਸਮੇਂ ਦਾ ਰਾਜਾ ਜਾਂ ਜਰਵਾਣਿਆਂ ਦੇ ਮੂੰਹੋਂ ਨਿੱਕਲੇ ਬੋਲ ਹੀ ਦੇਸ਼ ਦਾ ਕਾਨੂੰਨ ਹੁੰਦੇ ਸਨ ਅਤੇ ਉਨ੍ਹਾਂ ਦੇ ਬੋਲ ਹੀ ਆਪਣੀ ਪਰਜਾ ਲਈ ਸ਼ਜਾ ਜਾਂ ਮੁਆਫ਼ੀ ਹੁੰਦੀ ਸੀ। ਰਾਜ ਦੀ ਪਰਜਾ ਨੂੰ ਕੋਈ ਹੱਕ ਮੰਗਣ ਜਾਂ ਫਿਰ ਕਿਸੇ ਕਿਸਮ ਦਾ ਵਿਰੋਧ ਕਰਨ ਦਾ ਕੋਈ ਹੱਕ ਨਹੀਂ ਸੀ ਹੁੰਦਾ।ਰਾਜੇ ਵੱਲੋਂ ਲਗਾਏ ਗਏ ਹਰ ਪ੍ਰਕਾਰ ਦੇ ਟੈਕਸ ਪਰਜਾ ਨੂੰ ਚੁੱਪ ਚਾਪ ਦੇਣੇ ਹੀ ਪੈਂਦੇ ਸਨ।ਰਾਜੇ ਵਿਰੁੱਧ ਉੱਠੀ ਹਰ ਆਵਾਜ਼ ਦੇਸ਼ ਜਾਂ ਰਾਜ ਵਿਰੋਧੀ ਮੰਨੀ ਜਾਂਦੀ ਸੀ ਅਤੇ ਰਾਜੇ ਦੀ ਚਾਪਲੂਸੀ ਕਰਨ ਵਾਲੇ ਜਾਂ ਫਿਰ ਜਿਆਦਤੀ ਸਹਿਣ ਵਾਲੇ ਨੂੰ ਹੀ ਦੇਸ਼ ਭਗਤ ਕਿਹਾ ਜਾਂਦਾ ਸੀ। ਜਨਤਾ ਦੀ ਹਰ ਆਵਾਜ਼ ਨੂੰ ਆਪਣੀ ਤਾਕਤ ਦੇ ਬਲਬੂਤੇ ਦਬਾਅ ਦਿੱਤਾ ਜਾਂਦਾ ਸੀ। ਅਜਿਹੇ ਮਹੌਲ ਜਨਤਾ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਹੁੰਦੀ ਸੀ।

- Advertisement -

ਇਸੇ ਲਈ ਰਾਜੇ, ਮਹਾਰਾਜਿਆਂ ਅਤੇ ਜਰਵਾਣਿਆਂ ਦੇ ਤਸੀਹਿਆਂ ਤੋਂ ਅੱਕੇ ਅਤੇ ਸਤਾਏ ਹੋਏ ਲੋਕਾਂ ਨੇ ਸੰਘਰਸ਼ਾਂ ਦਾ ਰਾਹ ਫੜਿਆ ਅਤੇ ਰਾਜੇ ਮਹਾਰਾਜਿਆਂ ਦੇ ਤਖਤੇ ਪਲਟ ਕੇ ਲੋਕਤੰਤਰ ਭਾਵ ਲੋਕ ਰਾਜ ਦੀ ਸਥਾਪਨਾ ਕੀਤੀ।ਅਜੋਕੇ ਦੌਰ ‘ਚ ਰਾਣੀ ਦੇ ਪੇਟ ਚੋਂ ਜੰਮਿਆ, ਰਾਜੇ ਦਾ ਪੁੱਤਰ ਰਾਜ ਭਾਗ ਦਾ ਮਾਲਕ ਨਹੀਂ ਬਣ ਸਕਦਾ। ਸਗੋਂ ਰਾਜ ਭਾਗ ਦਾ ਮਾਲਕ ਲੋਕਾਂ ਦੀਆਂ ਵੋਟਾਂ ਦੇ ਦੁਆਰਾ ਚੁਣਿਆ ਜਾਂਦਾ ਹੈ। ਜਿਹੜਾ ਕਾਨੂੰਨ ਬਨਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਲੋਕਾਂ ਅੱਗੇ ਜੁਆਬਦੇਹ ਵੀ ਹੁੰਦਾ ਹੈ।ਅਗਰ ਕੋਈ ਹਾਕਮ ਜਾਂ ਸਮੇਂ ਦੀਆਂ ਸਰਕਾਰਾਂ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਕੋਈ ਕਾਨੂੰਨ ਬਣਾਉਂਦੀਆਂ ਜਾਂ ਲਾਗੂ ਕਰਦੀਆਂ ਹਨ,ਤਾਂ ਲੋਕ ਦੇਸ਼ ਦੀ ਨਿਆਂ ਪਾਲਿਕਾ ਦਾ ਸਹਾਰਾ ਵੀ ਲੈਂਦੇ ਹਨ ਜਾਂ ਫਿਰ ਲੋਕ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ਾਂ ਦਾ ਰਾਹ ਵੀ ਫੜਦੇ ਹਨ। ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਦੇਸ਼ ਦੇ ਹਰ ਨਾਗਰਿਕ ਦਾ ਸੰਵਿਧਾਨਿਕ ਹੱਕ ਵੀ ਤਾਂ ਹੈ।

ਭਾਵੇਂ ਦੇਸ਼ ਦੇ ਹਰ ਨਾਗਰਿਕ ਨੂੰ ਆਪਣਾ ਹੱਕ ਮੰਗਣ ਅਤੇ ਉਹਦੇ ਲਈ ਸੰਘਰਸ਼ ਕਰਨ ਦੀ ਪੂਰੀ ਆਜਾਦੀ ਹੈ।ਪਰ ਇਹਦੇ ਨਾਲ ਇਹ ਗੱਲ ਵੀ ਬੜੀ ਜਰੂਰੀ ਹੈ,ਕਿ ਆਪਣੇ ਅਧਿਕਾਰ ਮੰਗਣ ਲੱਗਿਆਂ ਕਿਸੇ ਦੂਸਰੇ ਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋਵੇ।ਰਾਜਨੀਤੀ ਸਾਸਤਰ ਦੇ ਸਿਧਾਂਤ ਦੇ ਅਨੁਸਾਰ ਇੱਕ ਵਿਅਕਤੀ ਦੇ ਅਧਿਕਾਰ ਉੱਥੇ ਜਾ ਕੇ ਖਤਮ ਹੋ ਜਾਂਦੇ ਹਨ,ਜਿੱਥੇ ਕਿਸੇ ਦੂਸਰੇ ਦੇ ਅਧਿਕਾਰ ਸ਼ੁਰੂ ਹੋ ਜਾਂਦੇ ਹਨ।ਅਜੋਕੇ ਦੌਰ ਚ ਕੇਂਦਰ ਸਰਕਾਰ ਨੇ ਖੇਤੀ ਸਵੰਧੀ ਤਿੰਨ ਕਾਨੂੰਨ ਪਾਸ ਕੀਤੇ ਹਨ। ਜਿਨ੍ਹਾਂ ਦੇ ਮਾਰੂ ਅਸਰ ਨੂੰ ਸਮਝਦਿਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਖਾਸ ਕਰਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨਾਲ ਸੰਬੰਧਤ ਕਿਸਾਨ ਜਥੇਬੰਦੀਆਂ ਨੇ ਕਾਫੀ ਲੰਮੇ ਸਮੇਂ ਤੋਂ ਇੰਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਦਾ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਹਰ ਰਾਜਨੀਤਕ ਪਾਰਟੀ, ਸਮਾਜਿਕ, ਧਾਰਮਿਕ ਅਤੇ ਜਮਹੂਰੀ ਸੰਸਥਾਵਾਂ ਤੋਂ ਇਲਾਵਾ ਬਹੁਤ ਸਾਰੀਆਂ ਮਜਦੂਰ, ਮੁਲਾਜ਼ਮ ਤੇ ਵਿਦਿਆਰਥੀ ਜਥੇਬੰਦੀਆਂ ਨੇ ਵੀ ਇਸ ਅੰਦੋਲਨ ਦਾ ਭਰਪੂਰ ਸਮਰਥਨ ਕੀਤਾ ਹੈ। ਇਸ ਅੰਦੋਲਨ ਦੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜੇ, ਅਡਾਨੀ, ਅੰਬਾਨੀ ਨਾਲ ਸੰਬੰਧਤ ਪੈਟਰੋਲ ਪੰਪ ਹਰ ਤਰ੍ਹਾਂ ਦੇ ਸ਼ੋਅ ਰੂਮ ਅਤੇ ਹੋਰ ਕਾਰਪੋਰੇਟ ਅਦਾਰੇ ਵੀ ਬੰਦ ਕਰਵਾ ਦਿੱਤੇ ਹਨ,ਜਿੱਥੇ ਇਹ ਲੋਕ ਮੁਲਾਜ਼ਮ ਸਨ। ਪਰ ਵੇਖਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਕੋਵਿਡ -19 ਦੀ ਮਹਾਂਮਾਰੀ ਦੇ ਕਾਰਨ ਹੀ ਲੱਗਭਗ ਬਹੁਤ ਸਾਰੇ ਪ੍ਰਾਈਵੇਟ ਅਦਾਰੇ ਪਹਿਲਾਂ ਹੀ ਬੰਦ ਹੋ ਚੁੱਕੇ ਹਨ ਅਤੇ ਉਨ੍ਹਾਂ ਵਿੱਚ ਕੰਮ ਕਰਦੇ ਨੌਜਵਾਨ ਲੜਕੇ ਤੇ ਲੜਕੀਆਂ ਵੀ ਬੇਰੁਜ਼ਗਾਰ ਹੋ ਚੁੱਕੇ ਹਨ।ਪਰ ਕਿਸਾਨੀ ਅੰਦੋਲਨ ਦੇ ਦੌਰਾਨ ਤਾਂ ਇਹ ਸਾਰੇ ਦੇ ਸਾਰੇ ਅਦਾਰੇ ਹੀ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ ਅਤੇ ਇੰਨ੍ਹਾਂ ਵਿੱਚ ਕੰਮ ਕਰਦੇ ਸਾਰੇ ਹੀ ਨੌਜਵਾਨ ਲੜਕੇ ਤੇ ਲੜਕੀਆਂ ਵੀ ਬੇਰੁਜ਼ਗਾਰ ਹੋ ਕੇ ਪੂਰੀ ਤਰ੍ਹਾਂ ਘਰ ਬੈਠ ਗਏ ਹਨ।ਇਹ ਸਾਰੇ ਹੀ ਨੌਜਵਾਨ ਗਰੀਬ ਘਰਾਂ ਜਾਂ ਫਿਰ ਗਰੀਬ ਕਿਸਾਨ ਪਰਿਵਾਰਾਂ ਨਾਲ ਹੀ ਸਵੰਧਿਤ ਹਨ।ਜਿੰਨ੍ਹਾਂ ਦੇ ਪਰਿਵਾਰ ਦਾ ਚੁੱਲ੍ਹਾ ਇੰਨ੍ਹਾਂ ਨੌਜਵਾਨਾਂ ਦੇ ਰੁਜਗਾਰ ਦੇ ਸਹਾਰੇ ਹੀ ਚੱਲਦਾ ਸੀ।ਪਰ ਹੁਣ ਕਿਸਾਨੀ ਅੰਦੋਲਨ ਦੇ ਕਾਰਨ ਅਤੇ ਉਪਰੋਕਤ ਅਦਾਰੇ ਬੰਦ ਹੋਣ ਦੇ ਕਾਰਨ, ਇਨ੍ਹਾਂ ਗਰੀਬ ਪਰਿਵਾਰਾਂ ਦੇ ਜੀਅ ਭੁੱਖ ਨਾਲ ਮਰਨ ਕਿਨਾਰੇ ਆਏ ਪਏ ਹਨ। ਭਾਵੇਂ ਆਪਣਾ ਹੱਕ ਮੰਗਣਾ ਹਰ ਇੱਕ ਦਾ ਸੰਵਿਧਾਨਿਕ ਹੱਕ ਹੈ। ਪਰ ਮੇਰੀ ਜਮਹੂਰੀਅਤ ਅਤੇ ਇਨਸਾਫ ਪਸੰਦ ਲੋਕਾਂ ਅਤੇ ਸੂਝਵਾਨ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ, ਕਿ ਉਹ ਕਿਸਾਨੀ ਅੰਦੋਲਨ ਦੇ ਨਾਲ ਇਨ੍ਹਾਂ ਬੇਰੁਜ਼ਗਾਰ ਹੋਏ ਗਰੀਬ ਪਰਿਵਾਰਾਂ ਅਤੇ ਗਰੀਬ ਕਿਸਾਨਾਂ ਦੇ ਪਰਿਵਾਰਾਂ ਦੀ ਹਾਲਤ ਨੂੰ ਮੁੱਖ ਰੱਖ ਕੇ, ਇਸ ਸਮੱਸਿਆ ਦੇ ਸੰਬੰਧ ‘ਚ ਕੋਈ ਨਾ ਕੋਈ ਸਾਰਥਕ ਅਤੇ ਉੱਚਿਤ ਹੱਲ ਜਰੂਰ ਲੱਭਣ ਤਾਂ ਕਿ ਇਨ੍ਹਾਂ ਲੋਕਾਂ ਦੇ ਚੁੱਲ੍ਹੇ ਦੀ ਠੰਢੀ ਹੋਈ ਅੱਗ ਦੁਬਾਰਾ ਬਲ੍ਹਣ ਲੱਗ ਪਵੇ। ਇਹ ਅੰਦਰ ਹੀ ਅੰਦਰ ਝੂਰਦੇ ਕਹਿੰਦੇ ਹਨ ਕਿ ਕਿਹੜੇ ਕਸੂਰ ਬਦਲੇ, ਸਾਡੀ ਖੋਹ ਲਈ ਹੱਥਾਂ ਦੀ ਰੋਟੀ !

ਸੰਪਰਕ: 93169 10402

Share this Article
Leave a comment