ਖਾਲਸਾ ਏਕੇ ਦਾ ਰੂਪ, ਨਾਂ ਕਿ ਵੰਡੀਆਂ ਪਾਉਣ ਵਾਲੀ ਤਾਕਤ: ਤਰਨਜੀਤ ਸਿੰਘ ਸੰਧੂ

Prabhjot Kaur
3 Min Read

ਵਾਸ਼ਿੰਗਟਨ: ਸਿੱਖਸ ਆਫ ਅਮਰੀਕਾ ਵਲੋਂ ਆਯੋਜਿਤ ਵਿਸਾਖੀ ਸਮਾਗਮ ਦੌਰਾਨ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਵੱਕਾਰੀ ‘ਸਿੱਖ ਹੀਰੋ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਦਰਸ਼ਨ ਸਿੰਘ ਧਾਲੀਵਾਲ ਅਤੇ ਹੋਰ ਨਾਮੀ ਸ਼ਖਸੀਅਤਾਂ ਨਾਲ ‘ਸਿੱਖ ਹੀਰੋ ਐਵਾਰਡ’ ਲੈਣ ਪੁੱਜੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਮੌਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਵਿਚ ਸੇਵਾ, ਬਰਾਬਰੀ, ਏਕਤਾ, ਇਮਾਨਦਾਰ ਜ਼ਿੰਦਗੀ, ਸਰਵ ਵਿਆਪਕਤਾ ਅਤੇ ਆਪਸੀ ਮਿਲਵਰਤਣ ਸ਼ਾਮਲ ਹਨ।

ਤਰਨਜੀਤ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਝੂਲ ਰਿਹਾ ਖਾਲਸਾਈ ਝੰਡਾ ਅਤੇ ਨਿਸ਼ਾਨ ਸਾਹਿਬ ਏਕਤਾ, ਸ਼ਾਂਤੀ ਅਤੇ ਮਨੁੱਖਤਾ ਨੂੰ ਪਿਆਰ ਕਰਨ ਦਾ ਸੁਨੇਹਾ ਦਿੰਦੇ ਹਨ। ਸਭਨਾਂ ਨੂੰ ਇਹ ਗੱਲਾਂ ਮਨ ਵਿਚ ਵਸਾਉਣੀਆਂ ਚਾਹੀਦੀਆਂ ਹਨ ਨਾਂ ਕਿ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਕੀਤੇ ਜਾ ਰਹੇ ਪ੍ਰਚਾਰ ਨੂੰ ਤਰਜੀਹ ਦੇਣੀ ਚਾਹੀਦੀ ਹੈ। ਅਮਰੀਕਾ ਵਿੱਚ ਵਸਦੇ ਸਿੱਖਾਂ ਨੂੰ ਸੰਬੋਧਤ ਹੁੰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਲਗਾਤਾਰ ਵਧ-ਫੁੱਲ ਰਿਹਾ ਹੈ ਅਤੇ ਡਿਜੀਟਾਈਜ਼ੇਸ਼ਨ ਸਣੇ ਸਿਹਤ ਅਤੇ ਉਦਮਤਾ ਵਰਗੇ ਖੇਤਰਾਂ ‘ਚ ਬੇਹੱਦ ਤਰੱਕੀ ਕੀਤੀ ਹੈ। ਮੌਜੂਦਾ ਦੌਰ ਵਿੱਚ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਆਰਥਿਕ, ਤਕਨੀਕੀ ਅਤੇ ਡਿਜੀਟਲ ਕ੍ਰਾਂਤੀ ਦਾ ਹਿੱਸਾ ਬਣਨਾ ਚਾਹੀਦਾ ਹੈ। ਸਿਰਫ਼ ਐਨਾ ਹੀ ਨਹੀਂ ਅਮਰੀਕਾ ਅਤੇ ਭਾਰਤ ਦੀ ਸਾਂਝ ਵੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਅਮਰੀਕਾ ਵਿਚ ਵਸਦੇ ਭਾਰਤੀ ਦਾ ਇਸ ਦਾ ਆਧਾਰ ਹਨ।

ਸਮਾਗਮ ਵਿਚ ਆਪਣੇ ਭਾਸ਼ਣ ਦੌਰਾਨ ਸੰਧੂ ਨੇ ਕਿਹਾ ਖਾਲਸਾ ਏਕੇ ਦਾ ਰੂਪ ਹੈ ਨਾਂਕਿ ਵੰਡੀਆਂ ਪਾਉਣ ਵਾਲੀ ਕੋਈ ਤਾਕਤ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਹ ਪ੍ਰਗਟਾਵਾ ਪਿਛਲੇ ਦਿਨੀਂ ਭਾਰਤੀ ਸਫ਼ਾਰਤਖਾਨਿਆਂ ਦੇ ਬਾਹਰ ਹੋਏ ਰੋਸ ਵਿਖਾਵਿਆਂ ਦੇ ਮੱਦੇਨਜ਼ਰ ਕੀਤਾ।

ਸਿੱਖਸ ਆਫ਼ ਅਮਰੀਕਾ ਵੱਲੋਂ ਸਿੱਖ ਹੀਰੋ ਐਵਾਰਡ ਨਾਲ ਨਿਵਾਜੇ ਜਾਣ ‘ਤੇ ਸ਼ੁਕਰੀਆ ਅਦਾ ਕਰਦਿਆਂ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅਮਰੀਕਾ ਨਾਲ ਭਾਈਵਾਲੀ ਸਦਕਾ ਤਕਨੀਕ ਅਤੇ ਇਨਫ਼ਰਾਸਟ੍ਰਕਚਰ ਸੈਕਟਰਾਂ ‘ਚ ਭਾਰਤੀ ਨੌਜਵਾਨਾਂ ਲਈ ਅਪਾਰ ਮੌਕੇ ਪੈਦਾ ਹੋ ਰਹੇ ਹਨ। ਉੱਧਰ ਸਮਾਗਮ ਦੀ ਸ਼ੁਰੂਆਤ ਮੌਕੇ ਸਿੱਖਸ ਆਫ਼ ਅਮਰੀਕਾ ਦੇ ਚੇਅਰ ਜਸਦੀਪ ਸਿੰਘ ਜੱਸੀ ਨੇ ਐਵਾਰਡ ਹਾਸਲ ਕਰਨ ਵਾਲਿਆਂ ਵੱਲੋਂ ਆਪੋ-ਆਪਣੇ ਖੇਤਰਾਂ ਵਿਚ ਪਾਏ ਯੋਗਦਾਨ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਈਚਾਰੇ ਵਿੱਚ ਹਿੰਸਾ ਵਾਸਤੇ ਕੋਈ ਥਾਂ ਨਹੀਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment