ਕੈਨੇਡਾ ‘ਚ ਸਿੱਖ ਸੁਰੱਖਿਆ ਗਾਰਡ ‘ਤੇ ਨਸਲੀ ਹਮਲਾ, ਵਿਅਕਤੀ ਨੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ

TeamGlobalPunjab
2 Min Read

ਕੈਲੋਨਾ : ਕੈਨੇਡਾ ਦੇ ਕੈਲੋਨਾ ਸ਼ਹਿਰ ‘ਚ ਸਿੱਖ ਸੁਰੱਖਿਆ ਗਾਰਡ ‘ਤੇ ਨਸਲੀ ਟਿੱਪਣੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਇੱਕ ਵੈਕਸੀਨੇਸ਼ਨ ਕਲੀਨਿਕ ਦੇ ਬਾਹਰ ਤਾਇਨਾਤ ਸਿੱਖ ਸੁਰੱਖਿਆ ਗਾਰਡ ਨੂੰ ਇੱਕ ਕੈਨੇਡੀਅਨ ਵਿਅਕਤੀ ਆਪਣੇ ਮੁਲਕ ਵਾਪਸ ਜਾਣ ਨੂੰ ਕਹਿ ਰਿਹਾ ਹੈ।

ਆਰ.ਸੀ.ਐਮ.ਪੀ. ਨੇ ਦੱਸਿਆ ਕਿ ਇਕ ਵੈਕਸੀਨੇਸ਼ਨ ਕਲੀਨਿਕ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਦੀ ਖਬਰ ਮਿਲੀ ਸੀ। ਪੁਲਿਸ ਦੇ ਦਖ਼ਲ ਮਗਰੋਂ ਪ੍ਰਦਰਸ਼ਨਕਾਰੀ ਉਥੋਂ ਚਲੇ ਗਏ ਪਰ ਇਸ ਦੌਰਾਨ ਇਕ ਵੀਡੀਓ ਸਾਹਮਣੇ ਆਈ ਜਿਸ ‘ਚ ਇਕ ਗੋਰਾ ਵਿਅਕਤੀ ਸਿੱਖ ਸੁਰੱਖਿਆ ਗਾਰਡ ਨਾਲ ਬਹਿਸ ਕਰ ਰਿਹਾ ਹੈ। ਸਿੱਖ ਸਿਕਿਉਰਟੀ ਗਾਰਡ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਪ੍ਰਦਰਸ਼ਨਕਾਰੀ ਨੂੰ ਉਥੋਂ ਚਲੇ ਜਾਣ ਲਈ ਕਿਹਾ ਪਰ ਗੋਰੇ ਨੇ ਨਸਲੀ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ।

ਵਿਅਕਤੀ ਨੇ ਸਿੱਖ ਸੁਰੱਖਿਆ ਗਾਰਡ ਨੂੰ ਕਿਹਾ ਕਿ, ‘ਤੂੰ ਆਪਣੇ ਮੁਲਕ ਵਾਪਸ ਚਲਾ ਜਾ, ਤੂੰ ਕੈਨੇਡੀਅਨ ਨਹੀਂ ਅਤੇ ਕੈਨੇਡੀਅਨ ਕਾਨੂੰਨ ਬਾਰੇ ਕੁਝ ਨਹੀਂ ਜਾਣਦਾ।’ ਪੁਲਿਸ ਨੇ ਵੀਡੀਓ ‘ਚ ਨਜ਼ਰ ਆ ਰਹੇ ਵਿਅਕਤੀ ਦੀ ਪਛਾਣ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਦੱਸਿਆ ਕਿ ਧਾਰਾ 319 ਅਧੀਨ ਜਾਣਬੁੱਝ ਕੇ ਨਸਲੀ ਟਿੱਪਣੀਆਂ ਕਰਨ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਕਮਿਊਨਿਟੀ ‘ਚ ਨਸਲਵਾਦ ਲਈ ਕੋਈ ਥਾਂ ਨਹੀਂ ਅਤੇ ਅਸੀਂ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

Share this Article
Leave a comment