ਦਿੱਲੀ ‘ਚ ਦੇਸ਼ ਦੇ ਪਹਿਲੇ ਪਲਾਜ਼ਮਾ ਬੈਂਕ ਦੀ ਹੋਈ ਸ਼ੁਰੂਆਤ, ਕੇਜਰੀਵਾਲ ਵੱਲੋਂ ਵਟਸਐਪ ਨੰਬਰ ਜਾਰੀ

TeamGlobalPunjab
2 Min Read

ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ ਕੋਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਬੈਂਕ ਅੱਜ ਤੋਂ ਭਾਵ ਵੀਰਵਾਰ ਤੋਂ ਸ਼ੁਰੂ ਹੋ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਪ੍ਰੈਸ ਕਾਨਫ਼ਰੰਸ ਕਰ ਕੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਹ ਬੈਂਕ ਕੋਵਿਡ-19 ਦੇ ਪੀੜਤ ਮਰੀਜ਼ਾਂ ਲਈ ਕਾਫੀ ਹੱਦ ਤੱਕ ਮਦਦਗਾਰ ਸਾਬਤ ਹੋਵੇਗੀ। ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਲਾਜ਼ਮਾ ਬੈਂਕ ਤਾਂ ਹੀ ਸਫਲ ਹੋਵੇਗਾ, ਜਦੋਂ ਕੋਰੋਨਾ ਤੋਂ ਠੀਕ ਹੋਏ ਲੋਕ ਇਸ ਬੈਂਕ ‘ਚ ਪਲਾਜ਼ਮਾ ਦਾਨ ਦੇਣਗੇ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਥਿਤ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼(ਆਈ.ਐਲ.ਬੀ.ਐਸ) ਅੱਜ ਤੋਂ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਕਰ ਰਿਹਾ ਹੈ। ਕੋਰੋਨਾ ਦਾ ਇਲਾਜ ਕਰਨ ਵਾਲਾ ਇਹ ਦੇਸ਼ ਦਾ ਪਹਿਲਾਂ ਪਲਾਜ਼ਮਾ ਬੈਂਕ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਪਲਾਜ਼ਮਾ ਦੇ ਲਈ ਜ਼ਿਆਦਾ ਦਿੱਕਤ ਨਹੀਂ ਆਵੇਗੀ। ਇਸ ਮੌਕੇ ਮੁੱਖ ਮੰਤਰੀ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਪੀੜਤ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਪਲਾਜ਼ਮਾ ਡੋਨੇਟ ਕਰ ਸਕਦੇ ਹਨ।

ਕੇਜਰੀਵਾਲ ਨੇ ਇਸ ਲਈ ਟੋਲ ਫਰੀ ਨੰਬਰ-1031 ਅਤੇ ਵਟਸਐਪ ਨੰਬਰ-8800007722 ਜਾਰੀ ਕੀਤਾ ਹੈ। ਪਲਾਜ਼ਮਾ ਦਾਨ ਕਰਨ ਵਾਲੇ ਇੱਛੁਕ ਲੋਕ ਫੋਨ ਕਰ ਕੇ ਆਪਣਾ ਪਲਾਜ਼ਮਾ ਦਾਨ ਕਰਨ ਲਈ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ ਅਤੇ ਅੱਗੇ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।

Share this Article
Leave a comment