ਨਿਊਜ਼ ਡੈਸਕ: ਮਸ਼ਹੂਰ ਟੀਵੀ ਅਦਾਕਾਰ ਕਰਨ ਮਹਿਰਾ ਨੂੰ ਲੈ ਕੇ ਹਾਲ ਹੀ ਵਿੱਚ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੂੰ ਮੰਗਲਵਾਰ ਗੋਰੇਗਾਓਂ ਪੁਲਿਸ ਨੇ ਘਰੇਲੂ ਝਗੜੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਕਰਨ ਮਹਿਰਾ ਅਤੇ ਉਨ੍ਹਾਂ ਦੀ ਪਤਨੀ ਨਿਸ਼ਾ ਰਾਵਲ ਵਿੱਚ ਤਲਾਕ ਨੂੰ ਲੈ ਕੇ ਗੱਲ ਚੱਲ ਰਹੀ ਸੀ ਤੇ ਇਹ ਵਿਵਾਦ ਕਾਫੀ ਵਧ ਗਿਆ। ਜਿਸ ਤੋਂ ਬਾਅਦ ਨਿਸ਼ਾ ਨੇ ਕਰਨ ਦੇ ਖਿਲਾਫ਼ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ। ਹਾਲਾਂਕਿ ਕਰਨ ਨੂੰ ਇਸ ਕੇਸ ਵਿੱਚ ਜ਼ਮਾਨਤ ਮਿਲ ਗਈ ਹੈ। ਇਸ ਪੂਰੇ ਮਾਮਲੇ ‘ਤੇ ਸਫਾਈ ਦਿੰਦੇ ਹੋਏ ਕਰਨ ਨੇ ਦੱਸਿਆ ਕਿ ਆਖ਼ਰ ਦੋਵਾਂ ਵਿਚਾਲੇ ਕੀ ਹੋਇਆ ਸੀ।
ਅਸਲ ‘ਚ ਨਿਸ਼ਾ ਨੇ ਦੋਸ਼ ਲਾਏ ਹਨ ਕਿ ਕਰਨ ਨੇ ਜ਼ੁਬਾਨੀ ਝਗੜੇ ਦੌਰਾਨ ਉਨ੍ਹਾਂ ‘ਤੇ ਹੱਥ ਚੁੱਕਿਆ ਸੀ। ਇਸ ਸਬੰਧੀ ਸਵਾਲ ਕੀਤੇ ਜਾਣ ‘ਤੇ ਕਰਨ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਦੇ ਲਗਭਗ 10 ਵਜੇ ਦੋਵਾਂ ਵਿਚਾਲੇ ਤਲਾਕ ਨੂੰ ਲੈ ਕੇ ਗੱਲ ਚੱਲ ਰਹੀ ਸੀ। ਇਸ ਦੌਰਾਨ ਨਿਸ਼ਾ ਨੇ ਜੋ ਐਲਮੌਨੀ ਮੰਗੀ, ਉਹ ਕਰਨ ਨਹੀਂ ਦੇ ਸਕਦੇ ਸਨ। ਉਦੋਂ ਉੱਥੇ ਮੌਜੂਦ ਨਿਸ਼ਾ ਦੇ ਭਰਾ ਨੇ ਦੋਵਾਂ ਨੂੰ ਕਿਹਾ ਕਿ ਇਹ ਮਾਮਲਾ ਕਾਨੂੰਨੀ ਤੌਰ ‘ਤੇ ਸੁਲਝਾਇਆ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਕਰਨ ਰਾਜ਼ੀ ਹੋ ਗਏ ਤੇ ਆਪਣੇ ਬੈੱਡਰੂਮ ਵਿੱਚ ਚਲੇ ਗਏ ਕਰਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕਰ ਰਹੇ ਸਨ ਅਤੇ ਉਸੇ ਦੌਰਾਨ ਨਿਸ਼ਾ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਕਰਨ ਮੁਤਾਬਕ ਗਾਲ੍ਹਾਂ ਕੱਢਣ ਤੋਂ ਬਾਅਦ ਨਿਸ਼ਾ ਕਮਰੇ ‘ਚੋਂ ਬਾਹਰ ਚਲੀ ਗਈ ਤੇ ਆਪਣਾ ਸਿਰ ਦਿਵਾਰ ਵਿੱਚ ਮਾਰਨ ਲੱਗੀ ਤੇ ਫਿਰ ਉਸ ਨੇ ਪੁਲਿਸ ਨੂੰ ਬੁਲਾ ਲਿਆ। ਕਰਨ ਨੇ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਨਿਸ਼ਾ ਦੇ ਭਰਾ ਨੇ ਵੀ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ। ਕਰਨ ਨੇ ਤਾਂ ਇਸ ਮਾਮਲੇ ਵਿੱਚ ਸਫ਼ਾਈ ਦੇ ਦਿੱਤੀ ਹੈ ਪਰ ਨਿਸ਼ਾ ਦਾ ਕਹਿਣਾ ਹੈ ਕਿ ਉਹ ਆਪਣੇ ਵਕੀਲ ਨਾਲ ਗੱਲ ਕਰਨ ਤੋਂ ਬਾਅਦ ਹੀ ਕੋਈ ਪ੍ਰਤੀਕਿਰਿਆ ਦੇਵੇਗੀ।