ਕਰਮਜੀਤ ਕੌਰ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ ਹੋਏ ਜਾਰੀ

Prabhjot Kaur
3 Min Read

ਐਡਮਿੰਟਨ: ਭਾਰਤੀ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਣ ਦਾ ਖਾਮਿਆਜ਼ਾ ਨੌਜਵਾਨਾਂ ਨੂੰ ਕੈਨੇਡਾ ਵਿੱਚ ਭੁਗਤਣਾ ਪੈ ਰਿਹਾ ਹੈ। ਕਰਮਜੀਤ ਕੌਰ ਦੀ ਡਿਪੋਰਟ ਕਰਨ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ। ਐਡਮਿੰਟਨ ਦੀ ਕਰਮਜੀਤ ਕੌਰ ਨੂੰ ਅਗਲੇ ਮਹੀਨੇ ਕੈਨੇਡਾ ਤੋਂ ਕੱਢਿਆ ਜਾਣਾ ਤੈਅ ਹੈ ਕਿਉਂਕਿ ਉਸਦੀ ਵਿਦਿਆਰਥੀ ਵੀਜ਼ਾ ਅਰਜ਼ੀ ਵਿੱਚ ਫਰਜ਼ੀ ਦਾਖਲਾ ਪੱਤਰ ਸ਼ਾਮਲ ਸੀ। ਭਾਵੇਂ ਕਿ ਕੈਨੇਡੀਅਨ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਨਹੀਂ ਜਾਣਦੀ ਸੀ ਕਿ ਇਹ ਦਾਖਲਾ ਪੱਤਰ ਜਾਅਲੀ ਹੈ ਪਰ ਇਹ ਉਸਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹਨਾਂ ਦਸਤਾਵੇਜ਼ਾਂ ਨੂੰ ਕੈਨੇਡਾ ਆਉਣ ਵੇਲੇ ਧਿਆਨ ਨਾਲ ਤਸਦੀਕ ਕਰਦੀ। ਜਿਸ ਕਾਰਨ ਹੁਣ ਉਸ ਨੂੰ 29 ਮਈ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਹੋ ਗਏ ਹਨ। ਉਧਰ ਬਾਰਡਰ ਸਰਵਿਸਸ ਦਾ ਕਹਿਣਾ ਹੈ ਕਿ ਇਹ ਕਾਨੂੰਨੀ ਤੌਰ ਤੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਹਟਾਉਣ ਲਈ ਜ਼ਿੰਮੇਵਾਰ ਹੈ ਜੋ ਕੈਨੇਡਾ ਲਈ ਮਨਜ਼ੂਰ ਨਹੀਂ ਹੈ।

ਕਰਮਜੀਤ ਕੌਰ ਤੇ ਉਸ ਦੇ ਵਕੀਲ ਨੂੰ ਉਮੀਦ ਹੈ ਕਿ ਮਨੁੱਖੀ ਤਰਸ ਦੇ ਅਧਾਰ ਤੇ ਨਿਵਾਸ ਲਈ ਅਰਜ਼ੀ ਤੇ ਉਸ ਦੀ ਨਿਯਮਿਤ ਮਿਤੀ 29 ਅਪ੍ਰੈਲ ਤੋਂ ਪਹਿਲਾਂ ਕਾਰਵਾਈ ਹੋ ਜਾਵੇਗੀ। ਵਕੀਲ ਮਨਰਾਜ ਸਿੱਧੂ ਨੇ ਕਿਹਾ ਕਿ ਕਰਮਜੀਤ ਇਸ ਵੇਲੇ ਪੂਰੀ ਤਰਾਂ ਟੁੱਟ ਚੁੱਕੀ ਹੈ। ਉਸ ਨੂੰ ਵਾਪਸ ਉਸੇ ਸਮਾਜ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿੱਥੇ ਉਹ ਘਰ ਦੀਆਂ 4 ਦਿਵਾਰਾਂ ਵਿੱਚ ਰਹਿਣ ਲਈ ਮਜਬੂਰ ਹੋਵੇਗੀ ਤੇ ਪਿਛਲੇ 18-20 ਸਾਲ ਤੋਂ ਉਹ ਇਹੀ ਕਰ ਰਹੀ ਸੀ ਕਿਉਂਕਿ ਉਸ ਨੂੰ ਡਿਸਏਬਲ ਹੋਣ ਕਾਰਨ ਲੋਕਾਂ ਦੇ ਮਜ਼ਾਕ ਅਤੇ ਸ਼ਰਮਿੰਦਗੀ ਦਾ ਪਾਤਰ ਬਣਨਾ ਪੈਂਦਾ ਸੀ। ਕਰਮਜੀਤ ਭਾਰਤ ਦੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਹੈ ਜਿੱਥੇ ਬਚਪਨ ਵਿੱਚ ਹੋਏ ਇੱਕ ਹਾਦਸੇ ਕਾਰਨ ਉਸਦੇ ਸਰੀਰ ਦੇ ਸੱਜੇ ਪਾਸੇ ਤੇ ਇਸਦਾ ਕਾਫੀ ਬੁਰਾ ਪ੍ਰਭਾਵ ਪਿਆ। ਕੈਨੇਡਾ ਵਿੱਚ ਉਸ ਕੋਲ ਵਧੀਆ ਭਵਿੱਖ ਲਈ ਕਾਫੀ ਮੌਕੇ ਸਨ। ਉਸ ਨੇ ਇੱਥੇ ਬਿਜ਼ਨਸ ਐਸਮਿਨਿਸਟ੍ਰੇਸ਼ਨ ਦਾ ਡਿਪਲੋਮਾ ਕੀਤਾ ਅਤੇ ਜਿਸ ਹਾਰਡਵੇਅਰ ਸਟੋਰ ਤੇ ਪੈਨਡੈਮਿਕ ਦੌਰਾਨ ਉਸਨੇ ਕੰਮ ਕੀਤਾ ਸੀ, ਉਥੇ ਉਸਨੂੰ ਤਰੱਕੀ ਦੇ ਕੇ ਸੁਪਰਵਾਈਜ਼ਰ ਬਣਾ ਦਿੱਤਾ ਗਿਆ। ਹੁਣ ਉਸ ਨੂੰ ਉਹ ਗਲਤੀ ਕਰਕੇ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ ਜਿਸ ਵਿੱਚ ਉਸਦਾ ਕੋਈ ਕਸੂਰ ਹੀ ਨਹੀਂ।

ਕਰਮਜੀਤ ਕੌਰ ਦੇ ਪਰਿਵਾਰ ਨੇ ਉਸਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਇਮੀਗਰੇਸ਼ਨ ਏਜੰਟ ਦੀਆਂ ਸੇਵਾਵਾਂ ਲਈਆਂ ਜਿਸ ਦੌਰਾਨ ਵੀਜ਼ਾ ਅਰਜ਼ੀ ‘ਚ ਉਸਨੇ ਝੂਠੇ ਦਾਖਲਾ ਪੱਤਰ ਸ਼ਾਮਲ ਕੀਤੇ ਤੇ ਇਸ ਇਸਦਾ ਪਤਾ ਕਈ ਸਾਲਾਂ ਬਾਅਦ ਅਧਿਕਾਰੀਆਂ ਨੂੰ ਲੱਗਾ। ਕਰਮਜੀਤ ਦੇ ਪਰਿਵਾਰ ਵੱਲੋਂ ਇਸ ਸਬੰਧ ਵਿੱਚ ਪੰਜਾਬ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਏਜੰਟ ‘ਤੇ ਦੋਸ਼ ਆਇਦ ਕੀਤੇ ਗਏ ਪਰ ਇਸ ਵੇਲੇ ਉਹ ਫਰਾਰ ਹੈ ਅਤੇ ਕਰਮਜੀਤ ਤੇ ਉਸਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment