ਕਰਮਜੀਤ ਕੌਰ ਨੂੰ 29 ਮਈ ਤੱਕ ਕੈਨੇਡਾ ਤੋਂ ਡਿਪੋਰਟ ਕਰਨ ਦੇ ਹੁਕਮ

Prabhjot Kaur
3 Min Read

ਐਡਮਿੰਟਨ: ਭਾਰਤੀ ਏਜੰਟ ਦੇ ਧੋਖੇ ਦਾ ਸ਼ਿਕਾਰ ਹੋਣ ਦਾ ਖਾਮਿਆਜ਼ਾ ਨੌਜਵਾਨਾਂ ਨੂੰ ਕੈਨੇਡਾ ਵਿੱਚ ਭੁਗਤਣਾ ਪੈ ਰਿਹਾ ਹੈ। ਕਰਮਜੀਤ ਕੌਰ ਦੀ ਡਿਪੋਰਟ ਕਰਨ ਦੀ ਤਾਰੀਖ ਤੈਅ ਕਰ ਦਿੱਤੀ ਗਈ ਹੈ।ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ 25 ਸਾਲ ਦੀ ਕਰਮਜੀਤ ਕੌਰ ਨੂੰ 29 ਮਈ ਤੱਕ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕਰਮਜੀਤ ਕੌਰ ਦੇ ਮਾਮਲੇ ਵਿਚ ਆਇਆ ਫੈਸਲਾ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਸੈਂਕੜੇ ਪੰਜਾਬੀ ਵਿਦਿਆਰਥੀਆਂ ਨੂੰ ਕੋਈ ਰਾਹਤ ਮਿਲਣ ਦੀ ਉਮੀਦ ਖਤਮ ਹੋ ਗਈ ਹੈ।

ਕਰਮਜੀਤ ਕੌਰ ਵਲੋਂ ਕੈਨੇਡੀਅਨ ਸਿਟੀਜ਼ਨ ਨਾਲ ਵਿਆਹ ਕਰਵਾਉਣ ਅਤੇ ਇਮੀਗ੍ਰੇਸ਼ਨ ਬੋਰਡ ਅੱਗੇ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਬਾਵਜੂਦ ਵੀ ਉਸ ਨੂੰ ਰਾਹਤ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਜਨਵਰੀ 2023 ‘ਚ ਇੱਕ ਫੈਡਰਲ ਅਦਾਲਤ ਨੇ ਵੀ ਕਰਮਜੀਤ ਕੌਰ ਨੂੰ ਰਾਹਤ ਨਾਂ ਦਿੰਦਿਆਂ ਦੇਸ਼ ਨਿਕਾਲੇ ਦੇ ਹੁਕਮਾਂ ਨੂੰ ਠੀਕ ਠਹਿਰਾਇਆ ਸੀ। ਉੱਧਰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਹੈ ਕਿ ਫ਼ਰਜ਼ੀ ਦਾਖਲਾ ਪੱਤਰਾਂ ਦੇ ਆਧਾਰ ‘ਤੇ ਸਟੱਡੀ ਵੀਜ਼ਾ ਲੈਣ ਵਾਲੇ ਕਈ ਮਾਮਲਿਆਂ ਦੀ ਪੜਤਾਲ ਚੱਲ ਰਹੀ ਹੈ। ਬਾਰਡਰ ਏਜੰਸੀ ਨੇ ਕੇਸਾਂ ਦੀ ਅਸਲ ਗਿਣਤੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਦੱਸਣਯੋਗ ਹੈ ਕਿ ਕਰਮਜੀਤ ਕੌਰ ਨੇ ਟੋਰਾਂਟੋ ਦੇ ਸੈਨੇਕਾ ਕਾਲਜ (Seneca College) ‘ਚ ਦਾਖਲੇ ਦੀ ਪੇਸ਼ਕਸ਼ ਵਾਲਾ ਪੱਤਰ ਦਿਖਾ ਕੇ ਸਟੱਡੀ ਵੀਜ਼ਾ ਲਿਆ ਪਰ ਕੈਨੇਡਾ ਪਹੁੰਚਣ ਤੋਂ ਬਾਅਦ ਪੰਜਾਬ ਬੈਠੇ ਏਜੰਟ ਨੇ ਦੱਸਿਆ ਕਿ ਸੈਨੇਕਾ ਕਾਲਜ ਵਿੱਚ ਦਾਖਲ ਸੰਭਵ ਨਹੀਂ ਹੋ ਸਕਿਆ। ਇਸ ਤੋਂ ਬਾਅਦ ਕਰਮਜੀਤ ਕੌਰ ਨੇ ਐਡਮਿੰਟਨ ਦੇ ਨੌਰਕੁਐਸਟ ਕਾਲਜ (NorQuest College) ‘ਚ ਬਿਜ਼ਨਸ ਐਂਡ ਐਡਮਨਿਸਟ੍ਰੇਸ਼ਨ ਮੈਨੇਜਮੈਂਟ ਦਾ ਕੋਰਸ ਸ਼ੁਰੂ ਕਰ ਦਿੱਤਾ ਜੋ 2020 ਵਿੱਚ ਮੁਕੰਮਲ ਹੋ ਗਿਆ। 2021 ਵਿੱਚ ਜਦੋਂ ਕਰਮਜੀਤ ਕੌਰ ਨੇ ਪੀ.ਆਰ. ਦੀ ਅਰਜ਼ੀ ਦਾਖਲ ਕੀਤੀ ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤੋਂ ਚਿੱਠੀ ਆ ਗਈ ਕਿ ਟੋਰਾਂਟੋ ਦੇ ਸੈਨੇਕਾ ਕਾਲਜ ‘ਚ ਦਾਖਲੇ ਵਾਲਾ ਪੱਤਰ ਜਾਅਲੀ ਸੀ।

ਕਰਮਜੀਤ ਕੌਰ ਨੇ ਨੀਡੀਆ ਨਾਲ ਗੱਲ ਕਰਦੇ ਕਿਹਾ, ‘ਅਸੀਂ ਤਾਂ ਇਹੀ ਸੋਚਦੇ ਸੀ ਕਿ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਕਿਰਿਆ ਬਹੁਤ ਸਖ਼ਤ ਹੈ ਅਤੇ ਹਰ ਚੀਜ਼ ਦੀ ਜਾਂਚ ਤੋਂ ਬਾਅਦ ਹੀ ਵੀਜ਼ਾ ਦਿੱਤਾ ਜਾਂਦਾ ਹੈ ਪਰ ਹੁਣ ਪੰਜ ਸਾਲ ਬਾਅਦ ਮੈਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜਦੋਂ ਕੈਨੇਡਾ ਮੇਰਾ ਮੁਲਕ ਬਣ ਚੁੱਕਾ ਹੈ। ਕਰਮਜੀਤ ਕੌਰ ਅਤੇ ਉਸ ਵਰਗੇ ਸੈਂਕੜੇ ਇੰਟਰਨੈਸ਼ਨਲ ਸਟੂਡੈਂਟਸ ਟੋਰਾਂਟੋ ਸਣੇ ਕਈ ਥਾਵਾਂ ‘ਤੇ ਰੋਸ ਵਿਖਾਵੇ ਕਰ ਚੁੱਕੇ ਹਨ ਅਤੇ ਮਾਈਗ੍ਰੈਂਟ ਵਰਕਰਜ਼ ਅਲਾਇੰਸ ਵੱਲੋਂ ਉਨ੍ਹਾਂ ਦੇ ਹੱਕ ‘ਚ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਗਈ ਹੈ ਪਰ ਹੁਣ ਤੱਕ ਕਿਸੇ ਪਾਸਿਓ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।

- Advertisement -

ਫ਼ਰਜ਼ੀ ਦਾਖਲਾ ਪੱਤਰ ਦੇ ਮਾਮਲੇ ‘ਚ ਇੱਕ ਹੋਰ ਪੀੜਤ ਲਵਪ੍ਰੀਤ ਸਿੰਘ ਨੇ ਕਿਹਾ ਕਿ ਬਤੌਰ ਕੌਮਾਂਤਰੀ ਵਿਦਿਆਰਥੀ ਉਹ ਕੈਨੇਡੀਅਨ ਅਰਥਚਾਰੇ ‘ਚ ਕਰੋੜਾਂ ਡਾਲਰ ਦਾ ਯੋਗਦਾਨ ਪਾ ਰਹੇ ਹਨ। ਕੋਰੋਨਾ ਕਾਲ ਦੌਰਾਨ ਅਸੀਂ ਅਸੈਂਸ਼ੀਅਲ ਵਰਕਰ ਵਜੋਂ ਕੰਮ ਕੀਤਾ ਅਤੇ ਹੁਣ ਅਜਿਹੇ ਫਰੋਡ ਦੇ ਦੋਸ਼ ਹੇਠ ਸਾਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਜੋ ਅਸੀਂ ਕੀਤਾ ਹੀ ਨਹੀਂ। ਕੈਨੇਡਾ ਸਰਕਾਰ ਨੂੰ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨੀ ਚਾਹੀਦੀ ਹੈ।

Share this Article
Leave a comment