ਟੋਰਾਂਟੋ: ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ‘ਕੈਪਸ ਕੈਫੇ’ ’ਤੇ ਗੋਲੀਬਾਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕੈਨੇਡਾ ਸਰਕਾਰ ਨੇ ਡਿਪੋਰਟੇਸ਼ਨ ਆਰਡਰ ਜਾਰੀ ਕਰ ਦਿੱਤੇ ਹਨ। ਹਾਲੇ ਤੱਕ ਇਨ੍ਹਾਂ ਦੀ ਪਹਿਚਾਣ ਨਹੀਂ ਦੱਸੀ ਗਈ। ਵਿਦੇਸ਼ੀ ਮੀਡੀਆ ਮੁਤਾਬਕ, ਇਹ ਸਾਰੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹਨ – ਜਿਸ ਨੂੰ ਹਾਲ ਹੀ ਵਿੱਚ ਅੱਤਵਾਦੀ ਸੰਗਠਨ ਐਲਾਨਿਆ ਗਿਆ ਹੈ।
ਇਹ ਕਾਰਵਾਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਕੀਤੀ। ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਵਪਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਜਬਰੀ ਵਸੂਲੀ ਨੈੱਟਵਰਕ ਦੀ ਜਾਂਚ ਤੋਂ ਬਾਅਦ ਤਿੰਨ ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ।
7 ਨਵੰਬਰ ਨੂੰ ਜਾਰੀ ਹੋਏ ਇਹ ਆਰਡਰ BC ਐਕਸਟੌਰਸ਼ਨ ਟਾਸਕ ਫੋਰਸ ਦਾ ਪਹਿਲਾ ਨਿਕਾਲਾ ਹੈ, ਜੋ CBSA, RCMP ਤੇ ਸਥਾਨਕ ਪੁਲਿਸ ਦਾ ਸਾਂਝਾ ਆਪ੍ਰੇਸ਼ਨ ਹੈ। ਇਸ 40 ਮੈਂਬਰੀ ਟਾਸਕ ਫੋਰਸ ਨੂੰ ਸਾਲ ਦੇ ਸ਼ੁਰੂ ਵਿੱਚ ਗਠਿਤ ਕੀਤਾ ਗਿਆ ਸੀ, ਜਿਸ ਦਾ ਮਕਸਦ ਅੰਤਰਰਾਸ਼ਟਰੀ ਅਪਰਾਧੀ ਗਰੁੱਪਾਂ ਵਿਰੁੱਧ ਖੁਫੀਆ ਤੇ ਕਾਰਵਾਈ ਦਾ ਤਾਲਮੇਲ ਬਣਾਉਣਾ ਹੈ।
CBSA ਅਧਿਕਾਰੀਆਂ ਨੇ ਦੱਸਿਆ ਕਿ 78 ਹੋਰ ਵਿਦੇਸ਼ੀ ਨਾਗਰਿਕ ਅਜੇ ਵੀ ਇਮੀਗ੍ਰੇਸ਼ਨ ਜਾਂਚ ਅਧੀਨ ਹਨ, ਜਿਨ੍ਹਾਂ ਵਿੱਚ ਜਬਰੀ ਵਸੂਲੀ ਨਾਲ ਜੁੜੀ ਅਪਰਾਧਕ ਗਤੀਵਿਧੀਆਂ ਦੇ ਸ਼ੱਕ ਹਨ।
2025 ਦੀ ਸ਼ੁਰੂਆਤ ਤੋਂ ਬ੍ਰਿਟਿਸ਼ ਕੋਲੰਬੀਆ ਵਿੱਚ ਜਬਰੀ ਵਸੂਲੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਅਪਰਾਧੀ ਸੋਸ਼ਲ ਮੀਡੀਆ ਰਾਹੀਂ ਵਪਾਰੀਆਂ ਤੋਂ ਕ੍ਰਿਪਟੋਕਰੰਸੀ ਮੰਗ ਰਹੇ ਹਨ। ਮੰਗ ਪੂਰੀ ਨਾ ਹੋਵੇ ਤਾਂ ਹਿੰਸਾ ਤੇ ਅੱਗ ਲਗਾਉਣ ‘ਤੇ ਉੱਤਰ ਆਉਂਦੇ ਹਨ। ਸਰੀ, ਲੋਅਰ ਮੇਨਲੈਂਡ ਤੇ ਫਰੇਜ਼ਰ ਵੈਲੀ ਦੇ ਕਈ ਛੋਟੇ ਵਪਾਰਾਂ ‘ਤੇ ਹਮਲੇ ਹੋਏ. ਜਿਨ੍ਹਾਂ ਵਿੱਚ ਕੇਪਸ ਕੈਫੇ ਵੀ ਸ਼ਾਮਲ ਹੈ।
ਅਧਿਕਾਰੀਆਂ ਨੇ ਡਿਪੋਰਟ ਗਏ ਵਿਅਕਤੀਆਂ ਦੀ ਪਹਿਚਾਣ, ਨਾਗਰਿਕਤਾ ਜਾਂ ਮੰਜ਼ਿਲ ਨੂੰ ਜਨਤਕ ਨਹੀਂ ਕੀਤਾ। ਪਰ ਕਾਨੂੰਨ ਪ੍ਰਵਰਤਨ ਸੂਤਰਾਂ ਮੁਤਾਬਕ, ਇਸ ਨੈੱਟਵਰਕ ਵਿੱਚ ਪੀੜਤ ਤੇ ਅਪਰਾਧੀ ਦੋਵੇਂ ਪੰਜਾਬੀ ਮੂਲ ਦੇ ਹਨ। CBSA ਨੇ ਆਪ੍ਰੇਸ਼ਨਲ ਸੁਰੱਖਿਆ ਤੇ ਗੋਪਨੀਯਤਾ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਵਧੇਰੇ ਜਾਣਕਾਰੀ ਨਾ ਦੇਣ ਦਾ ਕਾਰਨ ਦੱਸਿਆ।
ਅਧਿਕਾਰੀਆਂ ਨੇ ਕਿਹਾ ਇਹ ਡਿਪੋਰਟੇਸ਼ਨ ਪੰਜਾਬੀ ਵਪਾਰੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਸੰਗਠਿਤ ਨੈੱਟਵਰਕ ਨੂੰ ਤੋੜਨ ਵਿੱਚ ਮਹੱਤਵਪੂਰਨ ਕਦਮ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

