ਕਾਂਝਵਾਲਾ ਕੇਸ ਵਿੱਚ ਗਾਂਧੀ ਨਗਰ (ਗੁਜਰਾਤ) ਦੀ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦੀ ਟੀਮ ਸੁਲਤਾਨ ਪੁਰੀ ਥਾਣੇ ਵਿੱਚ ਕਾਰ ਹੇਠਲੇ ਹਿੱਸੇ ਦੀ ਜਾਂਚ ਕਰ ਰਹੀ ਹੈ। ਲਾਸ਼ ਦੀ ਡਮੀ ਬਣਾਈ ਗਈ ਹੈ। ਫੋਰੈਂਸਿਕ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰ ਦੇ ਹੇਠਲੇ ਹਿੱਸੇ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਲਈ ਕਰੇਨ ਬੁਲਾਈ ਗਈ ਹੈ। ਕਰੇਨ ਦੀ ਮਦਦ ਨਾਲ ਕਾਰ ਨੂੰ ਉੱਪਰ ਚੁੱਕਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਮਾਹਿਰਾਂ ਦੀ ਟੀਮ ਕਾਰ ਦੇ ਉਸ ਹਿੱਸੇ ਦੀ ਜਾਂਚ ਕਰੇਗੀ ਜਿੱਥੇ ਅੰਜਲੀ ਫਸ ਗਈ ਸੀ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਾਰੇ ਦੋਸ਼ੀਆਂ ਨੂੰ ਰੋਹਿਣੀ ਅਦਾਲਤ ‘ਚ ਪੇਸ਼ ਕੀਤਾ ਗਿਆ। ਰੋਹਿਣੀ ਅਦਾਲਤ ਨੇ ਸਾਰੇ 6 ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਇਸ ਤੋਂ ਪਹਿਲਾਂ, ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਇਸ ਮਾਮਲੇ ਦੇ ਇਕ ਹੋਰ ਦੋਸ਼ੀ ਅੰਕੁਸ਼ ਖੰਨਾ ਨੂੰ ਜ਼ਮਾਨਤ ਦੇ ਦਿੱਤੀ ਸੀ, ਜਿਸ ਨੇ ਕਥਿਤ ਤੌਰ ‘ਤੇ ਦੋਸ਼ੀ ਦਾ ਬਚਾਅ ਕੀਤਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਪਹਿਲਾਂ ਦੀਪਕ ਖੰਨਾ (26), ਅਮਿਤ ਖੰਨਾ (25), ਕ੍ਰਿਸ਼ਨਾ (27), ਮਿਥੁਨ (26) ਅਤੇ ਮਨੋਜ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਆਸ਼ੂਤੋਸ਼ ਅਤੇ ਅੰਕੁਸ਼ ਖੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸੇ ਦੌਰਾਨ ਮੁਲਜ਼ਮ ਆਸ਼ੂਤੋਸ਼ ਨੇ ਅੱਜ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ। ਉਸ ਦੀ ਜ਼ਮਾਨਤ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ ਹੋਵੇਗੀ।
ਇਸ ਤੋਂ ਪਹਿਲਾਂ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਅੰਜਲੀ ਦੇ ਗੱਡੀ ਹੇਠ ਫਸੇ ਹੋਣ ਬਾਰੇ ਪਤਾ ਸੀ। ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਕਈ ਵਾਰ ਕਾਰ ਦਾ ਯੂ-ਟਰਨ ਲਿਆ ਕਿਉਂਕਿ ਉਹ ਬਹੁਤ ਡਰੇ ਹੋਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਇਹ ਵੀ ਮੰਨਿਆ ਹੈ ਕਿ ਕਾਰ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਦੀ ਕਹਾਣੀ ਝੂਠੀ ਸੀ।