ਭਾਰਤ ਨਹੀਂ ਆਉਣਗੇ ਜਸਟਿਨ ਬੀਬਰ, ਜਾਣੋ ਕੀ ਫੈਨਜ਼ ਨੂੰ ਵਾਪਿਸ ਮਿਲਣਗੇ ਟਿਕਟਾਂ ਦੇ ਪੈਸੇ

Rajneet Kaur
3 Min Read

ਨਿਊਜ਼ ਡੈਸਕ: ਜਸਟਿਨ ਬੀਬਰ ਕਿਸੇ ਵੀ ਪਹਿਚਾਣ ਦੇ ਮੋਹਤਾਜ਼ ਨਹੀਂ ਹਨ। ਹਾਲੀਵੁੱਡ ਪੌਪ ਸਿੰਗਰ ਜਸਟਿਨ ਬੀਬਰ ਕੁਝ ਮਹੀਨੇ ਪਹਿਲਾਂ ਚਿਹਰੇ ਦੇ ਅਧਰੰਗ ਦਾ ਸ਼ਿਕਾਰ ਹੋ ਗਏ ਸਨ। ਹਾਲਾਂਕਿ, ਕੁਝ ਦਿਨਾਂ ਬਾਅਦ, ਉਨ੍ਹਾਂ ਨੇ ਵਰਲਡ ਟੂਰ ਕਰਨਾ ਸ਼ੁਰੂ ਕਰ ਦਿੱਤਾ, ਪਰ ਹੁਣ ਸੋਸ਼ਲ ਮੀਡੀਆ ‘ਤੇ ਇਕ ਨੋਟ ਸ਼ੇਅਰ ਕਰਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਖਰਾਬ ਸਿਹਤ ਕਾਰਨ ਉਨ੍ਹਾਂ ਨੇ ਆਪਣਾ ਵਿਸ਼ਵ ਦੌਰਾ ਅੱਧ ਵਿਚਾਲੇ ਹੀ ਰੋਕ ਦਿੱਤਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਨੋਟ ‘ਚ ਆਪਣੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਅਤੇ ਸਮਰਥਨ ਲਈ ਧੰਨਵਾਦ ਕੀਤਾ । ਜਸਟਿਨ ਨੇ ਆਪਣੇ ਨੋਟ ‘ਚ ਲਿਖਿਆ ਸੀ ਕਿ, ‘ਇਸ ਸਾਲ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਸਭ ਨੂੰ ਰਾਮਸੇ ਹੰਟ ਸਿੰਡਰੋਮ ਨਾਲ ਆਪਣੀ ਲੜਾਈ ਬਾਰੇ ਦੱਸਿਆ ਸੀ। ਇਸ ਬਿਮਾਰੀ ਕਾਰਨ ਉਨ੍ਹਾਂ ਦੇ  ਅੱਧੇ ਚਿਹਰੇ ‘ਤੇ ਅਧਰੰਗ ਹੋ ਗਿਆ ਸੀ। ਇਸ ਕਾਰਨ ਉਹ ਟੂਰ ਦਾ ਉੱਤਰੀ ਅਮਰੀਕਾ ਸੰਗੀਤ ਸਮਾਰੋਹ ਪੂਰਾ ਨਹੀਂ ਕਰ ਸਕੇ।

ਦੱਸ ਦੇਈਏ ਕਿ ਭਾਰਤ ਵਿੱਚ ਜਸਟਿਨ ਬੀਬਰ ਦੇ ਸੰਗੀਤ ਸਮਾਰੋਹ ਵਿੱਚ ਸਿਰਫ਼ ਇੱਕ ਮਹੀਨਾ ਬਾਕੀ ਸੀ, ਜੋ ਕਿ 18 ਅਕਤੂਬਰ 2022 ਨੂੰ ਹੋਣਾ ਸੀ। ਪਰ ਹੁਣ 28 ਸਾਲਾ ਗਾਇਕ ਨੇ ਆਪਣੀ ਸਿਹਤ ਦੇ ਕਾਰਨਾਂ ਕਰਕੇ ਕੰਸਰਟ ਰੱਦ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਦੇ ਭਾਰਤ ਦੌਰੇ ਨੂੰ ਰੱਦ ਕਰਨ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਬੀਬਰ ਦੇ ਪ੍ਰਸ਼ੰਸਕ ਉਨ੍ਹਾਂ ਦੇ ਟੂਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਉੱਥੇ ਹੀ ਕੰਪਨੀ ਵੱਲੋਂ ਬਿਆਨ ਜਾਰੀ ਕਰ ਕਿਹਾ ਗਿਆ ਕਿ ਟਿਕਟ ਦੇ ਪੈਸੇ ਉਨ੍ਹਾਂ ਸਾਰੇ ਲੋਕਾਂ ਨੂੰ ਵਾਪਸ ਕਰ ਦਿੱਤੇ ਜਾਣਗੇ, ਜਿਨ੍ਹਾਂ ਨੇ ਬੁਕਿੰਗ ਕੀਤੀ ਹੈ। ਕੁਝ ਮਹੀਨੇ ਪਹਿਲਾਂ ਜਿਵੇਂ ਹੀ ਟਿਕਟ ਖਿੜਕੀ ਖੋਲ੍ਹੀ ਗਈ ਤਾਂ ਮਿੰਟਾਂ ‘ਚ ਹੀ ਟਿਕਟਾਂ ਵਿਕ ਗਈਆਂ। ਜਾਣਕਾਰੀ ਮੁਤਾਬਕ BookMyShow ਨੇ ਪਹਿਲਾਂ ਹੀ ਉਨ੍ਹਾਂ ਸਾਰੇ ਲੋਕਾਂ ਨੂੰ ਟਿਕਟਾਂ ਦੀ ਪੂਰੀ ਰਕਮ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਸ਼ੋਅ ਲਈ ਟਿਕਟਾਂ ਖਰੀਦੀਆਂ ਸਨ। ਲੋਕਾਂ ਨੂੰ ਉਨ੍ਹਾਂ ਦੇ ਪੈਸੇ 10 ਦਿਨਾਂ ਦੇ ਅੰਦਰ ਵਾਪਸ ਮਿਲ ਜਾਣਗੇ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment