ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਆਖ਼ਿਰਕਾਰ ਪੂਰਨਕਾਲੀਨ ਮੁੱਖ ਜੱਜ ਮਿਲ ਗਿਆ ਹੈ। ਸੁਪਰੀਮ ਕੋਰਟ ਕੌਲਿਜਿਅਮ ਦੀ ਸਿਫਾਰਸ਼ ਤੋਂ ਲਗਭਗ ਇੱਕ ਮਹੀਨੇ ਬਾਅਦ ਕੇਂਦਰ ਸਰਕਾਰ ਨੇ ਸ਼ਨਿਚਰਵਾਰ ਨੂੰ ਕਾਰਜਕਾਰੀ ਮੁੱਖ ਜੱਜ ਵਜੋਂ ਸੇਵਾਵਾਂ ਨਿਭਾ ਰਹੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਮੁੱਖ ਜੱਜ ਨਿਯੁਕਤ ਕਰ ਦਿੱਤਾ। ਇਸ ਸਬੰਧੀ ਕੇਂਦਰ ਵੱਲੋਂ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
2 ਜੂਨ ਤੋਂ ਸੰਭਾਲ ਰਹੇ ਸਨ ਕਾਰਜਕਾਰੀ ਮੁੱਖ ਜੱਜ ਦਾ ਅਹੁਦਾ
ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ 2 ਜੂਨ 2026 ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਵਜੋਂ ਕੰਮ ਕਰ ਰਹੇ ਸਨ। ਹੁਣ ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਮੁੱਖ ਜੱਜ ਦੇ ਅਹੁਦੇ ’ਤੇ ਕਰ ਦਿੱਤੀ ਗਈ ਹੈ।
ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੋਸ਼ਲ ਮੀਡੀਆ ਰਾਹੀਂ ਇਸ ਨਿਯੁਕਤੀ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਸਮੇਤ ਕੁੱਲ ਅੱਠ ਹਾਈ ਕੋਰਟਾਂ ਨੂੰ ਨਵੇਂ ਮੁੱਖ ਜੱਜ ਮਿਲੇ ਹਨ।
ਅੱਠ ਹਾਈ ਕੋਰਟਾਂ ’ਚ ਵੱਡਾ ਫੇਰਬਦਲ
ਕੇਂਦਰ ਸਰਕਾਰ ਵੱਲੋਂ ਕੀਤੇ ਗਏ ਇਸ ਫੇਰਬਦਲ ਤਹਿਤ ਜੰਮੂ-ਕਸ਼ਮੀਰ ਅਤੇ ਲੱਦਾਖ, ਪਟਨਾ, ਕਲਕੱਤਾ, ਰਾਜਸਥਾਨ, ਬੰਬੇ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਹਾਈ ਕੋਰਟਾਂ ਵਿੱਚ ਵੀ ਨਵੇਂ ਮੁੱਖ ਜੱਜ ਨਿਯੁਕਤ ਕੀਤੇ ਗਏ ਹਨ।
ਨਿਯੁਕਤ ਕੀਤੇ ਗਏ ਮੁੱਖ ਜੱਜਾਂ ਵਿੱਚ ਜਸਟਿਸ ਸੰਜੇ ਕੁਮਾਰ ਅਗਰਵਾਲ ਨੂੰ ਰਾਜਸਥਾਨ ਹਾਈ ਕੋਰਟ, ਜਸਟਿਸ ਵੀ. ਕਮੇਸ਼ਵਰ ਰਾਓ ਨੂੰ ਪਟਨਾ ਹਾਈ ਕੋਰਟ, ਜਸਟਿਸ ਰਾਵਿੰਦਰ ਵੀ. ਘੁਗੇ ਨੂੰ ਕਲਕੱਤਾ ਹਾਈ ਕੋਰਟ ਅਤੇ ਜਸਟਿਸ ਐੱਮ.ਸੀ. ਤ੍ਰਿਪਾਠੀ ਨੂੰ ਬੰਬੇ ਹਾਈ ਕੋਰਟ ਦਾ ਮੁੱਖ ਜੱਜ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਜਸਟਿਸ ਅਲਪੇਸ਼ ਯਸ਼ਵੰਤ ਕੋਗਜੇ ਨੂੰ ਮੱਧ ਪ੍ਰਦੇਸ਼ ਹਾਈ ਕੋਰਟ, ਜਸਟਿਸ ਡਾ. ਪੁਸ਼ਪਿੰਦਰ ਸਿੰਘ ਭਾਟੀ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਅਤੇ ਜਸਟਿਸ ਕ੍ਰਿਸ਼ਨਾ ਰਾਮ ਮੋਹਾਪਾਤਰਾ ਨੂੰ ਛੱਤੀਸਗੜ੍ਹ ਹਾਈ ਕੋਰਟ ਦਾ ਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ।
ਨਿਯੁਕਤੀ ਦੀ ਸੀ ਉਡੀਕ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਕਾਰਜਕਾਰੀ ਮੁੱਖ ਜੱਜ ਵਜੋਂ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਹਾਲ ਹੀ ਵਿੱਚ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਬਕਾਏ ਦੀ ਅਦਾਇਗੀ ਹੋਣ ਤੱਕ ਬੇਲੋੜੇ ਖਰਚਿਆਂ ਤੋਂ ਬਚਣ ਦੇ ਨਿਰਦੇਸ਼ ਵੀ ਦਿੱਤੇ ਸਨ।

