ਬਾਬਾ-ਏ-ਸੰਸਾਰ ਲਈ ਜਦੋਂ ਹਿੰਦੂ ਤੇ ਮੁਸਲਮਾਨ ਵੀਰ ਹੋਏ ਆਹਮੋ ਸਾਹਮਣੇ

TeamGlobalPunjab
5 Min Read

ਜੋਤੀ ਜੋਤਿ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ

ਬਾਬਾ-ਏ-ਸੰਸਾਰ ਲਈ ਜਦੋਂ ਹਿੰਦੂ ਤੇ ਮੁਸਲਮਾਨ ਵੀਰ ਹੋਏ ਆਹਮੋ ਸਾਹਮਣੇ

*ਡਾ. ਗੁਰਦੇਵ ਸਿੰਘ

ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ।

ਜਾਹਰ ਪੀਰ ਜਗਤੁ ਗੁਰੁ ਬਾਬਾ। (ਵਾਰਾਂ ਭਾਈ ਗੁਰਦਾਸ, ਵਾਰ 24 ਪਉੜੀ 3)

- Advertisement -

ਸਿੱਖ ਧਰਮ ਦੇ ਮੋਢੀ, ਜਾਹਰ ਪੀਰ, ਜਗਤ ਗੁਰੂ, ਅਕਾਲ ਰੂਪ, ਧੁਰ ਕੀ ਬਾਣੀ ਦੇ ਸੰਦੇਸ਼ ਵਾਹਕ, ਜਗ ਨੂੰ ਤਾਰਨ ਵਾਲੇ, ਪਾਖੰਡਾਂ, ਵਹਿਮਾਂ ਭਰਮਾਂ ਵਿੱਚੋ ਲੋਕਾਈ ਨੂੰ ਕੱਢਣ ਵਾਲੇ, ਤੇਰਾ ਤੇਰਾ ਦਾ ਉਪਦੇਸ਼ ਦੇਣ ਵਾਲੇ, ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰਨ ਦਾ ਮਹਾਨ ਸੰਕਲਪ ਦੇਣ ਵਾਲੇ ਮਹਾਨ ਮਹਾਨ ਗੁਰੂ, ਪਹਿਲੇ ਪਾਤਸ਼ਾਹ, ਬਾਬਾ-ਏ-ਸੰਸਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੌਹ ਦਿਸ਼ਾਵੀਂ ਉਦਾਸੀਆਂ ਕਰ ਕੇ ਜਗਤ ਨੂੰ ਤਾਰਿਆ ਉਪਰੰਤ ਸ੍ਰੀ ਕਰਤਾਰਪੁਰ ਸਾਹਿਬ ਆ ਟਿਕਾਣਾ ਕੀਤਾ ਅਤੇ ਇਸੇ ਅਸਥਾਨ ‘ਤੇ ਗੁਰੂ ਸਾਹਿਬ ਜੋਤੀ ਜੋਤਿ ਸਮਾਏ। ਗੁਰੂ ਸਾਹਿਬ ਦੇ ਜੋਤੀ ਜੋਤਿ ਨੂੰ ਲੈ ਕੇ ਕਈ ਸਾਖੀਆਂ ਪ੍ਰਚਲਿਤ ਹਨ। ਆਓ ਜਾਣਦੇ ਹਾਂ ਗੁਰੂ ਸਾਹਿਬ ਦੇ ਜੀਵਨ ਦੇ ਅੰਤਮ ਸਮੇਂ ਬਾਰੇ:

ਬਾਬਾ ਗੁਰੂ ਨਾਨਕ ਜੀ ਨੇ ਸ੍ਰੀ ਕਰਤਾਰਪੁਰ ਨੂੰ 1504 ਈਸਵੀ ਵਿੱਚ ਵਸਾਇਆ। ਇਸ ਪਾਵਨ ਅਸਥਾਨ ‘ਤੇ ਦੇਸ਼ਾਂ ਦੇਸ਼ਾਂਤਰਾਂ ਦੇ ਰਟਨ ਤੋਂ ਬਾਅਦ ਸਤਿਗੁਰੂ ਜੀ ਨੇ ਆਪਣਾ ਟਿਕਾਣਾ ਕੀਤਾ।

          ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥

          ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥ (ਵਾਰਾਂ ਭਾਈ ਗੁਰਦਾਸ, ਵਾਰ 1 ਪਉੜੀ 38)

ਇਸੇ ਅਸਥਾਨ ‘ਤੇ ਦੂਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ,  ਗੁਰੂ ਨਾਨਕ ਸਾਹਿਬ ਦੇ ਲਹਿਣੇ ਦੇ ਰੂਪ ਵਿੱਚ ਸਿੱਖ ਬਣੇ। ਕਰਤਾਰਪੁਰ ਸਾਹਿਬ ਰਹਿੰਦਿਆਂ ਗੁਰੂ ਸਾਹਿਬ ਸਵੇਰੇ ਸ਼ਾਮ ਸੰਗਤਾਂ ਨੂੰ ਉਪਦੇਸ਼ ਦਿੰਦੇ।

- Advertisement -

         ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। (ਵਾਰਾਂ ਭਾਈ ਗੁਰਦਾਸ, ਵਾਰ 1 ਪਉੜੀ 38)

ਬਾਬਾ ਗੁਰੂ ਨਾਨਕ ਨੇ ਆਪਣਾ ਜੋਤੀ ਜੋਤਿ ਸਮਾਉਣ ਦਾ ਸਮਾਂ ਨੇੜੇ ਜਾਣ ਕੇ 2 ਸਤੰਬਰ 1539 ਈਸਵੀ ਨੂੰ ਭਰੇ ਦੀਵਾਨ ਵਿੱਚ ਭਾਈ ਲਹਿਣਾ ਜੀ ਅੱਗੇ ਪੰਜ ਪੈਸੇ ਰੱਖ ਕੇ ਮੱਥਾ ਟੇਕਿਆ ਤੇ ਗੁਰੂ ਅੰਗਦ ਦੇਵ ਦਾ ਨਵਾ ਨਾਮ ਦਿੱਤਾ।

ਸ. ਕਰਮ ਸਿੰਘ ਹਿਸਟੋਰੀਅਨ ਰਚਿਤ ‘ਗੁਰੂ ਪੁਰਬ ਨਿਰਣੈ’ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਸਰੀਰ ਕਰਕੇ ਸੱਤਰ ਸਾਲ, ਪੰਜ ਮਹੀਨੇ, ਤਿੰਨ ਦਿਨ ਇਸ ਸੰਸਾਰ ਵਿੱਚ ਰਹੇ। ਵਲਾਇਤ ਵਾਲੀ ਜਨਮ ਸਾਖੀ ਅਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਅਨੁਸਾਰ ਆਪ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤਿ ਸਮਾਏ। ਇਹ ਸਾਖੀਕਾਰ ਲਿਖਦੇ ਹਨ ਕਿ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਝਗੜਾ ਹੋ ਗਿਆ। ਹਿੰਦੂ ਕਹਿਣ ਕਿ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਗੁਰੂ ਹਨ, ਉਨ੍ਹਾਂ ਦੀ ਦੇਹ ਦਾ ਸਸਕਾਰ ਕਰਨਾ ਹੈ। ਮੁਸਲਮਾਨ ਦਾਅਵਾ ਕਰਨ ਕਿ ਗੁਰੂ ਨਾਨਕ ਸਾਹਿਬ ਮੁਸਲਮਾਨਾਂ ਦੇ ਪੀਰ ਹਨ ਤੇ ਉਨ੍ਹਾਂ ਦੀ ਦੇਹ ਨੂੰ ਦਫ਼ਨਾਉਣਾ ਹੈ। ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਵਿਚ ਲਿਖਦੇ ਹਨ ਕਿ ਅੰਤਮ ਸੰਸਕਾਰ ਕਰਨ ਲਈ ਸਿੱਖ, ਹਿੰਦੂ ਅਤੇ ਮੁਸਲਮਾਨਾਂ ਦਾ ਪਰਸਪਰ ਬਹੁਤ ਵਿਵਾਦ ਹੋਇਆ ਕਿਉਂਕਿ ਇਹ ਸਭ ਜਗਤ ਗੁਰੂ ਨੂੰ ਕੇਵਲ ਆਪਣਾ ਗੁਰੂ,  ਪੀਰ ਮੰਨਦੇ ਸਨ। ਅੰਤ ਨੂੰ ਗੁਰੂ ਸਾਹਿਬ ਦਾ ਵਸਤਰ ਲੈ ਕੇ ਮੁਸਲਮਾਨਾਂ ਨੇ ਕਬਰ ਬਣਾਈ ਅਤੇ ਸਿੱਖਾਂ ਹਿੰਦੂਆਂ ਨੇ ਸਸਕਾਰ ਕੀਤਾ। ਪ੍ਰੰਤੂ ਜਨਮ ਸਾਖੀ ਪਰੰਪਰਾ ਦਾ ਲਿਖਾਰੀ ਅਨੁਸਾਰ ਗੁਰੂ ਸਾਹਿਬ ਦੇ ਪਰਿਵਾਰ ਦੇ ਹੁੰਦਿਆਂ ਹਿੰਦੂ ਤੇ ਮੁਸਲਮਾਨਾਂ ਦਾ ਝਗੜਾ ਹੋਣਾ ਅਸੰਭਵ ਜਾਪਦਾ ਹੈ।

ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ। ਰਾਵੀ ਦਰਿਆ ਦੇ ਕੰਢੇ ਜਿਸ ਪਾਵਨ ਅਸਥਾਨ ‘ਤੇ ਸਿੱਖਾਂ ਅਤੇ ਹਿੰਦੂਆਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਦੇਹ ਦਾ ਸਸਕਾਰ ਕੀਤਾ, ਉਸ ਅਸਥਾਨ ‘ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਤੋਂ 5-7 ਗਜ਼ ਹਟ ਕੇ ਜਿੱਥੇ ਮੁਸਲਮਾਨ ਸ਼ਰਧਾਲੂਆਂ ਨੇ ਗੁਰੂ ਸਾਹਿਬ ਦੇ ਵਸਤਰਾਂ ਨੂੰ ਦਫ਼ਨਾਇਆ ਸੀ, ਉਥੇ ਕਬਰ ‘ਤੇ ਸੁੰਦਰ ਮਜ਼ਾਰ ਸੁਸ਼ੋਭਿਤ ਹੈ। ਜੋ ਇਸ ਗੱਲ ਦਾ ਸੂਚਕ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਤਾਂ ਹਿੰਦੂ ਮੁਸਲਮਾਨਾਂ ਸਮੇਤ ਸਾਰੇ ਧਰਮਾਂ ਦੇ ਲੋਕ ਵਿਜੋਗੀ ਮਾਨਸਿਕ ਅਵਸਥਾ ਵਿਚ ਸਨ ਕਿਉਂ ਜੋ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ, ਸਿਧਾਂਤ, ਫਲਸਫ਼ਾ ਅਤੇ ਵਿਚਾਰ, ਨਿਰੋਲ ਮਾਨਵੀ ਅਤੇ ਕੁਦਰਤੀ ਹੈ ਜੋ ਸਮੁੱਚੀ ਮਾਨਵਤਾ ਲਈ ਹਨ। ਸੋ ਗੁਰੂ ਸਾਹਿਬ ਦੀ ਮਹਾਨ ਮਹਾਨ ਸਖ਼ਸ਼ੀਅਤ ਨੂੰ ਵਾਰ ਵਾਰ ਸਜਦਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

*gurdevsinghdr@gmail.com

Share this Article
Leave a comment