ਚੰਡੀਗੜ੍ਹ : ਕੋਰੋਨਾਵਾਇਰਸ ਦੇ ਵਿਚਾਲੇ ਦੇਸ਼ ਭਰ ਵਿੱਚ ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਇੰਜਨੀਅਰਿੰਗ ਕਾਲਜਾਂ ‘ਚ ਦਾਖਲੇ ਲਈ ਪ੍ਰੀਖਿਆਵਾਂ 1 ਸਤੰਬਰ ਤੋਂ 6 ਸਤੰਬਰ ਤੱਕ ਹੋਣਗੀਆਂ। ਪੇਪਰਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਕਾਫ਼ੀ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਐਨਐਸਯੂਆਈ ਵੱਲੋਂ ਭੁੱਖ ਹੜਤਾਲ ਵੀ ਕੀਤੀ ਗਈ ਸੀ। ਵਿਦਿਆਰਥੀ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਜੇਈਈ ਅਤੇ ਨੀਟ ਦੇ ਪੇਪਰਾਂ ਨੂੰ ਅਕਤੂਬਰ ਮਹੀਨੇ ਤੱਕ ਮੁਲਤਵੀ ਕਰ ਦਿੱਤਾ ਜਾਵੇ।
ਜੇਈਈ ਦੇ ਪੇਪਰਾਂ ਲਈ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਚਾਰ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਸੈਂਟਰਾਂ ਵਿੱਚ ਕੁੱਲ 7263 ਵਿਦਿਆਰਥੀ ਆਉਣਗੇ। ਪੰਜਾਬ ਹਰਿਆਣਾ ਹਿਮਾਚਲ ਤੋਂ ਪੇਪਰ ਪਾਣ ਲਈ ਵਿਦਿਆਰਥੀ ਚੰਡੀਗੜ੍ਹ ਇਨ੍ਹਾਂ ਸੈਂਟਰਾਂ ਵਿੱਚ ਪਹੁੰਚਣਗੇ।
ਚੰਡੀਗੜ੍ਹ ਦੇ ਪੇਪਰ ਸੈਂਟਰਾਂ ਵਿੱਚ ਪਹਿਲੇ ਦਿਨ ਵਿਦਿਆਰਥੀ ਬਹੁਤ ਹੀ ਘੱਟ ਗਿਣਤੀ ਵਿੱਚ ਆਏ। ਵਿਦਿਆਰਥੀਆਂ ਦੇ ਮਨਾਂ ਵਿੱਚ ਕੋਰੋਨਾ ਵਾਇਰਸ ਦਾ ਡਰ ਜ਼ਰੂਰ ਭਰਿਆ ਹੋਇਆ ਹੈ। ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੂੰ ਪੇਪਰ ਮੁਲਤਵੀ ਕਰ ਦੇਣੇ ਚਾਹੀਦੇ ਸਨ। ਜਦੋਂ ਕੋਰੋਨਾ ਵਾਇਰਸ ‘ਤੇ ਕੰਟਰੋਲ ਹੁੰਦਾ ਤਾਂ ਉਦੋਂ ਪੇਪਰ ਲੈ ਲੈਂਦੇ।