ਕੈਪਟਨ ਅਮਰਿੰਦਰ ਸਿੰਘ ਨੂੰ ਐਲਾਨਿਆ ਤਨਖ਼ਾਹੀਆ

TeamGlobalPunjab
3 Min Read

ਅੰਮ੍ਰਿਤਸਰ : ਬਰਗਾੜੀ ਮੋਰਚੇ ਨੂੰ ਧੋਖੇ ਨਾਲ ਖਤਮ ਕਰਾਉਣ ਦੇ ਦੋਸ਼ ਹੇਠ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ।

ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਵਾਰ ਪਲਾਜ਼ਾ ਵਿਖ਼ੇ ਪੰਜ ਸਿੰਘਾਂ ਦੀ ਮੌਜੂਦਗੀ ਵਿੱਚ ਭਾਈ ਮੰਡ ਨੇ ਇਹ ਫ਼ੈਸਲਾ ਸੁਣਾਇਆ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਧੋਖ਼ੇ ਨਾਲ ਬਰਗਾੜੀ ਮੋਰਚਾ ਉਠਵਾਇਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਾਜ਼ਰ ਹੋਣ ਲਈ ਵਾਰ ਵਾਰ ਤਲਬ ਕੀਤੇ ਜਾਣ ‘ਤੇ ਵੀ ਉਹ ਨਹੀਂ ਪੁੱਜੇ, ਜਿਸ ਲਈ ਉਨ੍ਹਾਂ ਨੂੰ ਤਨਖ਼ਾਹੀਆ ਐਲਾਨਿਆ ਗਿਆ ਹੈ।

ਇਸ ਤੋਂ ਪਹਿਲਾਂ ਭਾਈ ਮੰਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 20 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦਾ ਆਦੇਸ਼ ਜਾਰੀ ਕੀਤੀ ਸੀ ਪਰ ਸਾਬਕਾ ਮੁੱਖ ਮੰਤਰੀ ਇਸ ਮਾਮਲੇ ਵਿੱਚ ਮੁਤਵਾਜ਼ੀ ਜਥੇਦਾਰ ਦੇ ਸਾਹਮਣੇ ਪੇਸ਼ ਨਹੀਂ ਹੋਏ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਮੰਡ ਨੇ ਪੰਜਾਬ ਦੇ ਉਹਨਾਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਲਬ ਕੀਤਾ ਸੀ ਜਿਹਨਾਂ ਨੇ 192 ਦਿਨ ਚੱਲੇ ਬਰਗਾੜੀ ਮੋਰਚੇ ਦੀ ਸਟੇਜ ’ਤੇ ਜਾ ਕੇ ਉਸਨੂੰ ਭਰੋਸਾ ਦੇ ਕੇ ਖ਼ਤਮ ਕਰਵਾਇਆ ਸੀ। ਇਨ੍ਹਾਂ ਵਿੱਚ ਦੋ ਕੈਬਨਿਟ ਮੰਤਰੀ ਸੁਖ਼ਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਤਿੰਨ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜ਼ੀਰਾ ਅਤੇ  ਕੁਸ਼ਲਦੀਪ ਸਿੰਘ ਢਿੱਲੋਂ ਸ਼ਾਮਲ ਸਨ।

- Advertisement -

ਇਨ੍ਹਾਂ ਆਗੂਆਂ ਨੇ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਇਹ ਭਰੋਸਾ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ‘ਤੇ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਬੇਅਦਬੀਆਂ ਅਤੇ ਕੋਟਕਪੂਰਾ, ਬਹਿਬਲ ਕਲਾਂ ਕਾਂਡ ਦੀ ਜਾਂਚ ਕਰਵਾਉਣ ਅਤੇ ਇਸ ਵਿੱਚ ਨਿਆਂ ਦੇਣ ਦਾ ਕੰਮ ਵੀ ਮੁੱਖ ਮੰਤਰੀ ਦਾ ਹੀ ਸੀ ਕਿਉਂਕਿ ਗ੍ਰਹਿ ਮੰਤਰਾਲਾ ਵੀ ਉਨ੍ਹਾਂ ਕੋਲ ਹੀ ਸੀ।

ਇਸ ਮਗਰੋਂ 20 ਸਤੰਬਰ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਨਹੀਂ ਪਹੁੰਚੇ ਅਤੇ ਇਸ ਸੰਬੰਧੀ ਉਨ੍ਹਾਂ ਵੱਲੋਂ ਭੇਜੇ ਗਏ ਲਿਖ਼ਤੀ ਜਵਾਬ ਤੋਂ ਵੀ ਜਥੇਦਾਰ ਸਹਿਮਤ ਨਹੀਂ ਹੋਏ ਜਿਸ ਮਗਰੋਂ 5 ਦਸੰਬਰ ਨੂੰ ਉਨ੍ਹਾਂ ਨੂੰ ਪੇਸ਼ ਹੋ ਕੇ ਸਫ਼ਾਈ ਦੇਣ ਲਈ ਕਿਹਾ ਗਿਆ ਸੀ ਪਰ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੇ ਪੇਸ਼ ਨਾ ਹੋਣ ’ਤੇ ਉਕਤ ਫ਼ੈਸਲਾ ਸੁਣਾਇਆ ਗਿਆ ਹੈ।

Share this Article
Leave a comment