-ਅਵਤਾਰ ਸਿੰਘ
ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਨੂੰ ਸ.ਬਦਰ ਸਿੰਘ ਦੇ ਘਰ ਪਿੰਡ ਆਹਲੂ ਜ਼ਿਲਾ ਲਾਹੌਰ ਵਿਖੇ ਹੋਇਆ। ਉਹ ਚਾਰ ਸਾਲ ਦੇ ਸਨ ਜਦੋਂ ਉਨ੍ਹਾ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਨ੍ਹਾਂ ਦੀ ਮਾਤਾ ਜੀ ਉਨ੍ਹਾਂ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਲੈ ਗਏ। ਉਥੇ ਸੱਤ ਸਾਲਾਂ ਵਿਚ ਪੜ੍ਹਾਈ, ਘੋੜਸਵਾਰੀ, ਤੀਰਅੰਦਾਜ਼ੀ ਸ਼ਸਤਰ ਵਿਦਿਆ ਲੈ ਕੇ ਪੰਜਾਬ ਆ ਗਏ। ਉਸ ਵੇਲੇ ਦੀ ਹਕੂਮਤ ਸਿੱਖਾਂ ਉਪਰ ਜ਼ੁਲਮ ਢਾਹ ਰਹੀ ਸੀ ਤਾਂ ਖਿੰਡਰੇ ਪੁੰਡਰੇ ਸਿੱਖਾਂ ਦੇ ਜਥਿਆਂ ਨੇ 1733-34 ਵਿਚ ਇਨ੍ਹਾਂ ਨੂੰ ਆਪਣਾ ਨੇਤਾ ਮੰਨ ਲਿਆ।29 ਮਾਰਚ 1748 ਨੂੰ ਇਕ ਮੀਟਿੰਗ ਕਰਕੇ 65 ਜਥਿਆਂ ਨੂੰ 11 ਮਿਸਲਾਂ ਵਿਚ ਵੰਡ ਲਿਆ। ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਚੁਣੇ ਗਏ।ਮਿਸਲਾਂ ਦੇ ਸਮੂਹ ਨੂੰ ਦਲ ਖਾਲਸਾ ਕਿਹਾ ਜਾਣ ਲੱਗਾ।
1761 ਵਿਚ ਅਬਦਾਲੀ ਮਰਹਟਿਆਂ ਨੂੰ ਹਰਾ ਕੇ 2200 ਔਰਤਾਂ ਨੂੰ ਬੰਦੀ ਬਣਾ ਕੇ ਲਿਜਾ ਰਿਹਾ ਸੀ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਦਲ ਖਾਲਸਾ ਦੀ ਅਗਵਾਈ ਵਿਚ ਬੰਦੀ ਔਰਤਾਂ ਨੂੰ ਛੁਡਾ ਕੇ ਘਰੋ ਘਰੀ ਪੁਚਾਇਆ। 1761 ਲਾਹੌਰ ‘ਤੇ ਕਬਜਾ ਹੋਣ ‘ਤੇ ਜੱਸਾ ਸਿੰਘ ਨੂੰ ‘ਸੁਲਤਾਨ-ਉਲ-ਕੌਮ’ ਦੇ ਖਿਤਾਬ ਨਾਲ ਨਿਵਾਜਿਆ ਗਿਆ। 1762 ਵਿਚ ਵੱਡੇ ਘਲੂਘਾਰੇ ਦੌਰਾਨ ਉਨ੍ਹਾਂ ਦੇ 22 ਜ਼ਖਮ ਹੋ ਗਏ। ਇਸ ਤੋਂ ਪਹਿਲਾਂ ਛੋਟੇ ਘਲੂਘਾਰੇ ਵਿਚ ਉਨ੍ਹਾਂ ਸੂਰਬੀਰਤਾ ਵਿਖਾਈ ਸੀ।
ਅਬਦਾਲੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਤੋਪਾਂ ਨਾਲ ਉਡਾਉਣਾ ਚਾਹੁੰਦਾ ਸੀ ਉਸ ਸਮੇਂ ਨੌਸ਼ਹਿਰਾ ਪੰਨੂਆ ਦੇ ਚੌਧਰੀ ਰਾਇ ਸਾਹਿਬ ਨੇ ਅਬਦਾਲੀ ਨੂੰ ਤਿੰਨ ਲੱਖ ਰੁਪਏ ਦੇ ਕੇ ਗਹਿਣੇ ਕਰ ਲਿਆ। ਇਹ ਫੈਸਲਾ ਹੋਇਆ ਕਿ ਜਿੰਨਾ ਚਿਰ ਦਲ ਖਾਲਸਾ ਚੌਧਰੀ ਨੂੰ ਤਿੰਨ ਲੱਖ ਵਾਪਸ ਨਹੀਂ ਕਰਦਾ ਉਦੋਂ ਤਕ ਚੜਾਵਾ ਚੌਧਰੀ ਦਾ ਹੋਵੇਗਾ। ਜੱਸਾ ਸਿੰਘ ਨੇ ਚੌਧਰੀ ਨੂੰ ਤਿੰਨ ਲੱਖ ਦੇ ਕੇ ਦਰਬਾਰ ਸਾਹਿਬ ਸਿੱਖ ਕੌਮ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਮਹਾਨ ਜਰਨੈਲ ਬਘੇਲ ਸਿੰਘ ਨਾਲ ਰਲ ਕੇ 11 ਮਾਰਚ 1783 ਨੂੰ ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਇਆ ਤੇ ਜੱਸਾ ਸਿੰਘ ਨੂੰ ਬਾਦਸ਼ਾਹ ਐਲਾਨਿਆ ਗਿਆ।
ਜੱਸਾ ਸਿੰਘ ਰਾਮਗੜ੍ਹੀਆ ਨੂੰ ਵਿਰੋਧਤਾ ਕਾਰਨ ਤਖਤ ਛਡਣਾ ਪਿਆ। ਜੱਸਾ ਸਿੰਘ ਆਹਲੂਵਾਲੀਆ ਦਾ 20 ਅਕਤੂਬਰ 1783 ਨੂੰ ਦੇਹਾਂਤ ਹੋਣ ਉਪਰੰਤ ਉਨ੍ਹਾਂ ਦਾ ਸਸਕਾਰ ਬਾਬਾ ਅਟੱਲ ਵਿਖੇ ਕੀਤਾ ਗਿਆ।
ਸੰਪਰਕ : 7888973676