ਜਲੰਧਰ : ਜਲੰਧਰ ਦੀ ਕੇਂਦਰੀ ਵਿਦਿਆਲਿਆ ਸੁਰਾਨੁੱਸੀ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਜਪਸਿਮਰਨ ਕੌਰ ਨੇ ਟੈਲੀਵਿਜ਼ਨ ਕੁਇਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ-ਜੂਨੀਅਰ’ ਦੀ ‘ਹੌਟ ਸੀਟ’ ਵਿੱਚ ਥਾਂ ਬਣਾ ਕੇ ਸ਼ਹਿਰ ਦਾ ਮਾਣ ਵਧਾਇਆ ਹੈ। ਉਸ ਨੇ 50 ਲੱਖ ਪੁਆਇੰਟ ਜਿੱਤੇ ਹਨ, ਜੋ ਪੈਸਿਆਂ ਵਿੱਚ ਬਦਲ ਦਿੱਤੇ ਜਾਣਗੇ ਅਤੇ ਉਸਨੂੰ 18 ਸਾਲ ਦੀ ਹੋਣ ‘ਤੇ ਦਿੱਤੇ ਜਾਣਗੇ। ਆਮ ਆਦਮੀ ਪਾਰਟੀ ਦੇ ਜਿ਼ਲ੍ਹਾ ਆਗੂਆਂ ਵੱਲੋਂ ਜਪਸਿਮਰਨ ਦਾ ਸਨਮਾਨ ਵੀ ਕੀਤਾ ਗਿਆ।
ਜਸਸਿਮਰਨ ਦੇ ਮਾਪਿਆਂ ਗੁਰਵਿੰਦਰ ਕੌਰ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ ਦੀ ਇਸ ਉਪਲਬੱਧੀ ਉਪਰ ਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਆਪਣੀ ਦਾਦੀ ਦੇ ਆਸ਼ੀਰਵਾਦ ਨਾਲ ਅਮਿਤਾਬ ਬੱਚਨ ਦੇ ਸਾਹਮਣੇ ਬੈਠ ਕੇ ਬੜੀ ਹੀ ਨਿਡਰਤਾ ਨਾਲ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਜਪਸਿਮਰਨ ਨੂੰ ਇਹ 50 ਲੱਖ ਰੁਪਏ ਚੈਨਲ ਦੀ ਭਾਸ਼ਾ ਵਿੱਚ ਪੁਆਇੰਟਾਂ ਵਿੱਚ ਮਿਲੇ ਹਨ ਅਤੇ ਇਹ ਉਸ ਨੂੰ 18 ਸਾਲ ਦੀ ਉਮਰ ਵਿੱਚ ਅਕਾਊਂਟ ਵਿੱਚ ਆ ਜਾਣਗੇ।
ਇੱਕ ਸਮੇਂ ਉਸ ਨੇ ਸੈੱਟ ‘ਤੇ ਸਾਰਿਆਂ ਨੂੰ ਭਾਵੁਕ ਵੀ ਕਰ ਦਿੱਤਾ, ਜਦੋਂ ਉਸਨੇ ਆਪਣੀ ਦਾਦੀ ਮਨਜੀਤ ਕੌਰ ਲਈ ਆਪਣਾ ਪਿਆਰ ਸਾਂਝਾ ਕੀਤਾ। ਆਪਣੀ ਦਾਦੀ ਲਈ ਜਪਸਿਮਰਨ ਦੇ ਪਿਆਰ ਦੀ ਤਾਰੀਫ਼ ਕਰਦੇ ਹੋਏ, ਅਮਿਤਾਭ ਬੱਚਨ ਵੀ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੇ ਅਤੇ ਕਿਹਾ ਕਿ ਉਹ ਵੀ ਉਨ੍ਹਾਂ ਵਾਂਗ ਹੀ ਹਨ ਕਿਉਂਕਿ ਉਨ੍ਹਾਂ ਨੂੰ ਵੀ ਆਪਣੀ ਦਾਦੀ ਲਈ ਬਹੁਤ ਪਿਆਰ ਹੈ।ਉਨ੍ਹਾਂ ਉਸ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਸ ਦਾ ਪਿਆਰ ਉਸ ਦੀ ਦਾਦੀ ਲਈ ਇੰਝ ਹੀ ਰਹੇਗਾ ਅਤੇ ਉਸ ਨੂੰ ਕਿਹਾ ਕਿ ਉਹ ਉਨ੍ਹਾਂਤੋਂ ਮਿਲੀਆਂ ਸਿੱਖਿਆਵਾਂ ਨੂੰ ਯਾਦ ਰੱਖੇ ਕਿਉਂਕਿ ਇਹ ਬਹੁਤ ਕੀਮਤੀ ਹੁੰਦੀਆਂ ਹਨ ਅਤੇ ਕਿਸੇ ਨੂੰ ਇਨ੍ਹਾਂ ਸਿੱਖਿਆਵਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ।।
ਜਪਸਿਮਰਨ ਨੇ ਕਿਹਾ ਕਿ ਉਸ ਨੇ ਇਸ ਮਹਾਂ ਕੁਇਜ਼ ਮੁਕਾਬਲੇ ਵਿੱਚ ਭਾਗ ਲੈਣ ਅਤੇ ਪ੍ਰਸ਼ਨਾਂ ਦਾ ਉਤਰ ਦੇਣ ਲਈ ਬਹੁਤ ਹੀ ਜਿ਼ਆਦਾ ਮਿਹਨਤ ਕੀਤੀ ਸੀ ਅਤੇ ਉਸ ਦੀ ਮਿਹਨਤ ਰੰਗ ਲਿਆਈ ਹੈ।ਉਸ ਨੇ ਦੱਸਿਆ ਕਿ ਉਸ ਨੂੰ ਮੁਕਾਬਲੇ ਵਿੱਚ ਪੁੱਜਣ ਲਈ ਪਿਤਾ ਬਲਕੌਰ ਸਿੰਘ ਦਾ ਭਰਪੂਰ ਸਾਥ ਮਿਲਿਆ ਅਤੇ ਉਹ ਬਹੁਤ ਖੁਸ਼ ਹੈ।