ਭਾਜਪਾ ਜੁਆਇਨ ਕਰਨ ਦੇ 2 ਦਿਨਾਂ ਬਾਅਦ ਸ਼ੀਤਲ ਅੰਗੁਰਾਲ ਖਿਲਾਫ਼ ਪੁਲਿਸ ਦੀ ਕਾਰਵਾਈ, ਡਰੱਗ ਮਾਮਲੇ ਦੀ ਜਾਂਚ ਸ਼ੁਰੂ

Prabhjot Kaur
2 Min Read

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਵੱਡਾ ਸਿਆਸੀ ਉਥਲ-ਪੁਥਲ ਚੱਲ ਰਿਹਾ ਹੈ। ਬੀਜੇਪੀ ਨੇ ਸਾਰੀਆਂ ਪਾਰਟੀਆਂ ‘ਚ ਸਨ੍ਹ ਲਾਈ ਹੋਈ ਹੈ। ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਐਮਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਤੋਂ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਹੁਣ ਪੰਜਾਬ ਵਿੱਚ ਸ਼ੀਤਲ ਅੰਗੁਰਾਲ ਖਿਲਾਫ਼ ਪਰਚਾ ਦਰਜ ਕਰਨ ਦੀ ਤਿਆਰੀ ਚੱਲ ਰਹੀ ਹੈ।

ਜਲੰਧਰ ਪੁਲਿਸ ਵੱਲੋਂ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਮਾਮਲੇ ਵਿੱਚ ਨਾਮਜ਼ਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਸਿਟੀ ਪੁਲਿਸ ਵੱਲੋਂ ਪੰਜਾਬ ਸਰਕਾਰ ਨੂੰ ਰਿਪੋਰਟ ਲਿਖ ਕੇ ਭੇਜ ਦਿੱਤੀ ਗਈ ਹੈ।

ਇਸ ਰਿਪੋਰਟ ਵਿੱਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸ਼ੀਤਲ ਅੰਗੁਰਾਲ ਅਤੇ ਉਸਦੇ ਕਰੀਬੀ ਇੱਕ ਕੋਰੀਅਰ ਕੰਪਨੀ ਰਾਹੀਂ ਜਲੰਧਰ ਤੋਂ ਅਫੀਮ ਦੀ ਸਪਲਾਈ ਵਿੱਚ ਸ਼ਾਮਲ ਹਨ। ਪੁਲਿਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ‘ਚ ਸ਼ੀਤਲ ਅੰਗੁਰਲ ਵੱਲੋਂ ਉਨ੍ਹਾਂ ‘ਤੇ ਦਬਾਅ ਬਣਾਇਆ ਜਾ ਰਿਹਾ ਸੀ। ਹਾਲਾਂਕਿ ਇਸ ਸਬੰਧੀ ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੱਥਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਦੋ ਦਿਨਾਂ ਬਾਅਦ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਸ਼ੀਤਲ ਅੰਗੁਰਾਲ ਦੀ ਡਰੱਗ ਸਮੱਗਲਰ ਮਨੀ ਠਾਕੁਰ ਨਾਲ ਫੋਟੋ ਸਾਹਮਣੇ ਆਈ ਹੈ, ਜੋ ਕਿ ਬ੍ਰਿਟੇਨ ‘ਚ ਬੈਠਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੀ ਡਰੱਗਜ਼ ਚੇਨ ਨਾਲ ਜੁੜਿਆ ਹੋਇਆ ਹੈ। ਇਸ ਦੇ ਆਧਾਰ ’ਤੇ ਥਾਣਾ ਸਿਟੀ ਪੁਲੀਸ ਨੇ ਪੰਜਾਬ ਸਰਕਾਰ ਨੂੰ ਕਾਰਵਾਈ ਲਈ ਪੱਤਰ ਲਿਖਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ੀਤਲ ਅੰਗੁਰਾਲ ਨੂੰ ਜਲਦੀ ਹੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।

- Advertisement -

ਦੱਸ ਦੇਈਏ ਕਿ ਮਾਰਚ ਮਹੀਨੇ ਵਿੱਚ ਜਲੰਧਰ ਪੁਲਿਸ ਵੱਲੋਂ ਇੱਕ ਅੰਤਰਰਾਸ਼ਟਰੀ ਡਰੱਗ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਸੀ। ਜਿਸਦਾ ਆਗੂ ਮਨੀਸ਼ ਉਰਫ ਮਨੀ ਠਾਕੁਰ ਹੈ। ਜੋ ਇਸ ਸਮੇਂ ਯੂ.ਕੇ. ਵਿੱਚ ਬੈਠਾ ਹੈ ਅਤੇ ਸਾਰਾ ਗੈਂਗ ਉਥੋਂ ਹੀ ਚੱਲ ਰਿਹਾ ਹੈ।

Share this Article
Leave a comment