ਜਲੰਧਰ : ਜਲੰਧਰ ਦੇ ਦੂਰਦਰਸ਼ਨ ਐਨਕਲੇਵ ਇਲਾਕੇ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਇੱਕ ਸ਼ਰਾਬੀ ਪਿਓ ਨੇ ਗੁੱਸੇ ਵਿੱਚ ਆ ਕੇ ਆਪਣੀ ਹੀ ਪੰਜ ਸਾਲ ਦੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਦੀ ਪਛਾਣ ਅਰਵਿੰਦਰ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਦੂਰਦਰਸ਼ਨ ਐਨਕਲੇਵ ਵਿੱਚ ਰਹਿ ਰਿਹਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਲੜਕੀ ਦੀ ਮਾਂ, ਨੇਹਾ, ਜੋ ਕਿ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਸੀ, ਘਟਨਾ ਦੇ ਸਮੇਂ ਘਰ ‘ਚ ਨਹੀਂ ਸੀ।
ਦੋਸ਼ੀ ਅਰਵਿੰਦਰ (30) ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਪਤਨੀ, ਡੇਢ ਸਾਲ ਦੇ ਪੁੱਤਰ ਅਤੇ ਪੰਜ ਸਾਲ ਦੀ ਧੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਸਦੀ ਪਤਨੀ ਮੰਗਲਵਾਰ ਨੂੰ ਕੰਮ ‘ਤੇ ਚਲੀ ਗਈ ਸੀ ਜਦ ਕਿ ਉਹ ਆਪ ਆਪਣੀ ਪੰਜ ਸਾਲ ਦੀ ਧੀ ਅਤੇ ਡੇਢ ਸਾਲ ਦੇ ਪੁੱਤਰ ਨਾਲ ਘਰ ਵਿੱਚ ਸੀ।
ਉਸਨੇ ਨੇ ਕਿਹਾ ਕਿ ਕੰਮ ਤੋਂ ਛੁੱਟੀ ਹੋਣ ਕਰਕੇ, ਮੈਂ ਦੁਪਹਿਰ ਨੂੰ ਸ਼ਰਾਬ ਪੀਤੀ। ਉਦੋਂ ਤੱਕ, ਮੇਰੀ ਧੀ ਬਾਹਰ ਖੇਡ ਕੇ ਘਰ ਵਾਪਸ ਆ ਗਈ ਸੀ। ਦੁਪਹਿਰ ਦੇ ਲਗਭਗ 2:30 ਵਜੇ ਸਨ। ਉਸਨੂੰ ਭੁੱਖ ਲੱਗੀ ਹੋਈ ਸੀ। ਉਸਨੇ “ਪਾਪਾ ਪਾਪਾ ” ਕਹਿ ਮੈਨੂੰ ਅਵਾਜਾ ਮਾਰੀਆਂ ਅਤੇ ਖਾਣਾ ਮੰਗਿਆ, ਇਸ ਲਈ ਮੈਂ ਗੁੱਸੇ ਵਿੱਚ ਉਸਨੂੰ ਥੱਪੜ ਮਾਰਿਆ। ਜਿਸ ਤੋਂ ਬਾਅਦ ਉਹ ਕੁਝ ਦੇਰ ਚੁੱਪਚਾਪ ਬੈਠ ਗਈ। ਅਰਵਿੰਦਰ ਨੇ ਕਿਹਾ, “ਕੁਝ ਦੇਰ ਬਾਅਦ, ਉਹ ਫਿਰ ਰੋਣ ਲੱਗੀ। ਮੈਨੂੰ ਗੁੱਸਾ ਆ ਗਿਆ ਕਿਉਂਕਿ ਸ਼ਰਾਬ ਪੀਣ ਦਾ ਮਜ਼ਾ ਖਰਾਬ ਹੋ ਰਿਹਾ ਸੀ। ਇਸ ਲਈ ਗੁੱਸੇ ਵਿੱਚ ਆ ਕੇ ਕੁੜੀ ਦਾ ਗਲਾ ਘੁੱਟ ਦਿੱਤਾ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।”
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ਅਤੇ ਅਰਵਿੰਦਰ ਦੀ ਨਸ਼ੇ ਦੀ ਆਦਤ ਨੇ ਇਕ ਹੱਸਦੇ-ਖੇਡਦੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਉਹ ਦਿਹਾੜੀ ਕਰਦਾ ਸੀ, ਪਰ ਨਸ਼ੇ ਦੇ ਚੱਕਰ ਵਿੱਚ ਕੰਮ ‘ਤੇ ਵੀ ਨਹੀਂ ਜਾਂਦਾ ਸੀ।

