ਜਲਾਲਾਬਾਦ 24 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਜਲਾਲਾਬਾਦ ਹਲਕੇ ਲਈ ਇੱਕ ਵੱਡੀ ਸੌਗਾਤ ਦਾ ਐਲਾਨ ਕੀਤਾ ਗਿਆ। ਸ੍ਰੋਮਣੀ ਸ਼ਹੀਦ ਊਧਮ ਸਿੰਘ ਦੇ ਨਾਂਅ ਤੇ ਜਲਾਲਾਬਾਦ ਦਾ ਬਾਈਪਾਸ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ।
ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਦੌਰਾਨ ਸਥਾਨਕ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਜਲਾਲਾਬਾਦ ਬਾਈਪਾਸ ਬਣਾਉਣ ਸਬੰਧੀ ਸਵਾਲ ਉਠਾਇਆ ਸੀ ਜਿਸ ਤੇ ਬੋਲਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਵਿਧਾਨ ਸਭਾ ਵਿੱਚ ਸੂਚਿਤ ਕੀਤਾ ਹੈ ਕਿ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੋਂ ਜਲਾਲਾਬਾਦ ਦਾ ਬਾਈਪਾਸ ਬਣਾਇਆ ਜਾਏਗਾ ਜੋ ਕਿ ਬੱਗੇ ਕੇ ਉਤਾੜ ਤੋਂ ਸ਼ੁਰੂ ਹੋਵੇਗਾ ਅਤੇ ਨਹਿਰ ਦੇ ਨਾਲ ਨਾਲ ਹੁੰਦਾ ਹੋਇਆ ਅਮੀਰ ਖਾਸ ਤੱਕ ਬਣੇਗਾ। ਇਸ ਦੀ ਲੰਬਾਈ 8.75 ਕਿਲੋਮੀਟਰ ਹੋਵੇਗੀ ਅਤੇ ਇਹ 18 ਫੁੱਟ ਚੌੜਾ ਹੋਵੇਗਾ। ਇਸ ਸਬੰਧੀ ਸਰਕਾਰ ਨੇ 13 ਕਰੋੜ 28 ਲੱਖ 70 ਹਜਾਰ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਵੀ ਜਾਰੀ ਕਰ ਦਿੱਤੀ ਹੈ।
ਵਿਧਾਇਕ ਜਗਦੀਪ ਕੰਬੋਜ ਗੋਲਡ ਨੇ ਕਿਹਾ ਕਿ ਇਸ ਸੜਕ ਲਈ ਬਹੁਤ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਪਰ ਪਿਛਲੀਆਂ ਸਰਕਾਰਾਂ ਦੇ ਵੱਡੇ ਲੀਡਰ ਵੀ ਇਸ ਇਲਾਕੇ ਤੋਂ ਵੋਟਾਂ ਤਾਂ ਲੈਂਦੇ ਰਹੇ ਪਰ ਵਿਕਾਸ ਦੇ ਅਸਲ ਮੁੱਦਿਆਂ ਤੇ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ ਅਤੇ ਪਿੱਛਲੇ ਵੱਡੇ ਲੀਡਰ ਇਹ ਬਾਈਪਾਸ ਨਹੀਂ ਬਣਵਾ ਸਕੇ ਸੀ। ਉਨ੍ਹਾਂ ਨੇ ਹੋਰ ਦੱਸਿਆ ਕਿ ਇਸ ਸੜਕ ਨੂੰ ਮਹਾਨ ਸ਼ਹੀਦ ਸ਼ਹੀਦ ਊਧਮ ਸਿੰਘ ਦੇ ਨਾਂ ਤੇ ਬਣਾਇਆ ਜਾਵੇਗਾ।
ਇਸ ਸੜਕ ਦੇ ਬਣਨ ਨਾਲ ਜਲਾਲਾਬਾਦ ਦੀ ਟਰੈਫਿਕ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ ਅਤੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਘੱਟ ਸਮਾਂ ਲੱਗੇਗਾ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਸੜਕ ਦੀ ਪ੍ਰਵਾਣਗੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦਾ ਧੰਨਵਾਦ ਕਰਦਿਆਂ ਸਦਨ ਵਿੱਚ ਇਹ ਵੀ ਮੰਗ ਰੱਖੀ ਕਿ ਇਸ ਨਵੀਂ ਸੜਕ ਤੇ ਕਿਸੇ ਜਗ੍ਰਾ ਸ਼ਹੀਦ ਊਧਮ ਸਿੰਘ ਦਾ ਬੁੱਤ ਵੀ ਸਥਾਪਿਤ ਕੀਤਾ ਜਾਵੇ। ਲੋਕ ਨਿਰਮਾਣ ਮੰਤਰੀ ਵੱਲੋਂ ਇਹ ਮੰਗ ਵੀ ਤੁਰੰਤ ਹੀ ਪ੍ਰਵਾਨ ਕਰ ਲਈ ਗਈ।