ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪਿਛਲੇ 20 ਦਿਨਾਂ ’ਚ 20 ਵਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਮੋਦੀ ਸਰਕਾਰ ਨੇ ਮੁੜ ਸਿੱਧ ਕਰ ਦਿੱਤਾ ਹੈ ਕਿ ਉਸਦੀ ਤਰਜੀਹ ਆਮ ਲੋਕ ਨਹੀਂ ਬਲਕਿ ਵਡੀਆਂ ਕੰਪਨੀਆਂ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਕਰਕੇ ਕਾਰਪੋਰੇਟ ਘਰਾਨਿਆਂ ਦੇ ਘਰ ਭਰ ਰਹੀ ਹੈ।
ਅੱਜ ਇਥੋਂ ਬਿਆਨ ਜਾਰੀ ਕਰਦਿਆਂ ਸੁਨੀਲ ਜਾਖੜ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਨਾ ਕੇਵਲ ਤੇਲ ਕੀਮਤਾਂ ਵਿਚ ਵਾਧਾ ਕੀਤਾ ਹੈ ਬਲਕਿ ਸਬਸਿਡੀ ਵਾਲਾ ਗੈਸ ਸਿਲਡੰਰ ਵੀ 50 ਰੁਪਏ ਮਹਿੰਗਾ ਕਰ ਦਿੱਤਾ ਹੈ। ਉਨਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਬਿਨਾਂ ਵਿਚਾਰ ਚਰਚਾ ਦੇ ਲਾਗੂ ਕੀਤੇ ਫੈਸਲੇ ਹਮੇਸਾ ਹੀ ਆਮ ਲੋਕਾਂ, ਕਿਸਾਨਾਂ, ਗਰੀਬਾਂ, ਦੁਕਾਨਦਾਰਾਂ ਦੇ ਲਈ ਘਾਤਕ ਹੀ ਸਿੱਧ ਹੁੰਦੇ ਹਨ।
ਉਨਾਂ ਕਿਹਾ ਕਿ ਇਕ ਪਾਸੇ ਲੱਖਾਂ ਕਿਸਾਨ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿਲੀ ਦੀ ਹੱਦ ’ਤੇ ਬੈਠੇ ਹਨ, ਪਰ ਫਿਰ ਵੀ ਕੇਂਦਰ ਸਰਕਾਰ ਜਨ ਭਾਵਨਾ ਦਾ ਸਤਿਕਾਰ ਨਹੀਂ ਕਰ ਰਹੀ ਹੈ ਅਤੇ ਤੇਲ ਕੀਮਤਾਂ ਵਿਚ ਵਾਧਾ ਕਰਕੇ ਆਮ ਲੋਕਾਂ ਦਾ ਜਿਉਨਾ ਮੁਹਾਲ ਕਰ ਰਹੀ ਹੈ। ਉਨਾਂ ਆਖਿਆ ਕਿ ਤੇਲ ਕੀਮਤਾਂ ਵਿਚ ਵਾਧੇ ਨਾਲ ਸਮਾਜ ਦਾ ਹਰ ਵਰਗ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਜਦਕਿ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਹਰੇਕ ਪਰਿਵਾਰ ’ਤੇ ਆਰਥਿਕ ਬੋਝ ਦਾ ਕਾਰਨ ਬਣੇਗਾ।
ਸੂਬਾ ਕਾਂਗਰਸ ਪ੍ਰਧਾਨ ਜਾਖੜ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਲੋਕਤੰਤਰ ਦਾ ਸਨਮਾਨ ਕਰਦਿਆਂ ਲੋਕਾਂ ਦੀ ਗਲ ਮੰਨੇ ਅਤੇ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਤੁਰੰਤ ਵਾਪਸ ਲਵੇ। ਉਨਾਂ ਨੇ ਭਾਰਤ ਸਰਕਾਰ ਤੋਂ ਕਾਲੇ ਖੇਤੀ ਕਾਨੂੰਨ ਵੀ ਬਿਨਾਂ ਦੇਰੀ ਰੱਦ ਕਰਨ ਦੀ ਮੰਗ ਕੀਤੀ।