ਜੈਤੋ ਦਾ ਮੋਰਚਾ ਸਿੱਖਾਂ ਦੇ ਏਕੇ ਤੇ ਸਾਹਸ ਦੀ ਜਿੱਤ

TeamGlobalPunjab
6 Min Read

*ਡਾ. ਗੁਰਦੇਵ ਸਿੰਘ

ਸਿੱਖ ਇਤਿਹਾਸ ਵਿੱਚ ਮੋਰਚਿਆਂ ਦਾ ਅਹਿਮ ਸਥਾਨ ਹੈ।  ਸਿੱਖਾਂ ਨੇ ਦੇਸ਼ ਕੌਮ ਹਿਤ ਅਨੇਕ ਸੰਘਰਸ਼ ਕੀਤੇ ਅਤੇ ਸ਼ਹਾਦਤਾਂ ਦੇ ਜਾਮ ਪੀਤੇ। ਜੈਤੋ ਦਾ ਮੋਰਚਾ ਵੀ ਇੱਕ ਅਜਿਹਾ ਹੀ ਸੰਘਰਸ਼ ਹੈ ਜੋ ਤਕਰੀਬਨ ਦੋ ਸਾਲ ਚਲਿਆ। ਇਸ ਮੋਰਚੇ ਵਿੱਚ ਜਿੱਥੇ ਪੰਜਾਬ ਦੇ ਸਿੱਖਾਂ ਨੇ ਹਿੱਸਾ ਲਿਆ ਉਥੇ ਸੰਸਾਰ ਦੇ ਵੱਖ ਵੱਖ ਦੇਸ਼ਾਂ ਤੋਂ ਵੀ ਸਿੱਖ ਇਸ ਮੋਰਚੇ ਵਿੱਚ ਸ਼ਾਮਿਲ ਹੋਏ। ਆਖਿਰ ਕੀ ਸੀ ਇਸ ਮੋਰਚੇ ਦਾ ਕਾਰਨ? ਕਿਉਂ ਲਾਇਆ ਗਿਆ ਸੀ ਇਹ ਮੋਰਚਾ? ਭਾਰਤ ਦੀ ਅਜ਼ਾਦੀ ਵਿੱਚ ਇਸ ਦੀ ਕੀ ਰਹੀ ਭੁਮਿਕਾ ਇਸ ਬਾਰੇ ਜਾਨਣ ਦਾ ਯਤਨ ਕਰਦੇ ਹਾਂ।

ਅਸਲ ਚ ਜੈਤੋ ਦਾ ਮੋਰਚਾ ਨਾਭੇ ਦੇ ਗੁਰਸਿੱਖ ਮਹਾਰਾਜਾ ਰਿਪੁਦਮਨ ਸਿੰਘ ਨੂੰ ਜਬਰਦਸਤੀ ਗੱਦੀ ਤੋਂ ਲਾਹ ਕੇ ਜਲਾਵਤਨ ਕਰਨ ਦੇ ਰੋਹ ਵਿੱਚ ਲੱਗਾ ਸੀ । ਸਿੱਖ ਪੰਥ ਵਿੱਚ ਭਾਰੀ ਰੋਹ ਤੇ ਗੁੱਸਾ ਸੀ । ਇਸ ਮੋਰਚੇ ਦੀ ਸ਼ੁਰੂਆਤ 8 ਜੂਨ 1923 ਨੂੰ ਹੋਈ।

ਦਰਅਸਲ ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਸੀ ਤਾਂ ਉਦੋਂ ਸਿੱਖ ਰਾਜਿਆਂ ਵਿਚੋਂ ਕੇਵਲ ਨਾਭੇ ਦੇ ਮਹਾਰਾਜੇ ਰਿਪੁਦਮਨ ਸਿੰਘ ਤੋ ਬਿਨਾਂ ਹੋਰ ਕਿਸੇ ਨੇ ਇਸ ਲਹਿਰ ਦਾ ਸਾਥ ਨਾ ਦਿੱਤਾ। ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਨਨਕਾਣਾ ਸਾਹਿਬ ਕਤਲੇਆਮ ਦੇ ਵਿਰੁੱਧ ਰੋਸ ਦਿਨ ਮਨਾਉਣ ਲਈ ਕਾਲੀ ਦਸਤਾਰ ਸਜਾਉਣ ਦੀ ਅਪੀਲ ਕੀਤੀ ਤਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਕਾਲੀ ਦਸਤਾਰ ਸਜਾਈ ਉਸ ਰੋਸ ਵਿੱਚ ਉਹ ਸ਼ਾਮਿਲ ਹੋਏ। ਅੰਗਰੇਜ਼ ਸਰਕਾਰ ਨੂੰ ਮਹਾਰਾਜੇ ਰਿਪੁਦਮਨ ਵੱਲੋਂ ਸਿੱਖਾਂ ਦੀ ਕੀਤੀ ਜਾ ਰਹੀ ਹਮਾਇਤ ਬਿਲਕੁਲ ਪਸੰਦ ਨਹੀਂ ਆਈ। ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੇ ਅੰਗਰੇਜ਼ਾਂ ਨਾਲ ਡੂੰਘੇ ਸਬੰਧ ਸਨ ਅਤੇ ਨਾਭੇ ਰਿਆਸਤ ਨਾਲ ਅਣਸੁਖਾਵੇਂ ਸੰਬੰਧ ਸਨ ਜਿਸ ਦਾ ਅਸਰ 9 ਜੁਲਾਈ 1923 ਨੂੰ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀਓਂ ਜਬਰੀ ਲਾਹ ਦਿੱਤਾ ਗਿਆ। ਸਰਕਾਰ ਨੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਕਿਹਾ ਕਿ ਜਾਂ ਤਾਂ ਗੱਦੀ ਛੱਡ ਦਿਓ ਨਹੀਂ ਤਾਂ ਤੁਹਾਡੇ ਵਿਰੁੱਧ ਖੁੱਲ੍ਹੀ ਅਦਾਲਤ ਵਿਚ ਮੁਕੱਦਮਾ ਚਲਾਇਆ ਜਾਵੇਗਾ। ਇਸ ਤੇ ਮਹਾਰਾਜੇ ਨੇ ਗੱਦੀ ਛੱਡਣੀ ਪ੍ਰਵਾਨ ਕਰ ਲਿਆ। ਸਰਕਾਰ ਨੇ ਤਿੰਨ ਲੱਖ ਰੁਪਏ ਸਲਾਨਾ ਖ਼ਰਚ ਨੀਯਤ ਕਰਕੇ ਮਹਾਰਾਜੇ ਨੂੰ ਦੇਹਰਾਦੂਨ ਭੇਜ ਦਿੱਤਾ।

- Advertisement -

ਅੰਗਰੇਜਾਂ ਵਲੋਂ ਮਹਾਰਾਜਾ ਨਾਭਾ ਨਾਲ ਕੀਤੀ ਇਸ ਅਤਿ ਨੀਵੀਂ ਕਾਰਵਾਈ ਦਾ ਵਿਰੋਧ ਕਰਨ ਲਈ ਸਿੱਖਾਂ ਨੇ ਇਕੱਠ ਕੀਤਾ। 5 ਅਗਸਤ 1923 ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਦੇ ਹੱਕ ਵਿੱਚ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ। 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿੱਚ ‘ਨਾਭਾ ਦਿਵਸ’ ਮਨਾਉਣ ਦਾ ਐਲਾਨ ਕਰ ਦਿੱਤਾ ।

ਨਾਭਾ ਦੇ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਕਰਵਾਏ। ਇੱਕ ਸ੍ਰੀ ਅਖੰਡ ਪਾਠ ਗੰਗਸਰ ਗੁਰਦੁਆਰਾ ਦੇ ਨੇੜੇ ਪਿੰਡ ਜੈਤੋ ਵਿਚ ਰਖਵਾਇਆ ਗਿਆ। ਇਸ ਵਿਚ ਪੁਲਿਸ ਵੱਲੋਂ ਵਿਘਨ ਪਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਨੂੰ ਵਿਚੇ ਹੀ ਬੰਦ ਕਰਵਾ ਦਿੱਤਾ ਗਿਆ। ਇਸ ਨਾਲ ਸਿੱਖਾਂ ਦਾ ਰੋਹ ਹੋਰ ਵੱਧ ਗਿਆ।  ਸ਼੍ਰੋਮਣੀ ਅਕਾਲੀ ਦਲ ਵੱਲੋਂ ਅਖੰਡ ਪਾਠ ਨੂੰ ਸੰਪੂਰਨ ਕਰਨ ਲਈ ਜੈਤੋ ਵਿਖੇ ਜਥੇ ਭੇਜਣੇ ਸ਼ੁਰੂ ਕਰ ਦਿੱਤੇ। ਰਿਆਸਤੀ ਹਾਕਮ ਜਥਿਆਂ ਨੂੰ ਫੜ੍ਹ ਕੇ ਅਤੇ ਉਨ੍ਹਾਂ ਨੂੰ ਸਰਕਾਰੀ ਵਾਹਨਾਂ ਰਾਹੀ ਕਾਫ਼ੀ ਦੂਰ ਬੇ-ਆਬਾਦ ਜੰਗਲੀ ਇਲਾਕਿਆਂ ਵਿਚ ਛੱਡ ਆਉਂਦੇ ਸਨ, ਪਰ ਉਹ ਭੁੱਖੇ-ਭਾਣੇ ਬਿਨਾ ਪੈਸੇ ਦੇ, ਮੁਸੀਬਤਾਂ ਝੱਲਦੇ, ਡਿਗਦੇ ਢਹਿੰਦੇ ਮੁੜ ਵਾਪਸ ਆ ਜਾਂਦੇ ਸਨ। ਅੰਗਰੇਜ਼ ਸਰਕਾਰ ਨੇ ਇਹਨਾਂ ਜਥਿਆਂ ਦਾ ਵਿਰੋਧ ਕੀਤਾ। ਪੁਲਸ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਪਹਿਲੇ ਜਥੇ ਦੇ 50 ਸਿੱਖ ਮਾਰੇ ਗਏ। ਇਸ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਐਲਾਨ ਕਰ ਦਿੱਤਾ ਕਿ ਜਥੇ ਹਰ ਰੋਜ਼ ਸ੍ਰੀ ਅਖੰਡ ਪਾਠ ਕਰਨ ਲਈ ਜਾਣਗੇ ਅਤੇ ਪੁਲਸ ਗੋਲੀ ਦਾ ਸਾਹਮਣਾ ਕਰਦੇ ਹੋਏ ਗ੍ਰਿਫ਼ਤਾਰੀਆਂ ਦੇਣਗੇ। ਇਹ ਸਿਲਸਿਲਾ ਕੁਝ ਸਮੇਂ ਲਈ ਨਿਰੰਤਰ ਜਾਰੀ ਰਿਹਾ। ਇੱਥੋਂ ਤਕ ਸਿੱਖਾਂ ਨੇ ਉਸ ਸਮੇਂ ਅਜਿਹਾ ਏਕਾ ਦਿਖਾਇਆ ਕਿ ਸਿੱਖ ਭਾਰਤ ਸਮੇਤ ਕੈਨੇਡਾ, ਸਿੰਘਾਪੁਰ, ਸ਼ਿੰਘਾਈ ਆਦਿ ਦੇਸ਼ਾਂ ਤੋਂ ਵੀ ਸਿੱਖਾਂ ਦੇ ਜਥੇ ਪੰਜਾਬ ਪਹੁੰਚਣੇ ਸ਼ੁਰੂ ਹੋ ਗਏ ਜਿਸ ਨਾਲ ਜੈਤੋ ਦੇ ਇਸ ਮੋਰਚੇ ਹੋਰ ਬਲ ਮਿਲਿਆ। ਸਿੱਖਾਂ ਦੀ ਭਾਵੇਂ ਸ਼ਹਾਦਤਾਂ ਹੋ ਰਹੀਆਂ ਸਨ ਪਰ ਹੌਸਲੇ ਦਿਨ ਪ੍ਰਤੀ ਦਿਨ ਦੂਣੇ ਹੋ ਰਹੇ ਸਨ।

ਆਖ਼ਰਕਾਰ ਸਰਕਾਰ ਨੂੰ ਹਾਰ ਮੰਨਣੀ ਪਈ। ਸਰਕਾਰ ਨੇ ਆਪਣੇ ਅਧਿਕਾਰੀਆਂ ਨੂੰ ਭੇਜ ਕੇ ਸ੍ਰੀ ਅਖੰਡ ਸਾਹਿਬ ਦੇ ਪੂਰਨ ਮਰਿਯਾਦਾ ਨਾਲ ਭੋਗ ਪਾਏ ਗਏ। ਸਿੱਖਾਂ ਉਤੋਂ ਸਾਰਿਆਂ ਪਾਬੰਦੀਆਂ ਹਟਾਈਆਂ ਗਈਆਂ। ਇਹ ਇਕ ਮਹੱਤਵਪੂਰਨ ਗੁਰਦਵਾਰਾ ਸੁਧਾਰ ਲਹਿਰ ਦੀ ਜਿੱਤ ਸੀ ਜਿਸ ਨਾਲ ਸਿੱਖਾਂ ਦੇ ਹੌਸਲੇ ਬੁਲੰਦ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਇਆ।

ਜੈਤੋ ਦਾ ਮੋਰਚੇ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸਿੱਖ ਜਖਮੀ ਅਤੇ ਸੈਂਕੜੇ ਸਿੱਖ ਸ਼ਹਿਦ ਹੋਏ। ਨਾਭੇ ਤੋਂ ਸ਼ੁਰੂ ਹੋਏ ਇਸ ਮੋਰਚੇ ਨੇ ਅੰਗ੍ਰੇਜ ਸਰਕਾਰ ਨੂੰ ਝੁੱਕਣ ਲਈ ਮਜ਼ਬੂਰ ਕਰ ਦਿੱਤਾ। ਇਸ ਮੋਰਚੇ ਦੀ ਜਿੱਤ ‘ਤੇ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਤਾਰ ਭੇਜ ਕੇ ਵਧਾਈ ਦਿੱਤੀ ਸੀ ਕਿ ਤੁਸੀਂ ਅਜਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਸਿੱਖ ਇਤਿਹਾਸ ਦਾ ਇਹ ਸ਼ਾਤਮਈ ਮੋਰਚਾ ਸਾਰੇ ਮੋਰਚਿਆਂ ਨਾਲੋਂ ਲੰਮਾ ਲਗਭਗ ਦੋ ਸਾਲ ਤੱਕ ਚੱਲਿਆ। ਇਸ ਮੋਰਚੇ ਅੱਗੇ ਅੰਗਰੇਜ਼ੀ ਸਰਕਾਰ ਝੁੱਕਣ ਲਈ ਮਜਬੂਰ ਹੋ ਗਈ ਸੀ ਅਤੇ ਉਸ ਨੂੰ “ਗੁਰਦੁਆਰਾ ਐਕਟ” ਪਾਸ ਕਰਨਾ ਪਿਆ ਸੀ ਭਾਵੇਂ ਇਸ ਮੋਰਚੇ ਵਿੱਚ ਸਿੱਖਾਂ ਨੇ ਅਨੇਕ ਕੀਮਤੀ ਜਾਨਾਂ ਗਵਾਈਆਂ ਪਰ ਇਸ ਮੋਰਚੇ ਵਿੱਚ ਸਿੱਖਾਂ ਦੀ ਏਕਤਾ ਨੂੰ ਸੰਸਾਰ ਨੇ ਦੇਖਿਆ। ਸਿੱਖਾਂ ਦੀ ਇਹ ਏਕਤਾ ਦਾ ਪ੍ਰਤਾਪ ਹੀ ਸੀ ਕਿ ਸਿੱਖਾਂ ਨੂੰ ਇਸ ਮੋਰਚੇ ਵਿੱਚ ਜਿੱਤ ਮਿਲੀ। ਇਸ ਲਈ ਸਿੱਖਾਂ ਨੇ ਜੇ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਸਿੱਖਾਂ ਨੂੰ ਇੱਕ ਮੰਚ ‘ਤੇ ਇੱਕਠੇ ਹੋਣਾ ਜ਼ਰੂਰੀ ਹੈ। ਜੈਤੋ ਦੇ ਮੋਰਚੇ ਦੇ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

*gurdevsinghdr@gmail.com

- Advertisement -
Share this Article
Leave a comment