ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਤੇ ਪਹਿਲੇ ਪ੍ਰਕਾਸ਼ ਦਿਹਾੜੇ ਵਿੱਚ ਹੈ ਵੱਡਾ ਅੰਤਰ- ਡਾ. ਗੁਰਦੇਵ ਸਿੰਘ

TeamGlobalPunjab
5 Min Read

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ‘ਤੇ ਵਿਸ਼ੇਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਤੇ ਪਹਿਲੇ ਪ੍ਰਕਾਸ਼ ਦਿਹਾੜੇ ਵਿੱਚ ਹੈ ਵੱਡਾ ਅੰਤਰ

*ਡਾ. ਗੁਰਦੇਵ ਸਿੰਘ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 982)

- Advertisement -

ਦੀਨ ਦੁਨੀਆਂ ਦੇ ਰਹਿਬਰ, ਸਰਬਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ, ਰਹਿਮਤਾਂ ਦੇ ਦਾਤੇ, ਧੁਰ ਕੀ ਬਾਣੀ ਦੇ ਖਜਾਨੇ, ਸ਼ਬਦ ਗੁਰੂ ਜੁਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਮੌਜੂਦਾ ਗੁਰੂ ਹਨ। ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਹੈ ਜਿਸ ਨੂੰ ਹਰ ਵਰ੍ਹੇ ਸਮੂਹ ਸਿੱਖ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ।

ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਿਛਲੇ ਸਮੇਂ ਨੂੰ ਵਾਚਿਆ ਤੇ ਆਉਂਣ ਵਾਲੇ ਸਮੇਂ ਦੀਆਂ ਚਣੌਤੀਆਂ ਨੂੰ ਮਹਿਸੂਸ ਕੀਤਾ। ਉਨ੍ਹਾਂ ਨੇ ਆਪਣੇ ਸਿੱਖਾਂ ‘ਤੇ ਕਿਰਪਾ ਕਰਦੇ ਹੋਏ ਪੂਰਬਲੇ ਗੁਰੂ ਸਾਹਿਬਾਨ ਤੇ ਸੰਤਾਂ ਭਗਤਾਂ ਦੀ ਬਾਣੀ ਨੂੰ ਇਕੱਤ੍ਰ ਕੀਤਾ। ਇੱਕ ਲੰਬੀ ਸਾਧਨਾ ਤੇ ਸਖਤ ਮਿਹਨਤ ਦੇ ਨਾਲ ਗੁਰੂ ਸਾਹਿਬ ਨੇ ਸਾਰੀ ਬਾਣੀ ਨੂੰ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਿਤ ਕਰਵਾਇਆ ਜਿਸ ਨੂੰ ਸਿੱਖ ਸੰਗਤਾਂ ਆਦਿ ਗ੍ਰੰਥ ਜਾਂ ਪੋਥੀ ਸਾਹਿਬ ਵੀ ਆਖਦੀਆਂ ਨੇ। ਇਸ ਕਾਰਜ ਵਿੱਚ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਨੇ ਨਿਭਾਈ। ਸੰਨ 1604 ਈਸਵੀ ਵਿੱਚ ਇਹ ਪਾਵਨ ਕਾਰਜ ਸੰਪੂਰਨ ਹੋਇਆ ਉਪਰੰਤ ਗੁਰੂ ਸਾਹਿਬ ਨੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਪਾਸੋਂ ਕਰਵਾਇਆ। ਸਿੱਖ ਇਤਿਹਾਸ ਵਿੱਚ ਇਸ ਦਿਹਾੜੇ ਨੂੰ ਪਹਿਲੇ ਪ੍ਰਕਾਸ਼ ਪੁਰਬ ਦੇ ਰੂਪ ਵਿੱਚ ਜਾਣਿਆ ਜਾਂਦਾ ਏ। ਬਾਬਾ ਬੁੱਢਾ ਜੀ ਗੁਰੂ ਆਗਿਆ ਅਨੁਸਾਰ ਹੁਕਮਨਾਮਾ ਲਿਆ। ਹੁਕਮਨਾਮਾ ਆਇਆ:

ਸੂਹੀ ਮਹਲਾ ੫ ॥

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥

- Advertisement -

ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥

ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ ॥

ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ॥

ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥੧॥  (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 783)

ਉਦੋਂ ਤੋਂ ਹੀ ਹੁਕਮਨਾਮਾ ਲੈਣ ਦੀ ਵੀ ਪ੍ਰਰੰਪਰਾ ਸ਼ੁਰੂ ਹੋਈ। ਸਿੱਖ ਮਾਨਤਾ ਅਨੁਸਾਰ ਪੰਜਵੇਂ ਪਾਤਸ਼ਾਹ ਨੇ ਗ੍ਰੰਥ ਸਾਹਿਬ ਦੇ ਅਦਬ ਵਜੋਂ ਕਦੀ ਬਰਾਬਰ ਆਸਣ ਨਹੀਂ ਲਾਇਆ ਜੋ  ਬਾਣੀ ਦੀ ਉੱਚਤਾ ਤੇ ਮਹਾਨਤਾ ਨੂੰ ਵੀ ਦਰਸਾਉਂਦਾ ਹੈ।

ਸੰਨ 1706 ਈਸਵੀ ਵਿੱਚ ਚਮਕੌਰ ਸਾਹਿਬ ਤੇ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ ‘ਤੇ ਰੁੱਕੇ ਹੋਏ ਸਨ ਉਦੋਂ ਦਸਵੇਂ ਪਾਤਸ਼ਾਹ ਨੇ ਆਤਮਿਕ ਸ਼ਕਤੀ ਨਾਲ ਬਾਣੀ ਉਚਾਰਨ ਕਰਕੇ ਗ੍ਰੰਥ ਸਾਹਿਬ ਨੂੰ ਮੁੜ ਲਿਖਵਾਇਆ। ਗ੍ਰੰਥ ਸਾਹਿਬ ਵਿੱਚ ਨੌਵੇਂ ਮਹਲੇ ਦੀ ਬਾਣੀ ਨੂੰ ਵੀ ਦਰਜ ਕੀਤਾ ਗਿਆ। ਉਸ ਸਮੇਂ ਸ਼ਹੀਦ ਭਾਈ ਮਨੀ ਸਿੰਘ ਨੇ ਲਿਖਾਰੀ ਵਜੋਂ ਸੇਵਾ ਨਿਭਾਈ। ਇਸ ਦਿਨ ਨੂੰ ਹੀ ਸਿੱਖ ਸੰਪੂਰਨਤਾ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ। ਇਸ ਸੰਪੂਰਨ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਛੇ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ, 11 ਭੱਟਾਂ ਅਤੇ ਵੱਖ ਵੱਖ ਗੁਰਸਿੱਖਾਂ ਦੀ ਬਾਣੀ ਨੂੰ 31 ਰਾਗਾਂ ਦੇ ਅੰਤਰਗਤ ਦਰਜ ਕੀਤਾ ਗਿਆ। ਇਸੇ ਸਰੂਪ ਨੂੰ  ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਨੰਦੇੜ ਦੀ ਧਰਤੀ ‘ਤੇ ਮੱਥਾ ਟੇਕ ਕੇ 1708 ਈਸਵੀ ਵਿੱਚ ਗੁਰਗੱਦੀ ਪ੍ਰਦਾਨ ਕੀਤੀ ਅਤੇ ਸਦਾ ਲਈ ਸਿੱਖਾਂ ਨੂੰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ।

ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। (ਪੰਥ ਪ੍ਰਕਾਸ਼)

ਚਵਰ ਤਖ਼ਤ ਦੇ ਮਾਲਿਕ ਸਰਬ ਕਲਾ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਮਨੁੱਖੀ ਜੀਵਨ ਨੂੰ ਸਫਲ ਕਰਨ ਵਾਲੇ ਮਹਾਨ ਗੁਰੂ ਹਨ। ਦੁਨੀਆਂ ‘ਚ ਹੋਰ ਵੀ ਪਾਵਨ ਗ੍ਰੰਥ ਮੌਜੂਦ ਨੇ ਪਰ ਸ੍ਰੀ ਗੂਰੂ ਗ੍ਰੰਥ ਸਾਹਿਬ ਇੱਕ ਅਜਿਹੇ ਪਾਵਨ ਗ੍ਰੰਥ ਹਨ ਜਿਨ੍ਹਾਂ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਪ੍ਰਕਾਸ਼ ਤੇ ਸੁੱਖਆਸਨ ਬੜੇ ਅਦਬ ਤੇ ਸਤਿਕਾਰ ਨਾਲ ਕੀਤਾ ਜਾਂਦਾ ਹੈ ਤੇ ਲੱਖਾਂ ਸੰਗਤ ਹਰ ਰੋਜ਼ ਗੁਰੂ ਜੀ ਨੂੰ ਨਤਮਸਤਕ ਹੁੰਦੀਆਂ ਹਨ। ਸੋ ਅਸੀਂ ਆਪ ਸਭ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ।

*gudevsinghdr@gmail.com

Share this Article
Leave a comment