ਜਗਤਾਰ ਸਿੰਘ ਹਵਾਰਾ ਨੇ 3 ਦਿਨ ਦੀ ਕਸਟਡੀ ਪੈਰੋਲ ਤੋਂ ਕੀਤਾ ਇਨਕਾਰ

Global Team
2 Min Read

ਚੰਡੀਗੜ੍ਹ” ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਜਗਤਾਰ ਸਿੰਘ ਹਵਾਰਾ ਨੇ ਕਸਟਡੀ ਪੈਰੋਲ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਹਵਾਰਾ ਨੂੰ ਗੰਭੀਰ ਤੌਰ ’ਤੇ ਬਿਮਾਰ ਆਪਣੀ ਮਾਂ ਨੂੰ ਮਿਲਣ ਲਈ ਪੁਲੀਸ ਸੁਰੱਖਿਆ ਹੇਠ ਤਿੰਨ ਦਿਨ ਦੀ ਕਸਟਡੀ ਪੈਰੋਲ ਮਨਜ਼ੂਰ ਹੋਈ ਸੀ।

ਹਾਲਾਂਕਿ, ਹਵਾਰਾ ਨੇ ਸੁਰੱਖਿਆ ਘੇਰੇ ਵਿੱਚ ਆਪਣੀ ਮਾਂ ਨੂੰ ਮਿਲਣ ਜਾਣ ਤੋਂ ਇਨਕਾਰ ਕਰਦਿਆਂ ਆਮ ਪੈਰੋਲ ਦੇਣ ਦੀ ਮੰਗ ਕੀਤੀ ਹੈ। ਹੁਣ ਉਸ ਦੀ ਇਸ ਮੰਗ ’ਤੇ ਜੇਲ੍ਹ ਦੇ ਉੱਚ ਅਧਿਕਾਰੀਆਂ ਵੱਲੋਂ ਅੰਤਿਮ ਫੈਸਲਾ ਲਿਆ ਜਾਣਾ ਹੈ।

ਦਿੱਲੀ ਜੇਲ੍ਹ ਹੈੱਡਕੁਆਰਟਰ ਦੇ ਸੀਨੀਅਰ ਅਧਿਕਾਰੀ ਮੁਤਾਬਕ ਅਦਾਲਤ ਦੇ ਨਿਰਦੇਸ਼ਾਂ ਅਤੇ ਸੁਰੱਖਿਆ ਸਮੀਖਿਆ ਦੇ ਆਧਾਰ ’ਤੇ ਹਵਾਰਾ ਨੂੰ ਤਿੰਨ ਦਿਨ ਦੀ ਕਸਟਡੀ ਪੈਰੋਲ ਦਿੱਤੀ ਗਈ ਸੀ।

ਹਵਾਰਾ ਨੂੰ ਹਾਈ-ਰਿਸਕ ਕੈਦੀ ਮੰਨੇ ਜਾਣ ਕਾਰਨ ਪੈਰੋਲ ਦੌਰਾਨ ਉਸ ਦੇ ਨਾਲ ਹਥਿਆਰਬੰਦ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਲਾਜ਼ਮੀ ਸੀ। ਪਰ ਹਵਾਰਾ ਨੇ ਪੁਲੀਸ ਸੁਰੱਖਿਆ ਵਿੱਚ ਮਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਵੱਲੋਂ ਮੰਗੀ ਗਈ ਆਮ ਪੈਰੋਲ ’ਤੇ ਵਿਚਾਰ ਕੀਤਾ ਜਾ ਰਿਹਾ ਹੈ।

CM ਮਾਨ ਨੇ ਮੰਗੀ ਸੀ 10 ਦਿਨ ਦੀ ਪੈਰੋਲ

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਹਵਾਰਾ ਨੂੰ 10 ਦਿਨ ਦੀ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਸੀ। ਇਹ ਮੰਗ ਮਨੁੱਖੀ ਆਧਾਰ ’ਤੇ ਕੀਤੀ ਗਈ ਸੀ।

ਦੱਸਿਆ ਗਿਆ ਸੀ ਕਿ ਹਵਾਰਾ ਦੀ 80 ਸਾਲ ਤੋਂ ਵੱਧ ਉਮਰ ਦੀ ਮਾਂ ਗੰਭੀਰ ਰੂਪ ਵਿੱਚ ਬਿਮਾਰ ਹੈ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਮੁੱਖ ਮੰਤਰੀ ਨੇ ਰਾਜਪਾਲ ਨੂੰ ਭਰੋਸਾ ਦਿੱਤਾ ਸੀ ਕਿ ਪੈਰੋਲ ਮਿਲਣ ਦੀ ਸਥਿਤੀ ਵਿੱਚ ਪੰਜਾਬ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment