ਪੰਜਾਬ ਪੁਲਿਸ ਵੱਲੋਂ ਹਿਮਾਚਲ ਦੀ ਗੈਰ-ਕਾਨੂੰਨੀ ਫਾਰਮਾ ਫੈਕਟਰੀ ਵਿੱਚ ਛਾਪੇਮਾਰੀ, 30 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਮਾਲਕ ਗ੍ਰਿਫ਼ਤਾਰ

TeamGlobalPunjab
3 Min Read

 

 15 ਕਰੋੜ ਰੁਪਏ ਦੀਆਂ ਨਸ਼ੇ ਦੀਆਂ ਗੋਲੀਆਂ ਬਰਾਮਦ: ਡੀਜੀਪੀ ਪੰਜਾਬ

ਚੰਡੀਗੜ੍ਹ : ਪੰਜਾਬ ਪੁਲਿਸ ਨੇ ਕੱਲ੍ਹ ਦੇਰ ਸ਼ਾਮ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਵਿਖੇ ਇਕ ਗੈਰ-ਕਾਨੂੰਨੀ ਸਟੋਰੇਜ਼ ਫੈਕਟਰੀ “ਯੂਨਿਕ ਫਾਰਮੂਲੇਸ਼ਨ” ਵਿਖੇ ਛਾਪੇਮਾਰੀ ਦੌਰਾਨ ਟ੍ਰਾਮਾਡੋਲ ਅਤੇ ਐਲਪ੍ਰੈਕਸ ਸਮੇਤ 30 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਜ਼ਬਤ ਕੀਤੇ।

ਪੁਲਿਸ ਨੇ ਫੈਕਟਰੀ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਿਸਦੀ ਪਛਾਣ ਮੁਨੀਸ਼ ਮੋਹਨ ਵਜੋਂ ਹੋਈ ਹੈ ਜੋ ਕਿ ਪਾਉਂਟਾ ਸਾਹਿਬ, ਸਿਰਮੌਰ ਦੇ ਦੇਵੀ ਨਗਰ ਦਾ ਨਿਵਾਸੀ ਹੈ।

- Advertisement -

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਧਰੁਵ ਦਹੀਆ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਸਥਿਤ ਇਕ ਫੈਕਟਰੀ ਵਿੱਚ ਗੈਰਕਾਨੂੰਨੀ ਢੰਗ ਨਾਲ ਦਵਾਈਆਂ ਬਣਾਉਣ ਅਤੇ ਸਪਲਾਈ ਕਰਨ ਸਬੰਧੀ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।

ਉਨ੍ਹਾਂ ਦੱਸਿਆ ਕਿ 18 ਮਈ, 2021 ਨੂੰ ਤਿੰਨ ਵਿਅਕਤੀਆਂ ਕੋਲੋਂ 50,000 ਟ੍ਰਾਮਾਡੋਲ ਗੋਲੀਆਂ ਬਰਾਮਦ ਕਰਨ ਦੀ ਜਾਂਚ ਦੇ ਹਿੱਸੇ ਵਜੋਂ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਮੱਤੇਵਾਲ ਲਵਪ੍ਰੀਤ ਸਿੰਘ ਅਤੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਨੇ ਸਥਾਨਕ ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਸਿਰਮੌਰ ਦੇ ਸਥਾਨਕ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿਚ ਫੈਕਟਰੀ ਵਿਖੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਦੋ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਅਤੇ ਅਮਰਪਾਲ ਮੱਲੀ ਵੀ ਛਾਪੇਮਾਰੀ ਕਰਨ ਵਾਲੀ ਟੀਮ ਦੇ ਨਾਲ ਸਨ।

ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਿੱਚ ਚਲਾਈ ਜਾ ਰਹੀ ਗੈਰ-ਕਾਨੂੰਨੀ ਫੈਕਟਰੀ ਵਿੱਚੋਂ 12.45 ਲੱਖ ਟ੍ਰਾਮਾਡੋਲ ਕੈਪਸੂਲ, 7.72 ਲੱਖ ਟ੍ਰਾਮਾਡੋਲ ਗੋਲੀਆਂ, 9.99 ਲੱਖ ਐਲਪ੍ਰੈਕਸ (ਅਲਪ੍ਰਾਜ਼ੋਲਮ) ਗੋਲੀਆਂ ਬਰਾਮਦ ਕੀਤੀਆਂ ਹਨ, ਜਿਹਨਾਂ ਦੀ ਕੀਮਤ ਤਕਰੀਬਨ 15 ਕਰੋੜ ਰੁਪਏ ਹੈ।

 

- Advertisement -

 

ਉਨ੍ਹਾਂ ਕਿਹਾ ਕਿ ਫੈਕਟਰੀ ਨੂੰ ਸੀਲ ਕੀਤਾ ਜਾ ਰਿਹਾ ਹੈ ਅਤੇ ਫੜੇ ਗਏ ਅਪਰਾਧੀ ਨੂੰ ਕਾਨੂੰਨੀ ਰਸਮੀ ਕਾਰਵਾਈ ਉਪਰੰਤ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਏਐਸਪੀ ਮਜੀਠਾ ਅਭਿਮਨਿਯੂ ਰਾਣਾ ਅਤੇ ਡੀਐਸਪੀ (ਡਿਟੈਕਟਿਵ) ਗੁਰਿੰਦਰ ਨਾਗਰਾ ਨੇ ਅਹਿਮ ਭੂਮਿਕਾ ਨਿਭਾਈ।

ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਜ਼ਿਕਰਯੋਗ ਹੈ ਕਿ ਐਫ਼ਆਈਆਰ ਨੰ. 51/2021 ਐਨਡੀਪੀਐਸ ਐਕਟ ਦੀ ਧਾਰਾ 22, 29, 61, 85 ਤਹਿਤ ਇਸ ਸਬੰਧੀ ਕੇਸ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਦੇ ਮੱਤੇਵਾਲ ਪੁਲਿਸ ਸਟੇਸ਼ਨ ਵਿਚ ਦਰਜ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਤੋਂ ਪਹਿਲਾਂ 2020 ਵਿਚ, ਪੰਜਾਬ ਪੁਲਿਸ ਨੇ ਨਰੇਲਾ (ਦਿੱਲੀ) ਦੇ ਨਿਊਟੈਕ ਫਾਰਮਾ ਗੋਦਾਮ ਤੋਂ ਟ੍ਰਾਮਾਡੋਲ ਅਤੇ ਕਲੋਵਿਡੋਲ ਸਮੇਤ 2.8 ਕਰੋੜ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਜ਼ਬਤ ਕਰਨ ਉਪਰੰਤ ਫਾਰਮਾਂ ਵੱਲੋਂ ਕੀਤੇ ਜਾ ਰਹੇ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫ਼ਾਸ਼ ਕੀਤਾ ਸੀ ਅਤੇ ਪੁਲਿਸ ਨੇ ਕ੍ਰਿਸ਼ਨ ਅਰੋੜਾ ਅਤੇ ਉਸ ਦੇ ਬੇਟੇ ਗੌਰਵ ਅਰੋੜਾ ਸਮੇਤ ਦਿੱਲੀ ਤੋਂ ਗੋਦਾਮ ਦੇ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

Share this Article
Leave a comment