ਚੰਡੀਗੜ੍ਹ: ਖਨੌਰੀ ਬਾਰਡਰ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਤੋਂ ਪਹਿਲਾਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਕਿਸਾਨੀ ਮੰਗਾਂ ਦੇ ਸੰਬੰਧ ਦੇ ਵਿੱਚ ਅੱਜ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਸ਼ੁਰੂ ਕਰਨਾ ਸੀ। ਕਿਸਾਨ ਆਗੂਆਂ ਵੱਲੋਂ ਖਨੌਰੀ ਬਾਰਡਰ ਉਤੇ ਇੱਕ ਵੱਡਾ ਇਕੱਠ ਕਰਕੇ ਅੱਜ ਅਗਲੀ ਰਣਨੀਤੀ ਸਬੰਧੀ ਵੱਡੇ ਐਲਾਨ ਕੀਤੇ ਜਾ ਸਕਦੇ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੱਤੀ ਕਿ ਡੱਲੇਵਾਲ ਨੂੰ ਸੋਮਵਾਰ ਰਾਤ ਕਰੀਬ ਢਾਈ ਵਜੇ ਖਨੌਰੀ ਸਰਹੱਦ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਕਿੱਥੇ ਲਿਜਾਇਆ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਡੱਲੇਵਾਲ ਨੂੰ ਚੁੱਕਣ ਵਾਲੇ ਪੁਲਿਸ ਵਾਲੇ ਕਈ ਹਿੰਦੀ ਬੋਲ ਰਹੇ ਸਨ।
ਜ਼ਿਲ੍ਹਾ ਬਠਿੰਡਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਦੱਸਿਆ ਕਿ ਰਾਤ ਨੂੰ ਉਹ 12 ਵਜੇ ਮੀਟਿੰਗ ਕਰਕੇ ਸੁੱਤੇ ਸਨ ਕਿਉਂਕਿ ਡੱਲੇਵਾਲ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਣਾ ਸੀ ਅਤੇ ਸਵੇਰੇ ਕਰੀਬ ਪੌਣੇ ਤਿੰਨ ਵਜੇ ਵੱਡੀ ਗਿਣਤੀ ਵਿੱਚ ਆਈ ਪੁਲਿਸ ਵੱਲੋਂ ਟਰਾਲੀਆਂ ਵਿੱਚ ਸੁੱਤੇ ਪਏ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਬਾਹਰੋਂ ਕੁੰਡੇ ਲਗਾ ਦਿੱਤੇ ਗਏ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਅਣਪਛਾਤੀ ਥਾਂ ਉੱਤੇ ਲੈ ਕੇ ਚਲੇ ਗਏ ਹਨ।