ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਓਡੀਸ਼ਾ ‘ਚ ਭਗਵਾਨ ਜਗਨਨਾਥ ਦੀ ਰਥ ਯਾਤਰਾ ਨੂੰ ਸੋਮਵਾਰ ਨੂੰ ਸਿਹਤ ਨਾਲ ਸਮਝੌਤਾ ਕੀਤੇ ਬਿਨਾਂ ਮੰਦਰ ਕਮੇਟੀ, ਰਾਜ ਅਤੇ ਕੇਂਦਰ ਸਰਕਾਰ ਦੇ ਤਾਲਮੇਲ ਨਾਲ ਆਯੋਜਿਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਰਥ ਯਾਤਰਾ ਮੰਗਲਵਾਰ ਯਾਨੀ ਅੱਜ ਨਿਕਲੇਗੀ। ਸੁਪਰੀਮ ਕੋਰਟ ਦੇ ਮੁੱਖ ਜੱਜ ਐੱਸ.ਏ. ਬੋਬਡੇ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਦਿਨੇਸ਼ ਮਹੇਸ਼ਵਰੀ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਓਡੀਸ਼ਾ ਸਰਕਾਰ ਮਿਲੇ ਕੇ ਰਥ ਯਾਤਰਾ ਕੱਢਣਗੇ ਅਤੇ ਲੋੜੀਂਦੇ ਸੁਰੱਖਿਆ ਦੇ ਉਪਾਅ ਕਰਨਗੇ।
ਜੱਜ ਐੱਸ.ਏ. ਬੋਬਡੇ ਨੇ ਕਿਹਾ ਕਿ ਓਡੀਸ਼ਾ ਸਰਕਾਰ ਜਨਤਕ ਸਿਹਤ ਅਤੇ ਸੁਰੱਖਿਆ ਨੂੰ ਖਤਰੇ ‘ਚ ਦੇਖ ਕੇ ਸ਼ਰਧਾਲੂਆਂ ਨੂੰ ਰੋਕਣ ਲਈ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਨਹੀਂ ਕਹਿ ਰਹੇ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ ਪਰ ਅਸੀਂ ਕੁਝ ਸ਼ਰਤਾਂ ਦੇ ਨਾਲ ਰਥ ਯਾਤਰਾ ਦੀ ਇਜਾਜ਼ਤ ਦੇ ਰਹੇ ਹਾਂ।
ਹਾਲਾਂਕਿ, ਅਦਾਲਤ ਨੇ ਓਡੀਸ਼ਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਰਥ ਯਾਤਰਾ ਦੌਰਾਨ ਪੁਰੀ ‘ਚ ਕਰਫਿਊ ਲਗਾਇਆ ਜਾਵੇ। ਇੱਕ ਰਥ ਨੂੰ 500 ਤੋਂ ਵੱਧ ਲੋਕ ਨਾ ਖਿੱਚਣ ਅਤੇ ਇਸ ਦੌਰਾਨ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੀ ਜਾਵੇ। ਰਥ ਯਾਤਰਾ ਦੀ ਆਗਿਆ ਦਿੰਦਿਆਂ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਯਾਤਰਾ ਵਿਚ ਸ਼ਾਮਲ ਸਾਰੇ ਲੋਕਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇ। ਨਾਲ ਹੀ ਜੇਕਰ ਸਥਿਤੀ ਬੇਕਾਬੂ ਹੁੰਦੀ ਲੱਗੇ ਤਾਂ ਓਡੀਸ਼ਾ ਸਰਕਾਰ ਇਸ ਯਾਤਰਾ ਨੂੰ ਰੋਕ ਸਕਦੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਪੁਰੀ ਤੋਂ ਇਲਾਵਾ ਓਡੀਸ਼ਾ ‘ਚ ਕਿਤੇ ਵੀ ਰਥ ਯਾਤਰਾ ਨਹੀਂ ਕੱਢੀ ਜਾਵੇਗੀ।
ਕੇਂਦਰ ਸਰਕਾਰ ਨੇ ਯਾਤਰਾ ਦੇ ਪ੍ਰਬੰਧ ‘ਤੇ ਰੋਕ ਲਗਾਉਣ ਵਾਲੇ ਸੁਪਰੀਮ ਕੋਰਟ ਦੇ 18 ਜੂਨ ਦੇ ਫੈਸਲੇ ‘ਚ ਸੁਧਾਰ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਦੀਆਂ ਦੀ ਪਰੰਪਰਾ ਨੂੰ ਰੋਕਿਆ ਨਹੀਂ ਜਾ ਸਕਦਾ। ਜੱਜ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਸਾਹਮਣੇ ਮਾਮਲੇ ਬਾਰੇ ਚਰਚਾ ਕਰਦੇ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਕਰੋੜਾਂ ਲੋਕਾਂ ਦੀ ਸ਼ਰਧਾ ਦਾ ਮਾਮਲਾ ਹੈ। ਸਾਲਿਸਿਟਰ ਜਨਰਲ ਮਹਿਤਾ ਨੇ ਕਿਹਾ ਕਿ ਸੂਬਾ ਸਰਕਾਰ ਇੱਕ ਦਿਨ ਲਈ ਕਰਫਿਊ ਲਗਾ ਸਕਦੀ ਹੈ। ਓਡੀਸ਼ਾ ਸਰਕਾਰ ਨੇ ਵੀ ਸੁਪਰੀਮ ਕੋਰਟ ‘ਚ ਕੇਂਦਰ ਦੇ ਸੁਝਾਅ ਦਾ ਸਮਰਥਨ ਕੀਤਾ ਹੈ।