ਅਮਰੀਕਾ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਵਾਪਸ ਦਿੱਲੀ ਉਤਾਰਿਆ ਗਿਆ

TeamGlobalPunjab
2 Min Read

ਨਵੀਂ ਦਿੱਲੀ : ਏਅਰ ਇੰਡੀਆ ਦੀ ਇੱਕ ਅੰਤਰਰਾਸ਼ਟਰੀ ਉਡਾਣ ਨੂੰ ਅਸਮਾਨ ‘ਚ ਪੁੱਜਣ ਦੇ ਅੱਧੇ ਘੰਟੇ ਬਾਅਦ ਹੀ ਵਾਪਿਸ ਦਿੱਲੀ ਹਵਾਈ ਅੱਡੇ ਪਰਤਣਾ ਪਿਆ । ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ, ਕਾਰਨ ਸੀ ਇੱਕ ਚਮਗਾਦੜ।

ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ (ਆਈਜੀਆਈ) ’ਤੇ ਇਕ ਅਜੀਬ ਵਾਕਿਆ ਪੇਸ਼ ਆਇਆ। ਵੀਰਵਾਰ- ਸ਼ੁੱਕਰਵਾਰ  ਦੀ ਰਾਤ ਨੂੰ ਏਅਰ ਇੰਡੀਆ ਦਾ ਇੱਕ ਜਹਾਜ਼ ਆਪਣੀ ਉਡਾਣ ਭਰ ਚੁੱਕਾ ਸੀ ਕਿ ਉਦੋਂ ਹੀ ਜਹਾਜ਼ ਅੰਦਰ ਇੱਕ ਚਮਗਾਦੜ ਨਜ਼ਰ ਆਇਆ। ਜਹਾਜ਼ ਵਿਚ ਚਮਗਾਦੜ ਦਾ ਪਤਾ ਲੱਗਣ ਤੋਂ ਬਾਅਦ ਜਹਾਜ਼ ਨੂੰ ਅੱਧੇ ਘੰਟੇ ਬਾਅਦ ਵਾਪਸ ਆਈਜੀਆਈ ਏਅਰਪੋਰਟ ਦਿੱਲੀ ਵਿਖੇ ਲੈਂਡ ਕਰਨਾ ਪਿਆ।

ਏਅਰ ਇੰਡੀਆ ਦੇ ਜਹਾਜ਼ ਨੇ ਸਵੇਰੇ 2.20 ਵਜੇ ਅਮਰੀਕਾ ਦੇ ਨੇਵਾਰਕ ਲਈ ਉਡਾਣ ਭਰੀ ਸੀ। ਜਹਾਜ਼ ਨੂੰ ਉੱਡੇ ਕਰੀਬ 30 ਮਿੰਟ ਹੋ ਚੁੱਕੇ ਸਨ, ਇਸ ਤੋਂ ਬਾਅਦ ਕਰੂ ਮੈਂਬਰਾਂ ਨੂੰ ਭਾਜੜਾਂ ਪੈ ਗਈਆਂ ਜਦੋਂ ਉਨ੍ਹਾਂ ਨੂੰ ਜਹਾਜ਼ ਦੇ ਅੰਦਰ ਇੱਕ ਚਮਗਾਦੜ ਨਜ਼ਰ ਆਇਆ। ਕਰੂ ਮੈਂਬਰਾਂ ਨੇ ਇਸ ਬਾਰੇ ਜਹਾਜ਼ ਦੇ ਪਾਇਲਟ ਨੂੰ ਦੱਸਿਆ । ਪਾਇਲਟ ਨੇ ਤੁਰੰਤ ਜਹਾਜ਼ ਨੂੰ ਵਾਪਸ ਦਿੱਲੀ ਲਿਜਾਣ ਦਾ ਫੈਸਲਾ ਕੀਤਾ। ਅਪਾਤਕਾਲੀਨ ਸਥਿਤੀ ਦਾ ਹਵਾਲਾ ਦਿੰਦੇ ਹੋਏ ਜਹਾਜ਼ ਨੂੰ ਤੜਕੇ ਕਰੀਬ 3.55 ਵਜੇ ਸੁਰੱਖਿਅਤ ਰੂਪ ਵਿਚ ਲੈਂਡ ਕਰਵਾ ਲਿਆ ਗਿਆ।

- Advertisement -

 

ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ AI-105 DEL-EWR ਜਹਾਜ਼ ਲਈ ਲੋਕਲ ਸਟੈਂਡਬਾਇ ਐਮਰਜੈਂਸੀ ਐਲਾਨੀ ਗਈ ਸੀ ਅਤੇ ਜਹਾਜ਼ ਨੂੰ ਵਾਪਸ ਉਤਾਰਿਆ ਗਿਆ। ਵਾਪਸੀ ’ਤੇ ਪਤਾ ਲੱਗਾ ਕਿ ਕੈਬਿਨ ਵਿੱਚ ਕਰੂ ਮੈਂਬਰਜ਼ ਨੇ ਚਮਗਾਦੜ ਦੇਖਿਆ। ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਨੂੰ ਇਸ ਚਮਗਾਦੜ ਨੂੰ ਕੱਢਣ ਲਈ ਸੱਦਿਆ ਗਿਆ। ਬਾਅਦ ਵਿੱਚ ਉਹ ਚਮਗਾਦੜ ਜਹਾਜ਼ ਦੇ ਬਿਜ਼ਨਸ ਕਲਾਸ ਵਿਚ ਮਰਿਆ ਹੋਇਆ ਮਿਲਿਆ। ਇਸ ਤੋਂ ਬਾਅਦ ਵੀ ਪੂਰੇ ਜਹਾਜ਼ ‘ਚ ਜਾਂਚ ਪੜਤਾਲ ਜਾਰੀ ਰਹੀ। ਉਧਰ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

 

ਯਾਤਰੀਆਂ ਨੂੰ ਇਕ ਹੋਰ ਜਹਾਜ਼ ਵਿਚ ਤਬਦੀਲ ਕਰ ਦਿੱਤਾ ਗਿਆ ਅਤੇ ਏਅਰ ਇੰਡੀਆ ਦੀ ਉਡਾਣ ਏਆਈ-158 ਨੇਵਾਰਕ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 11: 35 ਵਜੇ ਲੈਂਡ ਹੋਈ ।

- Advertisement -

 

 

Share this Article
Leave a comment